Punjab

ਬੀਕੇਯੂ ਏਕਤਾ (ਉਗਰਾਹਾਂ) ਵੱਲੋਂ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਸ਼ਰਧਾਂਜਲੀਆਂ

ਚੰਡੀਗੜ੍ਹ-ਬੀਕੇਯੂ ਏਕਤਾ (ਉਗਰਾਹਾਂ) ਨੇ ਪੰਜਾਬ ਭਰ ਵਿੱਚ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਮਨਾਇਆ। ਇਸ ਦੌਰਾਨ ਵੱਡੀ ਗਿਣਤੀ ਵਿੱਚ ਕਿਸਾਨ, ਨੌਜਵਾਨ, ਬੀਬੀਆਂ ਤੇ ਬਜ਼ੁਰਗਾਂ ਨੇ ਸ਼ਮੂਲੀਅਤ ਕੀਤੀ। ਜਥੇਬੰਦੀ ਨੇ ਪੰਜਾਬ ਦੇ 18 ਜ਼ਿਲ੍ਹਿਆਂ ਵਿੱਚ ਜਨਤਕ ਇਕੱਠਾਂ ਰਾਹੀਂ ਸ਼ਰਧਾਂਜਲੀਆਂ ਭੇਟ ਕੀਤੀਆਂ। ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਸ਼ਹੀਦਾਂ ਦੇ ਸੁਫ਼ਨਿਆਂ ਦੀ ਲੋਕ-ਪੱਖੀ ਬੁਨਿਆਦੀ ਤਬਦੀਲੀ ਵਾਲਾ ਸਮਾਜ ਸਿਰਜਣ ਦੇ ਅਧੂਰੇ ਸੰਗਰਾਮੀ ਕਾਰਜ ਨੂੰ ਪੂਰਾ ਕਰਨ ਵਿੱਚ ਬਣਦਾ ਰੋਲ ਨਿਭਾਉਣ ਦਾ ਅਹਿਦ ਕੀਤਾ। ਉਨ੍ਹਾਂ ਕਿਹਾ ਕਿ ਅੱਜ ਵੀ ਸਾਮਰਾਜੀ ਤਾਕਤਾਂ ਭਾਰਤ ਸਣੇ ਦੁਨੀਆ ਭਰ ਵਿੱਚ ਕਿਸਾਨਾਂ-ਮਜ਼ਦੂਰਾਂ ਤੇ ਸਮੂਹ ਕਿਰਤੀਆਂ ਦੀ ਅੰਨ੍ਹੀ ਲੁੱਟ ਕਾਇਮ ਰੱਖਣ ਲਈ ਸਥਾਨਕ ਹਕੂਮਤਾਂ ਰਾਹੀਂ ਜਬਰ-ਜ਼ੁਲਮ ’ਤੇ ਉਤਾਰੂ ਹਨ। ਸ਼ਹੀਦ ਭਗਤ ਸਿੰਘ ਦੇ ਕਥਨ ਅਨੁਸਾਰ ਲੋਕ-ਪੱਖੀ ਸੋਚ ਵਾਲੇ ਨੌਜਵਾਨ ਕਿਸਾਨ-ਮਜ਼ਦੂਰ ਹੀ ਇਸ ਲੋਕ ਲਹਿਰ ਦਾ ਧੁਰਾ ਬਣਨਗੇ। ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਕਿਸਾਨ ਲਹਿਰ ’ਤੇ ਵਿੱਢਿਆ ਜਾਬਰ ਹੱਲਾ ਵੀ ਜਲ, ਜੰਗਲ ਤੇ ਜ਼ਮੀਨਾਂ ਸਣੇ ਖੇਤੀ ਅਤੇ ਵਪਾਰ ਦਾ ਪੂਰਾ ਤਾਣਾ-ਬਾਣਾ ਸਾਮਰਾਜੀ ਪੂੰਜੀਪਤੀਆਂ ਹਵਾਲੇ ਕਰਨ ਵਾਲੀਆਂ ਨੀਤੀਆਂ ਅਤੇ ਕਾਨੂੰਨ ਮੜ੍ਹਨ ਵੱਲ ਸੇਧਿਤ ਹੈ। ਇਸ ਜਬਰ ਨੂੰ ਪਛਾੜਨ ਲਈ ਬੁਲਾਰਿਆਂ ਵੱਲੋਂ ਸ਼ਹੀਦਾਂ ਦੀ ਸੋਚ ਮੁਤਾਬਕ ਦੇਸ਼ ਭਰ ਦੇ ਕਿਸਾਨਾਂ-ਮਜ਼ਦੂਰਾਂ ਸਣੇ ਸਾਰੇ ਕਿਰਤੀ ਤਬਕਿਆਂ ਦੀਆਂ ਸੰਘਰਸ਼ਸ਼ੀਲ ਜਥੇਬੰਦੀਆਂ ਨੂੰ ਵਿਆਪਕ ਸਾਂਝੀ ਲੋਕ ਲਹਿਰ ਉਸਾਰਨ ਦੀ ਅਣਸਰਦੀ ਲੋੜ ਵੱਲ ਉੱਚੇਚਾ ਧਿਆਨ ਦੇਣ ਉੱਤੇ ਜ਼ੋਰ ਦਿੱਤਾ ਗਿਆ।

ਬੀਕੇਯੂ (ਏਕਤਾ-ਉਗਰਾਹਾਂ) ਦੇ ਆਗੂਆਂ ਨੇ ਸੰਯੁਕਤ ਕਿਸਾਨ ਮੋਰਚਾ ਵੱਲੋਂ ਉਲੀਕੇ ਗਏ ਪ੍ਰੋਗਰਾਮ ਮੁਤਾਬਿਕ 28 ਮਾਰਚ ਦੇ ਜਬਰ ਵਿਰੋਧੀ ਦਿਹਾੜੇ ਵਿੱਚ ਭਰਵੀਂ ਸ਼ਮੂਲੀਅਤ ਦੀ ਤਿਆਰੀ ਵਾਸਤੇ 24 ਮਾਰਚ ਨੂੰ ਕੀਤੀਆਂ ਜਾ ਰਹੀਆਂ ਸਰਬ ਸਾਂਝੀਆਂ ਮੀਟਿੰਗਾਂ ਵਿੱਚ ਸਮੂਹ ਕਿਸਾਨ, ਮਜ਼ਦੂਰ, ਵਪਾਰੀ, ਮੁਲਾਜ਼ਮ ਤੇ ਹੋਰ ਕਿਰਤੀ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ। ਅੱਜ ਪੰਜਾਬ ਵਿੱਚ ਵੱਖ-ਵੱਖ ਥਾਵਾਂ ’ਤੇ ਝੰਡਾ ਸਿੰਘ ਜੇਠੂਕੇ, ਸ਼ਿੰਗਾਰਾ ਸਿੰਘ ਮਾਨ, ਰੂਪ ਸਿੰਘ ਛੰਨਾ, ਹਰਦੀਪ ਸਿੰਘ ਟੱਲੇਵਾਲ, ਜਗਤਾਰ ਸਿੰਘ ਕਾਲਾਝਾੜ, ਜਨਕ ਸਿੰਘ ਭੁਟਾਲ, ਹਰਿੰਦਰ ਕੌਰ ਬਿੰਦੂ, ਕਮਲਜੀਤ ਕੌਰ ਬਰਨਾਲਾ ਅਤੇ ਕੁਲਦੀਪ ਕੌਰ ਸਣੇ ਹੋਰਨਾਂ ਕਿਸਾਨ ਆਗੂਆਂ ਨੇ ਸੰਬੋਧਨ ਕੀਤਾ।