ਕੋਹਲੀ ਵੱਲੋਂ ਦੌਰਿਆਂ ਦੌਰਾਨ ਪਰਿਵਾਰ ਨੂੰ ਨਾਲ ਲਿਜਾਣ ਦੀ ਵਕਾਲਤ
ਬੰਗਲੂਰੂ-ਭਾਰਤ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੇ ਟੀਮ ਦੇ ਦੌਰਿਆਂ ’ਤੇ ਖਿਡਾਰੀਆਂ ਦੇ ਪਰਿਵਾਰਾਂ ਦੀ ਮੌਜੂਦਗੀ ਦਾ ਸਮਰਥਨ ਕਰਦਿਆਂ ਕਿਹਾ ਕਿ ਉਹ ਖੇਡ ਮੈਦਾਨ ਵਿੱਚ ਮੁਸ਼ਕਲ ਅਤੇ ਤਣਾਅਪੂਰਨ ਦਿਨਾਂ ਨਾਲ ਨਜਿੱਠਣ ਲਈ ਆਪਣੇ ਹੋਟਲ ਦੇ ਕਮਰੇ ਵਿੱਚ ਇਕੱਲੇ ਬੈਠਣ ਦੀ ਬਜਾਏ ਹਮੇਸ਼ਾ ਪਰਿਵਾਰਕ ਮੈਂਬਰਾਂ ਨਾਲ ਸਮਾਂ ਬਿਤਾਉਣ ਨੂੰ ਤਰਜੀਹ ਦੇਵੇਗਾ। ਉਸ ਨੇ ਕਿਹਾ ਕਿ ਲੋਕਾਂ ਨੂੰ ਪਰਿਵਾਰ ਦੀ ਅਹਿਮੀਅਤ ਦਾ ਨਹੀਂ ਪਤਾ ਹੈ।
ਆਸਟਰੇਲੀਆ ਖ਼ਿਲਾਫ਼ ਟੈਸਟ ਲੜੀ ਵਿੱਚ ਭਾਰਤ ਦੀ 1-3 ਨਾਲ ਹਾਰ ਤੋਂ ਬਾਅਦ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ 45 ਤੋਂ ਵੱਧ ਦਿਨਾਂ ਦੇ ਦੌਰਿਆਂ ’ਤੇ ਖਿਡਾਰੀਆਂ ਦੇ ਪਰਿਵਾਰ ਨਾਲ ਸਮਾਂ ਬਿਤਾਉਣ ਦੀ ਸੀਮਾ 14 ਦਿਨ ਤੱਕ ਸੀਮਤ ਕਰ ਦਿੱਤੀ ਸੀ। ਇਸ ਤਹਿਤ ਛੋਟੇ ਟੂਰ ’ਤੇ ਖਿਡਾਰੀ ਆਪਣੇ ਪਰਿਵਾਰ ਨਾਲ ਵੱਧ ਤੋਂ ਵੱਧ ਇੱਕ ਹਫ਼ਤਾ ਰਹਿ ਸਕਦੇ ਹਨ। ਹਾਲ ਹੀ ਵਿੱਚ ਸਮਾਪਤ ਹੋਈ ਚੈਂਪੀਅਨਜ਼ ਟਰਾਫੀ ਦੌਰਾਨ ਕੋਹਲੀ, ਰਵਿੰਦਰ ਜਡੇਜਾ ਅਤੇ ਮੁਹੰਮਦ ਸ਼ਮੀ ਦੇ ਪਰਿਵਾਰ ਦੁਬਈ ਵਿੱਚ ਸਨ ਪਰ ਉਹ ਟੀਮ ਹੋਟਲ ਵਿੱਚ ਨਹੀਂ ਠਹਿਰੇ ਅਤੇ ਪਰਿਵਾਰਾਂ ਦੇ ਠਹਿਰਨ ਦਾ ਖਰਚਾ ਬੀਸੀਸੀਆਈ ਨੇ ਨਹੀਂ, ਸਗੋਂ ਖਿਡਾਰੀਆਂ ਨੇ ਚੁੱਕਿਆ।
ਕੋਹਲੀ ਨੇ ਸ਼ਨਿਚਰਵਾਰ ਨੂੰ ਇੱਥੇ ਸਮਾਪਤ ਹੋਈ ਆਰਸੀਬੀ ਦੀ ‘ਇਨੋਵੇਸ਼ਨ ਲੈਬ’ ਕਾਨਫਰੰਸ ਦੌਰਾਨ ਕਿਹਾ, ‘ਲੋਕਾਂ ਨੂੰ ਪਰਿਵਾਰ ਦੀ ਅਹਿਮੀਅਤ ਬਾਰੇ ਸਮਝਾਉਣਾ ਬਹੁਤ ਮੁਸ਼ਕਲ ਹੈ। ਜਦੋਂ ਵੀ ਤੁਸੀਂ ਕਿਸੇ ਤਣਾਅਪੂਰਨ ਸਥਿਤੀ ਵਿੱਚ ਹੁੰਦੇ ਹੋ ਤਾਂ ਪਰਿਵਾਰ ਨਾਲ ਸਮਾਂ ਬਿਤਾਉਣਾ ਬਹੁਤ ਮਹੱਤਵਪੂਰਨ ਹੁੰਦਾ ਹੈ। ਮੈਨੂੰ ਨਹੀਂ ਲੱਗਦਾ ਕਿ ਲੋਕਾਂ ਨੂੰ ਇਸ ਦੀ ਅਹਿਮੀਅਤ ਬਾਰੇ ਪਤਾ ਹੈ।’
ਕੋਹਲੀ ਨੇ ਕਿਹਾ ਕਿ ਪਰਿਵਾਰਕ ਮੈਂਬਰਾਂ ਨਾਲ ਰਹਿ ਕੇ ਖਿਡਾਰੀ ਨੂੰ ਮੈਦਾਨ ’ਤੇ ਮਿਲੀ ਨਿਰਾਸ਼ਾ ਤੋਂ ਜਲਦੀ ਉਭਰਨ ਵਿੱਚ ਮਦਦ ਮਿਲਦੀ ਹੈ। ਉਸ ਨੇ ਕਿਹਾ, ‘ਮੈਂ ਆਪਣੇ ਕਮਰੇ ਵਿੱਚ ਜਾ ਕੇ ਇਕੱਲਾ ਬੈਠ ਕੇ ਉਦਾਸ ਨਹੀਂ ਹੋਣਾ ਚਾਹੁੰਦਾ। ਮੈਂ ਆਮ ਵਾਂਗ ਰਹਿਣਾ ਚਾਹੁੰਦਾ ਹਾਂ। ਤਾਂ ਹੀ ਤੁਸੀਂ ਆਪਣੀ ਖੇਡ ਨੂੰ ਜ਼ਿੰਮੇਵਾਰੀ ਵਜੋਂ ਲੈ ਸਕਦੇ ਹੋ।’ ਉਨ੍ਹਾਂ ਕਿਹਾ ਕਿ ਭਾਵਨਾਤਮਕ ਤੌਰ ’ਤੇ ਪਰਿਵਾਰ ਹੀ ਤੁਹਾਨੂੰ ਹਮਾਇਤ ਦੇ ਸਕਦਾ ਹੈ।