National

ਬੀਜਾਪੁਰ ਵਿੱਚ 22 ਨਕਸਲੀਆਂ ਵੱਲੋਂ ਆਤਮ-ਸਮਰਪਣ

ਬੀਜਾਪੁਰ-ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿੱਚ 11 ਲੱਖ ਰੁਪਏ ਦੀ ਇਨਾਮੀ ਰਾਸ਼ੀ ਵਾਲੇ ਛੇ ਨਕਸਲੀਆਂ ਸਣੇ ਕੁੱਲ 22 ਨਕਸਲੀਆਂ ਨੇ ਅੱਜ ਆਤਮ-ਸਮਰਪਣ ਕਰ ਦਿੱਤਾ। ਪੁਲੀਸ ਅਧਿਕਾਰੀ ਨੇ ਕਿਹਾ ਕਿ ਇਨ੍ਹਾਂ ਵਿੱਚੋਂ ਅਯਾਤੂ ਪੂਨੇਮ, ਪਾਂਡੂ ਕੁੰਜਮ, ਕੋਸੀ ਤਮੋ, ਸੋਨਾ ਕੁੰਜਮ ਅਤੇ ਲਿੰਗੇਸ਼ ਪਦਮ ’ਤੇ ਦੋ-ਦੋ ਲੱਖ ਰੁਪਏ ਦਾ ਇਨਾਮ ਸੀ ਜਦਕਿ ਤਿਬਰੂਰਾਮ ਮਾਡਵੀ ਨੂੰ ਫੜਨ ਲਈ ਇਕ ਲੱਖ ਰੁਪਏ ਦਾ ਇਨਾਮ ਐਲਾਨਿਆ ਗਿਆ ਸੀ। ਉਨ੍ਹਾਂ ਦੱਸਿਆ, ‘‘ਪੂਨੇਮ ਪਾਬੰਦੀਸ਼ੁਦਾ ਮਾਓਵਾਦੀ ਜਥੇਬੰਦੀ ਦੇ ਆਂਧਰਾ-ਉੜੀਸਾ ਸਰਹੱਦ (ਏਓਬੀ) ਮੰਡਲ ਤਹਿਤ ਪਲਟੂਨ ਨੰਬਰ-1 ਦੇ ਮੈਂਬਰ ਵਜੋਂ ਸਰਗਰਮ ਸੀ। ਪਾਂਡੂ ਅਤੇ ਤਾਮੋ ਕ੍ਰਮਵਾਰ ਪਲਟੂਨ ਨੰਬਰ 9 ਤੇ ਪਲਟੂਨ ਨੰਬਰ 10 ਦੇ ਪਾਰਟੀ ਮੈਂਬਰ ਸਨ। ਸੋਨਾ ਨਕਸਲ ਜਥੇਬੰਦੀ ਦੀ ਤਿਲੰਗਾਨਾ ਸੂਬਾਈ ਕਮੇਟੀ ਤਹਿਤ ਪਲਟੂਨ ਪਾਰਟੀ ਦਾ ਮੈਂਬਰ ਸੀ।’’ ਇਸ ਸਾਲ ਹੁਣ ਤੱਕ 107 ਮਾਓਵਾਦੀਆਂ ਨੇ ਹਥਿਆਰ ਸੁੱਟ ਦਿੱਤੇ ਹਨ।