ਈਡੀ ਵੱਲੋਂ ਬਘੇਲ ਦੇ ਪੁੱਤਰ ਤੇ ਹੋਰਾਂ ਦੇ ਟਿਕਾਣਿਆਂ ’ਤੇ ਛਾਪੇ
ਰਾਏਪੁਰ-ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਕਥਿਤ ਸ਼ਰਾਬ ਘਪਲੇ ’ਚ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਆਗੂ ਭੂਪੇਸ਼ ਬਘੇਲ ਦੇ ਪੁੱਤਰ ਖ਼ਿਲਾਫ਼ ਭ੍ਰਿਸ਼ਟਾਚਾਰ ਮਾਮਲੇ ਦੀ ਜਾਂਚ ਤਹਿਤ ਅੱਜ ਛਾਪੇ ਮਾਰੇ। ਸੂਤਰਾਂ ਨੇ ਦੱਸਿਆ ਕਿ ਬਘੇਲ ਦੇ ਪੁੱਤਰ ਚੈਤੰਨਿਆ ਖ਼ਿਲਾਫ਼ ਭਿਲਾਈ (ਦੁਰਗ ਜ਼ਿਲ੍ਹੇ) ਸਥਿਤ ਟਿਕਾਣਿਆਂ, ਉਸ ਦੇ ਕਥਿਤ ਕਰੀਬੀ ਲਕਸ਼ਮੀ ਨਾਰਾਇਣ ਬਾਂਸਲ ਉਰਫ਼ ਪੱਪੂ ਬਾਂਸਲ ਅਤੇ ਕੁਝ ਹੋਰਾਂ ਦੇ ਟਿਕਾਣਿਆਂ ਦੀ ਵੀ ਭ੍ਰਿਸ਼ਟਾਚਾਰ ਰੋਕੂ ਐਕਟ (ਪੀਐੱਮਐੱਲਏ) ਤਹਿਤ ਤਲਾਸ਼ੀ ਲਈ ਗਈ। ਉਨ੍ਹਾਂ ਕਿਹਾ ਕਿ ਚੈਤੰਨਿਆ ਬਘੇਲ ਆਪਣੇ ਪਿਤਾ ਨਾਲ ਭਿਲਾਈ ’ਚ ਰਹਿੰਦਾ ਹੈ, ਇਸ ਲਈ ਉਸ ਟਿਕਾਣੇ ’ਤੇ ਵੀ ਛਾਪੇ ਮਾਰੇ ਗਏ ਹਨ। ਸੂਤਰਾਂ ਨੇ ਦੱਸਿਆ ਕਿ ਸੂਬੇ ’ਚ ਕਰੀਬ 14-15 ਟਿਕਾਣਿਆਂ ’ਤੇ ਛਾਪੇ ਮਾਰੇ ਗਏ ਹਨ। ਉਧਰ ਕਾਂਗਰਸ ਨੇ ਕਿਹਾ ਕਿ ਬਘੇਲ ਪਰਿਵਾਰ ਖ਼ਿਲਾਫ਼ ਛਾਪੇ ਅਜਿਹੇ ਦਿਨ ‘ਸੁਰਖੀਆ ਬਣਾਉਣ’ ਦੀ ਸਾਜ਼ਿਸ਼ ਤਹਿਤ ਮਾਰੇ ਗਏ ਹਨ ਜਦੋਂ ਸੰਸਦ ਦੇ ਬਜਟ ਇਜਲਾਸ ਦਾ ਦੂਜਾ ਗੇੜ ਸ਼ੁਰੂ ਹੋਇਆ ਹੈ ਅਤੇ ਸਰਕਾਰ ਨੂੰ ਕਈ ਮੁੱਦਿਆਂ ’ਤੇ ਵਿਰੋਧੀ ਧਿਰ ਦੇ ਸਵਾਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਛਾਪਿਆਂ ਮਗਰੋਂ ਭਿਲਾਈ ’ਚ ਬਘੇਲ ਦੇ ਘਰ ਬਾਹਰ ਕਾਂਗਰਸ ਦੇ ਕਈ ਆਗੂ ਅਤੇ ਪਾਰਟੀ ਵਰਕਰ ਇਕੱਠੇ ਹੋ ਗਏ ਅਤੇ ਦਾਅਵਾ ਕੀਤਾ ਕਿ ਇਹ ਕੇਂਦਰ ਸਰਕਾਰ ਦੀ ਬਦਲਾ ਲੈਣ ਦੀ ਸਾਜ਼ਿਸ਼ ਹੈ।