National

ਸੰਸਦ ਵੱਲੋਂ ਫਾਇਨਾਂਸ ਬਿੱਲ 2025 ਮਨਜ਼ੂਰ, ਬਜਟ ਅਮਲ ਮੁਕੰਮਲ

ਨਵੀਂ ਦਿੱਲੀ-ਰਾਜ ਸਭਾ ਨੇ ਵੀਰਵਾਰ ਨੂੰ ਫਾਇਨਾਂਸ ਬਿੱਲ, 2025 ਨੂੰ ਚਰਚਾ ਮਗਰੋਂ ਲੋਕ ਸਭਾ ਨੂੰ ਮੋੜ ਦਿੱਤਾ। ਇਸ ਦੇ ਨਾਲ ਹੀ ਵਿੱਤੀ ਵਰ੍ਹੇ 2025-26 ਲਈ ਪਹਿਲੀ ਫਰਵਰੀ ਤੋਂ ਸ਼ੁਰੂ ਹੋਇਆ ਬਜਟ ਅਮਲ ਮੁਕੰਮਲ ਹੋ ਗਿਆ ਹੈ। ਸਦਨ ਨੇ ਨਮਿੱਤਣ ਬਿੱਲ (3) ਵੀ ਜ਼ੁਬਾਨੀ ਵੋਟ ਨਾਲ ਲੋਕ ਸਭਾ ਨੂੰ ਮੋੜ ਦਿੱਤਾ। ਸੰਸਦ ਦੇ ਹੇਠਲੇ ਸਦਨ ਲੋਕ ਸਭਾ ਨੇ 25 ਮਾਰਚ ਨੂੰ ਫਾਇਨਾਂਸ ਬਿੱਲ ਅਤੇ 21 ਮਾਰਚ ਨੂੰ ਨਮਿੱਤਣ ਬਿੱਲ ਪਾਸ ਕੀਤਾ ਸੀ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਿੱਲਾਂ ’ਤੇ ਹੋਈ ਚਰਚਾ ਦਾ ਜਵਾਬ ਦਿੰਦਿਆਂ ਕਿਹਾ ਕਿ ਵਿੱਤ ਮੰਤਰਾਲਾ ਸਾਵਧਾਨੀ ਰੱਖਣ ਅਤੇ ਮਾਲੀਏ ਦਾ ਨੁਕਸਾਨ ਨਾ ਹੋਣ ਦੇਣ ਦੀ ਕੋਸ਼ਿਸ਼ ਕਰਦਾ ਹੈ। ਸਰਕਾਰ ਨੇ ਟੈਕਸ ਹੱਦ ਵਧਾ ਕੇ 12 ਲੱਖ ਰੁਪਏ ਕਰ ਦਿੱਤੀ ਹੈ। ਕੇਂਦਰੀ ਬਜਟ ’ਚ ਕੁੱਲ 50.65 ਲੱਖ ਕਰੋੜ ਰੁਪਏ ਦੇ ਖ਼ਰਚੇ ਦਾ ਅਨੁਮਾਨ ਲਾਇਆ ਗਿਆ ਹੈ ਜੋ ਮੌਜੂਦਾ ਵਿੱਤੀ ਵਰ੍ਹੇ ਦੇ ਮੁਕਾਬਲੇ ’ਚ 7.4 ਫ਼ੀਸਦ ਵੱਧ ਹੈ। ਇਸ ਦੌਰਾਨ ਲੋਕ ਸਭਾ ਨੇ ਤਕਨੀਕੀ ਸੋਧਾਂ ਕਰਨ ਮਗਰੋਂ ਦੋ ਬਿੱਲਾਂ ਨੂੰ ਅੱਜ ਪਾਸ ਕਰ ਦਿੱਤਾ। ਆਫ਼ਤ ਪ੍ਰਬੰਧਨ ਸੋਧ ਬਿੱਲ, 2024 ਅਤੇ ਰੇਲਵੇਜ਼ ਸੋਧ ਬਿੱਲ, 2024 ਪਿਛਲੇ ਸਾਲ ਲੋਕ ਸਭਾ ’ਚ ਪਾਸ ਕੀਤੇ ਗਏ ਸਨ।