National

ਬਾਬਾ ਤਰਸੇਮ ਸਿੰਘ ਕਤਲ ਕੇਸ: ਉੱਤਰਾਖੰਡ ਪੁਲੀਸ ਵੱਲੋਂ ਮੁਲਜ਼ਮ ਸਰਬਜੀਤ ਸਿੰਘ ਗ੍ਰਿਫ਼ਤਾਰ

ਉੱਤਰਾਖੰਡ-ਉੱਤਰਾਖੰਡ ਪੁਲੀਸ ਨੇ ਬਾਬਾ ਤਰਸੇਮ ਸਿੰਘ ਕਤਲ ਕੇਸ ’ਚ ਇੱਕ ਹੋਰ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ ਸਰਬਜੀਤ ਸਿੰਘ ਵਜੋਂ ਹੋਈ ਹੈ, ਜਿਸ ਦੇ ਸਿਰ ’ਤੇ 2 ਲੱਖ ਰੁਪਏ ਦਾ ਇਨਾਮ ਸੀ। ਉਸ ਨੂੰ ਬੀਤੀ ਰਾਤ ਪੰਜਾਬ ਦੇ ਤਰਨ ਤਾਰਨ ਜ਼ਿਲ੍ਹੇ ’ਚੋਂ ਗ੍ਰਿਫ਼ਤਾਰ ਕੀਤਾ ਗਿਆ ਹੈ, ਜੋ ਫ਼ਰਾਰ ਚੱਲ ਰਿਹਾ ਸੀ। ਦੱਸਣਯੋਗ ਹੈ ਕਿ ਗੁਰਦੁਆਰਾ ਨਾਨਕਮੱਤਾ ਦੇ ਕਾਰਸੇਵਾ ਮੁਖੀ ਬਾਬਾ ਤਰਸੇਮ ਸਿੰਘ ਦਾ ਮੋਟਰਸਾਈਕਲ ਸਵਾਰ ਦੋ ਹਮਲਾਵਰਾਂ ਨੇ 28 ਮਾਰਚ 2024 ਨੂੰ ਕਤਲ ਕਰ ਦਿੱਤਾ ਸੀ।

ਇਸ ਦੌਰਾਨ ਊਧਮ ਸਿੰਘ ਨਗਰ ਦੇ ਐੱਸਐੱਸਪੀ ਨੇ ਕਿਹਾ ਕਿ ਮੁਲਜ਼ਮ ਨੇ ਪੁਲੀਸ ਟੀਮ ’ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਜਿਸ ਮਗਰੋਂ ਪੁਲੀਸ ਨੇ ਜੁਆਬੀ ਕਾਰਵਾਈ ਕੀਤੀ ਜਿਸ ’ਚ ਉਹ ਜ਼ਖ਼ਮੀ ਹੋ ਗਿਆ। ਉਨ੍ਹਾਂ ਦੱਸਿਆ ਕਿ ਇਸ ਕਾਰਵਾਈ ’ਚ ਮੁਲਜ਼ਮ ਤੋਂ ਇਲਾਵਾ ਤਿੰਨ ਪੁਲੀਸ ਮੁਲਾਜ਼ਮ ਵੀ ਜ਼ਖ਼ਮੀ ਹੋਏ ਹਨ, ਜਿਨ੍ਹਾਂ ਦਾ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦੱਸਿਆ,‘…ਬੀਤੇ ਸਾਲ, ਨਾਨਕਮੱਤਾ ਗੁਰਦੁਆਰੇ ’ਚ ਬਾਬਾ ਤਰਸੇਮ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ ਤੇ ਮੁੱਖ ਮੁਲਜ਼ਮ ਸਰਬਜੀਤ ਸਿੰਘ ਨੂੰ ਪੰਜਾਬ ਦੇ ਤਰਨ ਤਾਰਨ ਜ਼ਿਲ੍ਹੇ ’ਚੋਂ ਬੀਤੀ ਰਾਤ ਗ੍ਰਿਫ਼ਤਾਰ ਕੀਤਾ ਗਿਆ ਹੈ। ਕੁਝ ਦਿਨ ਪਹਿਲਾਂ, ਮੈਂ ਪੁਲੀਸ ਸਟੇਸ਼ਨ ਨਾਨਕਮੱਤਾ ਦੇ ਪੁਲੀਸ ਮੁਲਾਜ਼ਮਾਂ ਦੀ 12 ਮੈਂਬਰੀ ਟੀਮ ਬਣਾਈ ਸੀ ਤੇ ਬੀਤੀ ਰਾਤ ਸਰਬਜੀਤ ਸਿੰਘ ਨੂੰ ਤਰਨ ਤਾਰਨ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਜਦੋਂ ਉਸ ਨੂੰ ਊਧਮ ਨਗਰ ਲਿਜਾਇਆ ਜਾ ਰਿਹਾ ਸੀ ਤਾਂ ਇਸ ਦੌਰਾਨ ਵਾਹਨ ਦਾ ਟਾਇਰ ਫਟ ਗਿਆ ਜਿਸ ਕਾਰਨ ਹਾਦਸਾ ਵਾਪਰ ਗਿਆ। ਸਰਬਜੀਤ ਸਿੰਘ ਨੇ ਇਸ ਦੌਰਾਨ ਸਬ-ਇੰਸਪੈਕਟਰ ਸੰਜੈ ਕੁਮਾਰ ਤੋਂ ਪਿਸਤੌਲ ਖੋਹ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਪੁਲੀਸ ਨੇ ਉਸਦਾ ਪਿੱਛਾ ਕੀਤਾ, ਪਰ ਉਸ ਨੇ ਪੁਲੀਸ ’ਤੇ ਗੋਲੀ ਚਲਾ ਦਿੱਤੀ। ਇਸ ਦੌਰਾਨ ਪੁਲੀਸ ਨੇ ਜੁਆਬੀ ਕਾਰਵਾਈ ਕੀਤੀ ਜਿਸ ਦੌਰਾਨ ਸਰਬਜੀਤ ਸਿੰਘ ਦੀਆਂ ਦੋਵਾਂ ਲੱਤਾਂ ’ਚ ਗੋਲੀਆਂ ਲੱਗੀਆਂ। ਉਸ ਦਾ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ ਤੇ ਉਸ ਨੂੰ ਜਲਦ ਹੀ ਅਦਾਲਤ ’ਚ ਪੇਸ਼ ਕੀਤਾ ਜਾਵੇਗਾ। ਪੁਲੀਸ ਜਵਾਨ ਸ਼ੁਭਮ ਸੈਨੀ ਦੇ ਮੋਢੇ ’ਚ ਗੋਲੀ ਲੱਗੀ ਹੈ, ਐੱਸਐੱਚਓ ਨੂੰ ਹਾਦਸੇ ਦੌਰਾਨ ਸਿਰ ’ਚ ਸੱਟ ਲੱਗੀ ਹੈ ਜਦਕਿ ਪੁਲੀਸ ਮੁਲਾਜ਼ਮ ਧਨਰਾਜ ਵੀ ਜ਼ਖ਼ਮੀ ਹੈ। ਸਾਰੇ ਹਸਪਤਾਲ ’ਚ ਜ਼ੇਰੇ ਇਲਾਜ ਹਨ। ਇਸ ਤੋਂ ਪਹਿਲਾਂ ਸਾਲ 2024 ਵਿੱਚ ਇਸ ਕਤਲ ਕੇਸ ’ਚ ਮੁਲਜ਼ਮ ਸ਼ੂਟਰ ਅਮਰਜੀਤ ਸਿੰਘ ਉਰਫ਼ ਬਿੱਟੂ ਹਰਿਦੁਆਰ ’ਚ ਉੱਤਰਾਖੰਡ ਸਪੈਸ਼ਲ ਟਾਸਕ ਫੋਰਸ ਨਾਲ ਹੋਏ ਮੁਕਾਬਲੇ ’ਚ ਮਾਰਿਆ ਗਿਆ ਸੀ।