National

ਸੰਸਦ ’ਚ ਬਜਟ ਇਜਲਾਸ ਦੇ ਦੂਜੇ ਗੇੜ ਦਾ ਹੰਗਾਮਾ ਭਰਪੂਰ ਆਗ਼ਾਜ਼

ਨਵੀਂ ਦਿੱਲੀ-ਬਜਟ ਇਜਲਾਸ ਦੇ ਦੂਜੇ ਗੇੜ ਦਾ ਅੱਜ ਸੰਸਦ ਦੇ ਦੋਵੇਂ ਸਦਨਾਂ ’ਚ ਹੰਗਾਮੇਦਾਰ ਆਗ਼ਾਜ਼ ਹੋਇਆ। ਲੋਕ ਸਭਾ ਅਤੇ ਰਾਜ ਸਭਾ ’ਚ ਵਿਰੋਧੀ ਧਿਰ ਨੇ ਕੌਮੀ ਸਿੱਖਿਆ ਨੀਤੀ, ਵੋਟਰ ਸੂਚੀਆਂ ’ਚ ਹੇਰਾ-ਫੇਰੀ ਅਤੇ ਮਨੀਪੁਰ ਦੇ ਹਾਲਾਤ ਸਮੇਤ ਹੋਰ ਮੁੱਦਿਆਂ ਨੂੰ ਚੁੱਕਿਆ। ਰਾਜ ਸਭਾ ’ਚ ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ ਨੂੰ ਬੋਲਣ ਦਾ ਮੌਕਾ ਨਾ ਦਿੱਤੇ ਜਾਣ ’ਤੇ ਮੈਂਬਰਾਂ ਨੇ ਸਦਨ ’ਚੋਂ ਵਾਕਆਊਟ ਕੀਤਾ। ਉਧਰ ਸਰਕਾਰ ਨੇ ਅੱਜ ਲੋਕ ਸਭਾ ’ਚ ਦੱਸਿਆ ਕਿ ਉਹ ਮਨੀਪੁਰ ਦੇ ਹਾਲਾਤ ਬਾਰੇ ਸਦਨ ’ਚ ਇਕ ਘੰਟੇ ਦੀ ਬਹਿਸ ਕਰਾਉਣ ਲਈ ਤਿਆਰ ਹੈ।

ਕਾਂਗਰਸ ਦੀ ਅਗਵਾਈ ਹੇਠ ਵਿਰੋਧੀ ਪਾਰਟੀਆਂ ਨੇ ਵੋਟਰ ਸੂਚੀਆਂ ’ਚ ਕਥਿਤ ਗੜਬੜੀਆਂ ਮਗਰੋਂ ਚੋਣ ਪ੍ਰਕਿਰਿਆ ਦੀ ਪਾਰਦਰਸ਼ਤਾ ’ਤੇ ਖੜ੍ਹੇ ਸਵਾਲਾਂ ’ਤੇ ਅੱਜ ਸੰਸਦ ਵਿੱਚ ਵਿਸਥਾਰਤ ਚਰਚਾ ਦੀ ਮੰਗ ਕੀਤੀ। ਰਾਹੁਲ ਗਾਂਧੀ ਨੇ ਲੋਕ ਸਭਾ ਚ ਸਿਫਰ ਕਾਲ ਦੌਰਾਨ ਕਿਹਾ ਕਿ ਦੇਸ਼ ਭਰ ’ਚ ਵੋਟਰ ਸੂਚੀਆਂ ’ਤੇ ਸਵਾਲ ਚੁੱਕੇ ਜਾ ਰਹੇ ਹਨ ਅਤੇ ਸਾਰੀ ਵਿਰੋਧੀ ਧਿਰ ਮੁੱਦੇ ’ਤੇ ਚਰਚਾ ਕਰਾਉਣ ਦੀ ਮੰਗ ਕਰ ਰਹੀ ਹੈ। ਸਮਾਜਵਾਦੀ ਪਾਰਟੀ, ਆਮ ਆਦਮੀ ਪਾਰਟੀ ਤੇ ਆਰਜੇਡੀ ਨੇ ਵੀ ਕਿਹਾ ਕਿ ਇਹ ਬਹੁਤ ਗੰਭੀਰ ਮਸਲਾ ਹੈ ਤੇ ਸੰਸਦ ਵਿੱਚ ਇਸ ’ਤੇ ਚਰਚਾ ਹੋਣੀ ਚਾਹੀਦੀ ਹੈ। ਦੂਜੇ ਪਾਸੇ ਕਾਂਗਰਸ ਪ੍ਰਧਾਨ ਤੇ ਰਾਜ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਨੇ ਸਿਫਰ ਕਾਲ ਦੌਰਾਨ ਇਹ ਮੁੱਦਾ ਚੁੱਕਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਇਸ ਦੀ ਇਜਾਜ਼ਤ ਨਹੀਂ ਦਿੱਤੀ ਗਈ। ਇਸ ਮਗਰੋਂ ਵਿਰੋਧੀ ਧਿਰ ਨੇ ਰੋਸ ਵਜੋਂ ਵਾਕਆਊਟ ਕਰ ਦਿੱਤਾ। ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਉਸ ਸਮੇਂ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਜਦੋਂ ਰਾਜ ਸਭਾ ਦੇ ਡਿਪਟੀ ਚੇਅਰਮੈਨ ਹਰਿਵੰਸ਼ ਨੇ ਕਿਹਾ ਕਿ ਨਿਯਮ 267 ਤਹਿਤ ਇੱਕ ਦਰਜਨ ਨੋਟਿਸ ਖਾਰਜ ਕਰ ਦਿੱਤੇ ਗਏ ਹਨ। ਇਨ੍ਹਾਂ ਨੋਟਿਸਾਂ ’ਚ ਦਿਨ ਦੇ ਕੰਮਕਾਰ ਨੂੰ ਵੱਖ ਰੱਖ ਕੇ ਜ਼ਰੂਰੀ ਮਾਮਲਿਆਂ ’ਤੇ ਚਰਚਾ ਕਰਨ ਦੀ ਮੰਗ ਕੀਤੀ ਗਈ ਸੀ। ਇਸੇ ਨਾਮਨਜ਼ੂਰੀ ਦਾ ਹਵਾਲਾ ਦਿੰਦਿਆਂ ਹਰਿਵੰਸ਼ ਨੇ ਖ਼ੜਗੇ ਨੂੰ ਆਪਣਾ ਪੱਖ ਰੱਖਣ ਦੀ ਇਜਾਜ਼ਤ ਨਹੀਂ ਦਿੱਤੀ। ਵੋਟਰ ਸੂਚੀ ਦੇ ਮੁੱਦੇ ’ਤੇ ਟੀਐੱਮਸੀ ਸੰਸਦ ਮੈਂਬਰ ਕਲਿਆਣ ਬੈਨਰਜੀ, ਸੌਗਾਤਾ ਰੌਏ, ‘ਆਪ’ ਦੇ ਸੰਜੈ ਸਿੰਘ, ਸਮਾਜਵਾਦੀ ਪਾਰਟੀ ਦੇ ਧਰਮੇਂਦਰ ਯਾਦਵ, ਆਰਜੇਡੀ ਦੇ ਸੰਸਦ ਮੈਂਬਰ ਮਨੋਜ ਝਾਅ ਨੇ ਵੀ ਸਰਕਾਰ ਨੂੰ ਘੇਰਿਆ।

ਕੌਮੀ ਸਿੱਖਿਆ ਨੀਤੀ (ਐੱਨਈਪੀ) ਅਤੇ ਤਿੰਨ ਭਾਸ਼ਾਵਾਂ ਦੀ ਨੀਤੀ ਨੂੰ ਲੈ ਕੇ ਲੋਕ ਸਭਾ ’ਚ ਸੋਮਵਾਰ ਨੂੰ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਅਤੇ ਡੀਐੱਮਕੇ ਮੈਂਬਰਾਂ ਵਿਚਕਾਰ ਤਿੱਖੀ ਬਹਿਸ ਹੋਈ। ਪ੍ਰਧਾਨ ਨੇ ਡੀਐੱਮਕੇ ’ਤੇ ਤਾਮਿਲਨਾਡੂ ਦੇ ਵਿਦਿਆਰਥੀਆਂ ਦਾ ਭਵਿੱਖ ਬਰਬਾਦ ਕਰਨ ਅਤੇ ਐੱਨਈਪੀ ਬਾਰੇ ਆਪਣੇ ਸਟੈਂਡ ਤੋਂ ਪਿੱਛੇ ਹਟਣ ਦਾ ਦੋਸ਼ ਲਾਉਂਦਿਆਂ ਕਿਹਾ ਤਾਮਿਲਨਾਡੂ ਸਰਕਾਰ ‘ਬੇਈਮਾਨ’ ਹੈ। ਡੀਐੱਮਕੇ ਮੈਂਬਰਾਂ ਨੇ ਉਨ੍ਹਾਂ ਦੀ ਸ਼ਬਦਾਵਲੀ ’ਤੇ ਤਿੱਖਾ ਰੋਸ ਜਤਾਇਆ ਅਤੇ ਕਿਹਾ ਕਿ ਉਨ੍ਹਾਂ ਨੂੰ ਨਵੀਂ ਸਿੱਖਿਆ ਨੀਤੀ ਅਤੇ ਤਿੰਨ ਭਾਸ਼ਾਵਾਂ ਦਾ ਫਾਰਮੂਲਾ ਮਨਜ਼ੂਰ ਨਹੀਂ ਹੈ। ਡੀਐੱਮਕੇ ਮੈਂਬਰਾਂ ਦੇ ਵਿਰੋਧ ਅਤੇ ਲੋਕ ਸਭਾ ਥੋੜ੍ਹੇ ਸਮੇਂ ਲਈ ਮੁਲਤਵੀ ਹੋਣ ਦਰਮਿਆਨ ਪ੍ਰਧਾਨ ਨੇ ਆਪਣੇ ਬਿਆਨ ’ਚੋਂ ਕੁਝ ਖਾਸ ਸ਼ਬਦ ਵਾਪਸ ਲੈ ਲਏ। ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ ਕੇ ਸਟਾਲਿਨ ਨੇ ਪ੍ਰਧਾਨ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਉਨ੍ਹਾਂ ਦੀ ਟਿੱਪਣੀ ਹੰਕਾਰ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ, ‘‘ਤੁਸੀਂ ਤਾਮਿਲਨਾਡੂ ਦੇ ਲੋਕਾਂ ਦਾ ਅਪਮਾਨ ਕਰ ਰਹੇ ਹੋ। ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਨੂੰ ਮੰਨਦੇ ਹਨ?’’ ਲੋਕ ਸਭਾ ’ਚ ਪ੍ਰਸ਼ਨਕਾਲ ਦੌਰਾਨ ਪੀਐੱਮ ਸ੍ਰੀ ਯੋਜਨਾ ਨਾਲ ਸਬੰਧਤ ਇਕ ਪੂਰਕ ਸਵਾਲ ’ਤੇ ਸਿੱਖਿਆ ਮੰਤਰੀ ਪ੍ਰਧਾਨ ਦੇ ਜਵਾਬ ਮਗਰੋਂ ਡੀਐੱਮਕੇ ਮੈਂਬਰਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ਕਿਹਾ ਕਿ ਤਾਮਿਲਨਾਡੂ ਸਰਕਾਰ ਕੇਂਦਰ ਨਾਲ ਐੱਨਈਪੀ ਸਬੰਧੀ ਸਮਝੌਤੇ ’ਤੇ ਦਸਤਖ਼ਤ ਕਰਨ ਲਈ ਤਿਆਰ ਸੀ। ਉਨ੍ਹਾਂ ਕਿਹਾ ਕਿ ਕਰਨਾਟਕ, ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਜਿਹੇ ਗ਼ੈਰ-ਭਾਜਪਾ ਸੂਬੇ ਵੀ ਪੀਐੱਮ ਸ੍ਰੀ ਯੋਜਨਾ ਨੂੰ ਅਪਣਾ ਰਹੇ ਹਨ। ਮੰਤਰੀ ਦੇ ਜਵਾਬ ਦੌਰਾਨ ਹੀ ਡੀਐੱਮਕੇ ਦੇ ਮੈਂਬਰ ਸਪੀਕਰ ਦੇ ਆਸਣ ਅੱਗੇ ਆ ਕੇ ਨਾਅਰੇਬਾਜ਼ੀ ਕਰਨ ਲੱਗ ਪਏ ਜਿਸ ਕਾਰਨ ਬਿਰਲਾ ਨੇ ਸਦਨ ਦੀ ਕਾਰਵਾਈ ਦੁਪਹਿਰ 12 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ। ਸਦਨ ਜਦੋਂ ਮੁੜ ਜੁੜਿਆ ਤਾਂ ਡੀਐੱਮਕੇ ਮੈਂਬਰ ਕਨੀਮੋੜੀ ਨੇ ਸਦਨ ਨੂੰ ਦੱਸਿਆ ਕਿ ਮੰਤਰੀ ਵੱਲੋਂ ਵਰਤੇ ਗਏ ਇਕ ਖਾਸ ਸ਼ਬਦ ਨਾਲ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਇਸ ’ਤੇ ਪ੍ਰਧਾਨ ਨੇ ਕਿਹਾ, ‘‘ਮੇਰੀ ਪਿਆਰੀਆਂ ਭੈਣਾਂ ’ਚੋਂ ਇਕ ਅਤੇ ਸੀਨੀਅਰ ਮੈਂਬਰ ਕਨੀਮੋੜੀ ਨੇ ਕਿਹਾ ਹੈ ਕਿ ਮੈਨੂੰ ਤਾਮਿਲਨਾਡੂ ਦੇ ਮੈਂਬਰਾਂ, ਤਾਮਿਲਨਾਡੂ ਸਰਕਾਰ ਅਤੇ ਤਾਮਿਲਨਾਡੂ ਦੇ ਲੋਕਾਂ ਲਈ ਸ਼ਬਦ ਨਹੀਂ ਵਰਤਣਾ ਚਾਹੀਦਾ ਸੀ। ਜੇ ਕਿਸੇ ਨੂੰ ਠੇਸ ਪੁੱਜੀ ਹੈ ਤਾਂ ਮੈਂ ਇਹ ਸ਼ਬਦ ਵਾਪਸ ਲੈਂਦਾ ਹਾਂ।’’ ਇਸ ਮਗਰੋਂ ਸਪੀਕਰ ਨੇ ਉਹ ਸ਼ਬਦ ਸਦਨ ਦੀ ਕਾਰਵਾਈ ’ਚੋਂ ਕੱਢ ਦਿੱਤੇ। ਸੰਸਦ ਦੇ ਬਾਹਰ ਕਨੀਮੋੜੀ ਨੇ ਕਿਹਾ, ‘‘ਮੰਤਰੀ ਨੇ ਸਾਨੂੰ ਝੂਠਾ ਅਤੇ ਅਸਭਿਅਕ ਆਖਿਆ ਹੈ। ਉਨ੍ਹਾਂ ਸਾਡੇ ਮਾਣ ਨੂੰ ਠੇਸ ਪਹੁੰਚਾਈ ਹੈ। ਅਸੀਂ ਕਿਸੇ ਭਾਸ਼ਾ ਖ਼ਿਲਾਫ਼ ਨਹੀਂ ਹਾਂ ਪਰ ਤੁਸੀਂ ਸਾਨੂੰ ਅਸਭਿਅਕ ਨਹੀਂ ਆਖ ਸਕਦੇ ਹੋ। ਅਸੀਂ ਮਰਿਆਦਾ ਮਤਾ ਪੇਸ਼ ਕਰਨ ਬਾਰੇ ਆਪਣੇ ਆਗੂਆਂ ਨਾਲ ਗੱਲਬਾਤ ਕਰ ਰਹੇ ਹਾਂ।’’ ਕਾਂਗਰਸ ਦੇ ਆਗੂ ਕਾਰਤੀ ਚਿਦੰਬਰਮ ਨੇ ਕਿਹਾ ਕਿ ਤਾਮਿਲਨਾਡੂ ’ਚ ਸਮਾਜਿਕ ਅਤੇ ਸਿਆਸੀ ਪੱਧਰ ’ਤੇ ਸਹਿਮਤੀ ਹੈ ਕਿ ਤਿੰਨ ਭਾਸ਼ਾਈ ਨੀਤੀ ਨੂੰ ਮਨਜ਼ੂਰ ਨਹੀਂ ਕੀਤਾ ਜਾਵੇਗਾ।