Punjab

ਪੁਲੀਸ ਵੱਲੋਂ ਨਸ਼ਾ ਤਸਕਰਾਂ ਦੀਆਂ 4.33 ਕਰੋੜ ਦੀਆਂ ਜਾਇਦਾਦਾਂ ਕੁਰਕ

ਫ਼ਰੀਦਕੋਟ-ਇਥੋਂ ਦੀ ਪੁਲੀਸ ਨੇ ਨਸ਼ਾ ਤਸਕਰਾਂ ਦੀਆਂ 4 ਕਰੋੜ 33 ਲੱਖ ਰੁਪਏ ਦੀਆਂ ਜਾਇਦਾਦਾਂ ਕੁਰਕ ਕਰਨ ਦੇ ਨਾਲ ਅੱਜ ਇੱਥੇ ਬਾਜ਼ੀਗਰ ਬਸਤੀ ਵਿੱਚ ਪ੍ਰਗਟ ਸਿੰਘ ਦਾ ਘਰ ਬੁਲਡੋਜ਼ਰ ਨਾਲ ਢਾਹ ਦਿੱਤਾ। ਨਸ਼ਾ ਤਸਕਰ ਪ੍ਰਗਟ ਸਿੰਘ ’ਤੇ ਗੰਭੀਰ ਅਪਰਾਧਾਂ ਤਹਿਤ ਪਹਿਲਾਂ ਵੀ ਚਾਰ ਕੇਸ ਦਰਜ ਹਨ ਅਤੇ ਉਸ ਨੇ ਸਰਕਾਰੀ ਜ਼ਮੀਨ ’ਤੇ ਨਾਜਾਇਜ਼ ਕਬਜ਼ਾ ਕਰਕੇ ਘਰ ਬਣਾਇਆ ਹੋਇਆ ਸੀ, ਜਿਸ ਨੂੰ ਅੱਜ ਬੁਲਡੋਜ਼ਰ ਨਾਲ ਢਾਹ ਦਿੱਤਾ ਗਿਆ। ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਅੰਮ੍ਰਿਤ ਲਾਲ ਨੇ ਕਿਹਾ ਕਿ ਜਿਸ ਥਾਂ ’ਤੇ ਪ੍ਰਗਟ ਸਿੰਘ ਵੱਲੋਂ ਘਰ ਬਣਾਇਆ ਗਿਆ ਸੀ, ਉਹ ਨਗਰ ਕੌਂਸਲ ਦੀ ਥਾਂ ਹੈ। ਇਸ ਨੂੰ ਖਾਲੀ ਕਰਨ ਲਈ ਕਈ ਵਾਰ ਪ੍ਰਗਟ ਸਿੰਘ ਨੂੰ ਲਿਖਿਆ ਜਾ ਚੁੱਕਿਆ ਹੈ ਪਰ ਉਸ ਨੇ ਇੱਥੋਂ ਨਾਜਾਇਜ਼ ਕਬਜ਼ਾ ਨਹੀਂ ਛੱਡਿਆ। ਜ਼ਿਲ੍ਹਾ ਪੁਲੀਸ ਮੁਖੀ ਡਾ. ਪ੍ਰੱਗਿਆ ਜੈਨ ਨੇ ਕਿਹਾ ਕਿ ਪ੍ਰਗਟ ਸਿੰਘ ਦਾ ਘਰ ਢਾਹੁਣ ਸਮੇਂ ਪੂਰੀ ਕਾਨੂੰਨੀ ਪ੍ਰਕਿਰਿਆ ਦਾ ਪਾਲਣ ਕੀਤਾ ਗਿਆ ਅਤੇ ਸਮਰੱਥ ਅਧਿਕਾਰੀ ਦੇ ਹੁਕਮਾਂ ਤੋਂ ਬਾਅਦ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਜ਼ਿਲ੍ਹਾ ਪੁਲੀਸ ਨੇ ਅੱਜ ਫਿਰ ਐਲਾਨ ਕੀਤਾ ਕਿ ਨਸ਼ਾ ਤਸਕਰਾਂ ਤੇ ਅਪਰਾਧੀਆਂ ਖ਼ਿਲਾਫ਼ ਲੜਾਈ ਲੜੀ ਜਾ ਰਹੀ ਹੈ ਅਤੇ ਕਿਸੇ ਵੀ ਕੀਮਤ ’ਤੇ ਨਸ਼ਾ ਤਸਕਰਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।