ਇਜ਼ਰਾਇਲੀ ਸੁਰੱਖਿਆ ਬਲਾਂ ਨੇ ਬੰਦੀ ਬਣਾ ਕੇ ਰੱਖੇ ਦਸ ਭਾਰਤੀ ਕਾਮੇ ਛੁਡਾਏ
ਯੇਰੂਸ਼ਲਮ- ਇਜ਼ਰਾਇਲੀ ਸੁਰੱਖਿਆ ਬਲਾਂ ਨੇ ਪੱਛਮੀ ਕੰਢੇ (West Bank) ਦੇ ਇਕ ਪਿੰਡ ਵਿਚ ਪਿਛਲੇ ਇਕ ਮਹੀਨੇ ਤੋਂ ਬੰਦੀ ਬਣਾ ਕੇ ਰੱਖੇ ਦਸ ਭਾਰਤੀ ਕਾਮਿਆਂ ਨੂੰ ਛੁਡਾਇਆ ਹੈ।
ਸਥਾਨਕ ਮੀਡੀਆ ਨੇ ਇਜ਼ਰਾਇਲੀ ਆਬਾਦੀ ਤੇ ਪਰਵਾਸ ਅਥਾਰਿਟੀ ਦੇ ਹਵਾਲੇ ਨਾਲ ਕਿਹਾ ਕਿ ਇਨ੍ਹਾਂ ਭਾਰਤੀ ਕਾਮਿਆਂ ਨੂੰ ਕੰਮ ਦੇ ਬਹਾਨੇ ਸੱਦ ਕੇ ਮਗਰੋਂ ਬੰਦੀ ਬਣਾ ਲਿਆ ਗਿਆ।
ਰਿਪੋਰਟ ਮੁਤਾਬਕ ਭਾਰਤੀ ਕਾਮਿਆਂ ਦੇ ਪਾਸਪੋਰਟ ਖੋਹ ਲਏ ਗਏ ਤੇ ਮਗਰੋਂ ਇਜ਼ਰਾਈਲ ਵਿਚ ਦਾਖਲੇ ਲਈ ਇਨ੍ਹਾਂ ਪਾਸਪੋਰਟਾਂ ਦੀ ਦੁਰਵਰਤੋਂ ਕੀਤੀ ਗਈ।
ਟਾਈਮਜ਼ ਆਫ਼ ਇਜ਼ਰਾਈਲ ਨੇ ਅਥਾਰਿਟੀਜ਼ ਦੇ ਹਵਾਲੇ ਨਾਲ ਕਿਹਾ ਕਿ ਇਹ ਭਾਰਤੀ ਕਾਮੇ ਅਸਲ ਵਿਚ ਨਿਰਮਾਣ ਸਨਅਤ ਵਿਚ ਕੰਮ ਕਰਨ ਲਈ ਇਜ਼ਰਾਈਲ ਆਏ ਸਨ।
ਇਜ਼ਰਾਇਲੀ ਰੱਖਿਆ ਬਲਾਂ (ਆਈਡੀਐੱਫ) ਤੇ ਨਿਆਂ ਮੰਤਰਾਲੇ ਦੀ ਸਾਂਝੀ ਕਾਰਵਾਈ ਤਹਿਤ ਆਬਾਦੀ ਤੇ ਪਰਵਾਸ ਅਥਾਰਿਟੀ ਦੀ ਅਗਵਾਈ ’ਚ ਅੱਧੀ ਰਾਤ ਨੂੰ ਕੀਤੇ ਆਪਰੇਸ਼ਨ ਦੌਰਾਨ ਭਾਰਤੀ ਨਾਗਰਿਕਾਂ ਨੂੰ ਛੁਡਵਾਇਆ ਗਿਆ।
ਰਿਪੋਰਟ ਮੁਤਾਬਕ ਇਨ੍ਹਾਂ ਭਾਰਤੀ ਕਾਮਿਆਂ ਨੂੰ ਸੁਰੱਖਿਅਤ ਟਿਕਾਣਿਆਂ ’ਤੇ ਤਬਦੀਲ ਕਰ ਦਿੱਤਾ ਗਿਆ ਹੈ। ਆਈਡੀਐੱਫ ਨੇ ਭਾਰਤੀ ਨਾਗਰਿਕਾਂ ਦੇ ਪਾਸਪੋਰਟ ਉਨ੍ਹਾਂ ਨੂੰ ਮੋੜ ਦਿੱਤੇ ਹਨ।
ਪਿਛਲੇ ਇਕ ਸਾਲ ਵਿਚ ਕੋਈ 16,000 ਕਾਮੇ ਭਾਰਤ ਤੋਂ ਇਜ਼ਰਾਈਲ ਆਏ ਹਨ ਕਿਉਂਕਿ ਹਮਾਸ ਵੱਲੋਂ 7 ਅਕਤੂਬਰ 2023 ਨੂੰ ਕੀਤੇ ਹਮਲੇ ਮਗਰੋਂ ਹਜ਼ਾਰਾਂ ਫਲਸਤੀਨੀ ਉਸਾਰੀ ਕਾਮਿਆਂ ਦੇ ਇਜ਼ਰਾਈਲ ਵਿਚ ਦਾਖ਼ਲੇ ’ਤੇ ਰੋਕ ਲਾ ਦਿੱਤੀ ਗਈ ਸੀ।