ਜ਼ਿਮਨੀ ਚੋਣ ਲਈ ਕੇਜਰੀਵਾਲ ਤੇ ਭਗਵੰਤ ਮਾਨ ਵੱਲੋਂ ਪ੍ਰਚਾਰ ਸ਼ੁਰੂ
ਲੁਧਿਆਣਾ-ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇੱਥੋਂ ਦੇ ਜਵਾਹਰ ਨਗਰ ਕੈਂਪ ਵਿੱਚ ਹਲਕਾ ਪੱਛਮੀ ਦੀ ਜ਼ਿਮਨੀ ਚੋਣ ਲਈ ਚੋਣ ਪ੍ਰਚਾਰ ਕੀਤਾ। ਸਾਬਕਾ ਕੈਬਨਿਟ ਮੰਤਰੀ ਤੇ ਸੰਭਾਵਿਤ ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਦੇ ਗੜ੍ਹ ਵਿੱਚ ਵਰਕਰ ਮਿਲਣੀ ਕਰਕੇ ਦੋਵੇਂ ਆਗੂਆਂ ਨੇ ‘ਆਪ’ ਦੇ ਵਰਕਰਾਂ ਵਿੱਚ ਚੋਣਾਂ ਲਈ ਜੋਸ਼ ਭਰਿਆ। ਇਸ ਦੌਰਾਨ ਉਨ੍ਹਾਂ ਨੇ ਸਿੱਧੇ ਤੌਰ ’ਤੇ ਆਸ਼ੂ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਜਿਹੜਾ ਜ਼ਮਾਨਤ ’ਤੇ ਬਾਹਰ ਹੈ, ਉਹ ਕਦੋਂ ਦੁਬਾਰਾ ਅੰਦਰ ਚਲਾ ਜਾਵੇ, ਉਸ ਦਾ ਕੀ ਪਤਾ। ਉਨ੍ਹਾਂ ਤਿੰਨ ਸਾਲਾਂ ਵਿੱਚ ‘ਆਪ’ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ। ਇਸ ਦੌਰਾਨ ਮੁੱਖ ਮੰਤਰੀ ਮਾਨ ਨੇ ਕਿਹਾ ਕਿ ‘ਆਪ’ ਸਰਕਾਰ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਵੱਲ ਤੇਜ਼ੀ ਨਾਲ ਅੱਗੇ ਵਧ ਰਹੀ ਹੈ। ਮੁੱਖ ਮੰਤਰੀ ਮਾਨ ਨੇ ਆਸ਼ੂ ਨੂੰ ਘੇਰਦਿਆਂ ਕਿਹਾ ਕਿ ਆਸ਼ੂ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਜੇਲ੍ਹ ਵੀ ਜਾ ਚੁੱਕਿਆ ਹੈ। ਸਰਕਾਰ ਨੇ ਆਸ਼ੂ ਵਿਰੁੱਧ ਕੇਸ ਦਰਜ ਕੀਤਾ ਹੈ ਅਤੇ ਇਹ ਹਾਲੇ ਵੀ ਚੱਲ ਰਿਹਾ ਹੈ। ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਹਾਲੇ ਤੱਕ ਕਿਸੇ ਵੀ ਮੁੱਖ ਮੰਤਰੀ ਨੇ ਜਨਤਾ ਨੂੰ ਮਾਈਕ ਦੇ ਕੇ ਪੁੱਛਣ ਦੀ ਹਿੰਮਤ ਨਹੀਂ ਕੀਤੀ ਕਿ ਉਹ ਕੀ ਚਾਹੁੰਦੇ ਹਨ। ਰਵਾਇਤੀ ਪਾਰਟੀਆਂ ਦੇ ਮੁੱਖ ਮੰਤਰੀਆਂ ਨੇ ਤਾਂ ਹਮੇਸ਼ਾ ਰੌਲਾ ਹੀ ਪਾਇਆ ਹੈ। ਪੰਜਾਬ ਵਿੱਚ ਨਸ਼ਾ ਹੋਰਨਾਂ ਸਰਕਾਰਾਂ ਨੇ ਵਿਕਵਾਇਆ ਹੈ ਪਰ ਹੁਣ ਸੂਬੇ ਵਿੱਚੋਂ ਨਸ਼ਾ ਅਤੇ ਭ੍ਰਿਸ਼ਟਾਚਾਰ ਖ਼ਤਮ ਹੋ ਰਿਹਾ ਹੈ। ਇਸ ਵਿੱਚ ਸ਼ਾਮਲ ਆਗੂਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਸਿਰਫ਼ ਦਿੱਲੀ ਤੇ ਪੰਜਾਬ ਵਿੱਚ ਬਿਜਲੀ ਮੁਫ਼ਤ ਹੈ। ਦੋਵਾਂ ਆਗੂਆਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਦੇ ਹੱਕ ਵਿੱਚ ਪ੍ਰਚਾਰ ਕੀਤਾ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਆਪਣੀਆਂ ਗਲਤੀਆਂ ਕਾਰਨ ਅਕਾਲੀ ਦਲ ਜ਼ਮੀਨ ਤੋਂ ਗਾਇਬ ਹੋ ਗਿਆ ਹੈ। ਅਕਾਲੀ ਲੀਡਰਸ਼ਿਪ ਪੂਰੀ ਤਰ੍ਹਾਂ ਹਿੱਲ ਗਈ ਹੈ। ਉਨ੍ਹਾਂ ਨੇ ਭਾਜਪਾ ’ਤੇ ਦੋਸ਼ ਲਗਾਏ ਕਿ ਭਾਜਪਾ ਨੇ ਹਮੇਸ਼ਾ ਹੀ ਹੇਰਾਫੇਰੀ ਦੀ ਰਾਜਨੀਤੀ ਕੀਤੀ ਹੈ।