National

ਪਟਿਆਲਾ ਹਾਊਸ ਵਿੱਚ ਤਹੱਵੁਰ ਰਾਣਾ ਖ਼ਿਲਾਫ਼ ਸੁਣਵਾਈ ਸ਼ੁਰੂ

ਨਵੀਂ ਦਿੱਲੀ-ਮੁੰਬਈ ਦੇ 26/11 ਦਹਿਸ਼ਤੀ ਹਮਲਿਆਂ ਦੇ ਮੁੱਖ ਸਾਜ਼ਿਸ਼ਘਾੜਿਆਂ ’ਚੋਂ ਇਕ ਤਹੱਵੁਰ ਹੁਸੈਨ ਰਾਣਾ (64) ਨੂੰ ਅੱਜ ਅਮਰੀਕਾ ਤੋਂ ਭਾਰਤ ਲਿਆਉਣ ਮਗਰੋਂ ਦੇਰ ਰਾਤ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਐੱਨਆਈਏ ਦੀ ਵਿਸ਼ੇਸ਼ ਅਦਾਲਤ ’ਚ ਜੱਜ ਚੰਦਰਜੀਤ ਸਿੰਘ ਸਾਹਮਣੇ ਪੇਸ਼ ਕੀਤਾ ਗਿਆ। ਐੱਨਆਈਏ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਦਯਾਨ ਕ੍ਰਿਸ਼ਨਨ ਅਤੇ ਵਿਸ਼ੇਸ਼ ਸਰਕਾਰੀ ਵਕੀਲ ਨਰਿੰਦਰ ਮਾਨ ਨੇ ਰਾਣਾ ਦੀ 20 ਦਿਨ ਦੀ ਹਿਰਾਸਤ ਮੰਗੀ ਸੀ। ਬਹਿਸ ਮੁਕੰਮਲ ਹੋਣ ਤੋਂ ਬਾਅਦ ਅਦਾਲਤ ਨੇ ਰਾਣਾ ਦੀ ਹਿਰਾਸਤ ਸਬੰਧੀ ਫੈਸਲਾ ਰਾਖਵਾਂ ਰੱਖ ਲਿਆ ਹੈ। ਐਡਵੋਕੇਟ ਪਿਯੂਸ਼ ਸਚਦੇਵਾ ਤਹੁੱਵਰ ਰਾਣਾ ਵੱਲੋਂ ਅਦਾਲਤ ’ਚ ਪੇਸ਼ ਹੋਏ। ਰਾਣਾ ਨੂੰ ਪਟਿਆਲਾ ਹਾਊਸ ਕੋਰਟ ’ਚ ਪੇਸ਼ ਕਰਨ ਤੋਂ ਪਹਿਲਾਂ ਸਾਰੇ ਮੀਡੀਆ ਕਰਮੀਆਂ ਨੂੰ ਉਥੋਂ ਹਟਾ ਦਿੱਤਾ ਗਿਆ ਸੀ।

ਇਸ ਤੋਂ ਪਹਿਲਾਂ ਪਾਕਿਸਤਾਨੀ ਮੂਲ ਦੇ ਕੈਨੇਡੀਅਨ ਨਾਗਰਿਕ ਨੂੰ ਲੈ ਕੇ ਲਾਸ ਏਂਜਲਸ ਤੋਂ ਉੱਡਿਆ ਇਕ ਵਿਸ਼ੇਸ਼ ਜਹਾਜ਼ ਅੱਜ ਸ਼ਾਮ ਦਿੱਲੀ ਦੇ ਹਵਾਈ ਅੱਡੇ ’ਤੇ ਉਤਰਿਆ ਜਿਸ ਨਾਲ ਰਾਣਾ ਦੀ ਹਵਾਲਗੀ ਸਬੰਧੀ ਚੱਲ ਰਹੀ ਚਰਚਾ ’ਤੇ ਵਿਰਾਮ ਲੱਗ ਗਿਆ। ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਰਾਣਾ ਨੂੰ ਹਵਾਈ ਅੱਡੇ ’ਤੇ ਰਸਮੀ ਤੌਰ ’ਤੇ ਗ੍ਰਿਫ਼ਤਾਰ ਕਰ ਲਿਆ। ਰਾਣਾ ਨੂੰ ਐੱਨਆਈਏ ਅਤੇ ਕੌਮੀ ਸੁਰੱਖਿਆ ਗਾਰਡ (ਐੱਨਐੱਸਜੀ) ਦੀਆਂ ਟੀਮਾਂ ਦਿੱਲੀ ਲੈ ਕੇ ਆਈਆਂ ਹਨ। ਉਸ ਨੂੰ ਦਿੱਲੀ ਦੀ ਤਿਹਾੜ ਜੇਲ੍ਹ ਦੀ ਉੱਚ ਸੁਰੱਖਿਆ ਵਾਲੀ ਕੋਠੜੀ ਵਿਚ ਰੱਖੇ ਜਾਣ ਦੀ ਸੰਭਾਵਨਾ ਹੈ। ਰਾਣਾ ਤੀਜਾ ਵਿਅਕਤੀ ਹੈ ਜਿਸ ਖ਼ਿਲਾਫ਼ ਭਾਰਤ ’ਚ ਕੇਸ ਚੱਲੇਗਾ। ਇਸ ਤੋਂ ਪਹਿਲਾਂ ਅਜਮਲ ਕਸਾਬ ਅਤੇ ਜ਼ੈਬੀਉਦਦੀਨ ਅਨਸਾਰੀ ਉਰਫ਼ ਅਬੂ ਜੰਦਾਲ ਖ਼ਿਲਾਫ਼ ਮੁਕੱਦਮਾ ਚਲਿਆ ਸੀ। ਕਸਾਬ ਨੂੰ ਪੁਣੇ ਦੀ ਯੇਰਵੜਾ ਜੇਲ੍ਹ ’ਚ ਫਾਂਸੀ ਦਿੱਤੀ ਗਈ ਸੀ। ਐੱਨਆਈਏ ਨੇ ਇਕ ਬਿਆਨ ’ਚ ਕਿਹਾ ਕਿ 2008 ’ਚ 166 ਵਿਅਕਤੀਆਂ ਦੀ ਜਾਨ ਲੈਣ ਵਾਲੇ ਮੁੱਖ ਸਾਜ਼ਿਸ਼ਘਾੜੇ ਨੂੰ ਨਿਆਂ ਦੇ ਕਟਹਿਰੇ ’ਚ ਖੜ੍ਹਾ ਕਰਨ ਲਈ ਕਈ ਸਾਲਾਂ ਦੀਆਂ ਲਗਾਤਾਰ ਅਤੇ ਪੁਖ਼ਤਾ ਕੋਸ਼ਿਸ਼ਾਂ ਮਗਰੋਂ ਉਸ ਨੂੰ ਸਫ਼ਲਤਾਪੂਰਵਕ ਭਾਰਤ ਲਿਆਂਦਾ ਗਿਆ ਹੈ। ਬਿਆਨ ’ਚ ਕਿਹਾ ਗਿਆ, ‘‘ਐੱਨਆਈਏ ਨੇ ਅਮਰੀਕੀ ਨਿਆਂ ਵਿਭਾਗ, ਯੂਐੱਸ ਸਕਾਈ ਮਾਰਸ਼ਲ ਅਤੇ ਹੋਰ ਭਾਰਤੀ ਖ਼ੁਫ਼ੀਆ ਏਜੰਸੀਆਂ ਦੇ ਸਹਿਯੋਗ ਨਾਲ ਪੂਰੇ ਹਵਾਲਗੀ ਅਮਲ ਨੂੰ ਨੇਪਰੇ ਚਾੜ੍ਹਿਆ। ਇਸ ’ਚ ਵਿਦੇਸ਼ ਅਤੇ ਗ੍ਰਹਿ ਮੰਤਰਾਲਿਆਂ ਨੇ ਵੀ ਅਮਰੀਕਾ ’ਚ ਹੋਰ ਅਧਿਕਾਰੀਆਂ ਨਾਲ ਤਾਲਮੇਲ ਬਣਾ ਕੇ ਹਵਾਲਗੀ ਨੂੰ ਅੰਜਾਮ ਤੱਕ ਪਹੁੰਚਾਇਆ।’’ ਐੱਨਆਈਏ ਨੇ ਕਿਹਾ ਕਿ ਭਾਰਤ ਵੱਲੋਂ ਲੋੜੀਂਦੇ ਦਹਿਸ਼ਤੀ ਲਈ ਅਮਰੀਕੀ ਸਰਕਾਰ ਤੋਂ ਆਤਮ-ਸਮਰਪਣ ਵਾਰੰਟ ਹਾਸਲ ਕਰਨ ਮਗਰੋਂ ਦੋਵੇਂ ਮੁਲਕਾਂ ਵਿਚਕਾਰ ਹਵਾਲਗੀ ਦੀ ਕਾਰਵਾਈ ਸ਼ੁਰੂ ਹੋਈ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਫਰਵਰੀ ’ਚ ਅਮਰੀਕਾ ਦੇ ਦੌਰੇ ’ਤੇ ਗਏ ਸਨ ਤਾਂ ਰਾਣਾ ਦੀ ਹਵਾਲਗੀ ’ਤੇ ਆਖਰੀ ਮੋਹਰ ਲੱਗ ਗਈ ਸੀ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ 14 ਫਰਵਰੀ ਨੂੰ ਮੋਦੀ ਨਾਲ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਸੀ, ‘‘ਅਸੀਂ ਸਭ ਤੋਂ ਵੱਧ ਖ਼ਤਰਨਾਕ ਵਿਅਕਤੀ ਫੌਰੀ ਭਾਰਤ ਹਵਾਲੇ ਕਰ ਰਹੇ ਹਾਂ ਤਾਂ ਜੋ ਉਸ ਖ਼ਿਲਾਫ਼ ਭਾਰਤ ’ਚ ਮੁਕੱਦਮਾ ਚੱਲ ਸਕੇ।’’ ਪਾਕਿਸਤਾਨੀ ਮੂਲ ਦਾ ਕੈਨੇਡੀਅਨ ਨਾਗਰਿਕ ਤਹੱਵੁਰ ਰਾਣਾ 2008 ਮੁੰਬਈ ਦਹਿਸ਼ਤੀ ਹਮਲਿਆਂ ਦੇ ਮੁੱਖ ਸਾਜ਼ਿਸ਼ਘਾੜੇ ਤੇ ਅਮਰੀਕੀ ਨਾਗਰਿਕ ਡੇਵਿਡ ਕੋਲਮਨ ਹੈਡਲੀ ਉਰਫ਼ ਦਾਊਦ ਗਿਲਾਨੀ ਦਾ ਨੇੜਲਾ ਸਾਥੀ ਹੈ। ਅਮਰੀਕੀ ਸੁਪਰੀਮ ਕੋਰਟ ਵੱਲੋਂ ਲੰਘੇ ਦਿਨੀਂ ਰਾਣਾ ਦੀ ਭਾਰਤ ਨੂੰ ਆਪਣੀ ਸਪੁਰਦਗੀ ਖਿਲਾਫ਼ ਦਾਇਰ ਅਪੀਲ ਖਾਰਜ ਕੀਤੇ ਜਾਣ ਮਗਰੋਂ ਤਹੱਵੁਰ ਰਾਣਾ ਨੂੰ ਭਾਰਤ ਲਿਆਂਦੇ ਜਾਣ ਦਾ ਰਾਹ ਪੱਧਰਾ ਹੋ ਗਿਆ ਸੀ। ਚੇਤੇ ਰਹੇ ਕਿ 26 ਨਵੰਬਰ 2008 ਨੂੰ ਦਸ ਪਾਕਿਸਤਾਨੀ ਦਹਿਸ਼ਤਗਰਦਾਂ ਨੇ ਮੁੰਬਈ ਵਿਚ ਰੇਲਵੇ ਸਟੇਸ਼ਨ, ਦੋ ਲਗਜ਼ਰੀ ਹੋਟਲਾਂ ਤੇ ਯਹੂਦੀ ਸੈਂਟਰ ਨੂੰ ਨਿਸ਼ਾਨਾ ਬਣਾਇਆ ਸੀ। ਇਹ ਦਹਿਸ਼ਤਗਰਦ ਸਮੁੰਦਰੀ ਰਸਤੇ (ਅਰਬ ਸਾਰਗ) ਭਾਰਤ ਦੀ ਵਿੱਤੀ ਰਾਜਧਾਨੀ ’ਚ ਦਾਖ਼ਲ ਹੋਏ ਸਨ। ਇਨ੍ਹਾਂ ਹਮਲਿਆਂ ਦੌਰਾਨ 166 ਲੋਕ ਮਾਰੇ ਗਏ ਸਨ। ਰਾਣਾ ਨੇ 1990ਵਿਆਂ ’ਚ ਕੈਨੇਡਾ ਦੀ ਨਾਗਰਿਕਤਾ ਹਾਸਲ ਕਰਨ ਤੋਂ ਪਹਿਲਾਂ ਪਾਕਿਸਤਾਨ ਆਰਮੀ ਮੈਡੀਕਲ ਕੋਰ ’ਚ ਵੀ ਸੇਵਾਵਾਂ ਨਿਭਾਈਆਂ ਸਨ ਅਤੇ ਉਸ ਨੇ ਆਪਣੀ ਇਮੀਗਰੇਸ਼ਨ ਕੰਸਲਟੈਂਸੀ ਫਰਮ ਸ਼ੁਰੂ ਕੀਤੀ ਸੀ। ਬਾਅਦ ’ਚ ਉਹ ਅਮਰੀਕਾ ਚਲਾ ਗਿਆ ਸੀ ਅਤੇ ਉਸ ਨੇ ਸ਼ਿਕਾਗੋ ’ਚ ਦਫ਼ਤਰ ਬਣਾ ਲਿਆ ਸੀ। ਆਪਣੀ ਕੰਪਨੀ ਰਾਹੀਂ ਹੀ ਰਾਣਾ ਨੇ ਹੈਡਲੀ ਨੂੰ ਮੁੰਬਈ ’ਚ ਜਾਸੂਸੀ ਦੇ ਮਿਸ਼ਨ ਲਈ ਭੇਜਿਆ ਸੀ ਤਾਂ ਜੋ ਦਹਿਸ਼ਤਗਰਦ ਹਮਲਿਆਂ ਨੂੰ ਅੰਜਾਮ ਦੇ ਸਕਣ। ਅਧਿਕਾਰੀਆਂ ਨੇ ਕਿਹਾ ਕਿ ਰਾਣਾ ਦੀ ਹਵਾਲਗੀ ਨਾਲ ਜਾਂਚ ਏਜੰਸੀਆਂ ਨੂੰ 26/11 ਦੇ ਦਹਿਸ਼ਤੀ ਹਮਲਿਆਂ ਪਿੱਛੇ ਪਾਕਿਸਤਾਨ ਦੀ ਸ਼ਹਿ ਪ੍ਰਾਪਤ ਅਨਸਰਾਂ ਦੀ ਭੂਮਿਕਾ ਦਾ ਪਰਦਾਫ਼ਾਸ਼ ਕਰਨ ’ਚ ਸਹਾਇਤਾ ਮਿਲੇਗੀ।