ਟਰੰਪ ਦੇ ਫ਼ੈਸਲੇ ਭਾਰਤ ਦੇ ਹਿੱਤ ਵਿਚ: ਜੈਸ਼ੰਕਰ
ਲੰਡਨ-ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਅਗਵਾਈ ਹੇਠ ਅਮਰੀਕੀ ਪ੍ਰਸ਼ਾਸਨ ਬਹੁਧਰੁਵੀ ਪ੍ਰਬੰਧ ਵੱਲ ਵੱਧ ਰਿਹਾ ਹੈ ਜੋ ਭਾਰਤ ਦੇ ਹਿੱਤਾਂ ਮੁਤਾਬਕ ਹੈ। ਉਨ੍ਹਾਂ ਕਿਹਾ ਕਿ ਭਾਰਤ ਅਤੇ ਅਮਰੀਕਾ ਦੁਵੱਲੇ ਵਪਾਰ ਸਮਝੌਤੇ ਦੀ ਲੋੜ ’ਤੇ ਸਹਿਮਤ ਹੋਏ ਹਨ। ਉਨ੍ਹਾਂ ਕਿਹਾ ਕਿ ਟਰੰਪ ਦੇ ਨਜ਼ਰੀਏ ਮੁਤਾਬਕ ਸਾਡੇ ਕੋਲ ਇਕ ਵੱਡਾ ਸਾਂਝਾ ਮੰਚ ‘ਕੁਆਡ’ ਹੈ ਜਿਥੇ ਹਰ ਮੁਲਕ ਆਪਣਾ ਢੁੱਕਵਾਂ ਯੋਗਦਾਨ ਦਿੰਦਾ ਹੈ। ਲੰਡਨ ਦੇ ‘ਚੈਟਮ ਹਾਊਸ ਥਿੰਕ ਟੈਂਕ’ ਵਿਚ ਬੁੱਧਵਾਰ ਸ਼ਾਮ ਨੂੰ ‘ਵਿਸ਼ਵ ’ਚ ਭਾਰਤ ਦੇ ਉਭਾਰ ਅਤੇ ਉਸ ਦੀ ਭੂਮਿਕਾ’ ਵਿਸ਼ੇ ’ਤੇ ਸੈਸ਼ਨ ਨੂੰ ਸੰਬੋਧਨ ਕਰਦਿਆਂ ਜੈਸ਼ੰਕਰ ਨੇ ਰੂਸ-ਯੂਕਰੇਨ ਜੰਗ ’ਚ ਭਾਰਤ ਦੀ ਭੂਮਿਕਾ, ਬ੍ਰਿਕਸ ਅਤੇ ਚੀਨ ਨਾਲ ਸਬੰਧਾਂ ਸਮੇਤ ਵਿਦੇਸ਼ ਨੀਤੀ ਨਾਲ ਜੁੜੇ ਹੋਰ ਮੁੱਦਿਆਂ ਨੂੰ ਵੀ ਛੋਹਿਆ। ਜੈਸ਼ੰਕਰ ਨੇ ਕਿਹਾ ਕਿ ਭਾਰਤ ਨੂੰ ਡਾਲਰ ਨਾਲ ਕੋਈ ਦਿੱਕਤ ਨਹੀਂ ਹੈ ਅਤੇ ਅਮਰੀਕਾ ਨਾਲ ਸਬੰਧ ਬਹੁਤ ਵਧੀਆ ਹਨ। ਉਨ੍ਹਾਂ ਕਿਹਾ ਕਿ ਡਾਲਰ ਦੀ ਵੁੱਕਤ ਘਟਾਉਣ ’ਚ ਸਾਡੀ ਕੋਈ ਦਿਲਚਸਪੀ ਨਹੀਂ ਹੈ।
ਜੈਸ਼ੰਕਰ ਤੋਂ ਨਵੀਂ ਅਮਰੀਕੀ ਸਰਕਾਰ ਵੱਲੋਂ ਸ਼ੁੁਰੂਆਤੀ ਕੁਝ ਹਫ਼ਤਿਆਂ ਵਿਚ ਚੁੱਕੇ ਗਏ ਕਦਮਾਂ, ਖਾਸ ਤੌਰ ’ਤੇ ਟਰੰਪ ਦੀ ਜਵਾਬੀ ਟੈਕਸ ਯੋਜਨਾ ਬਾਰੇ ਸਵਾਲ ਪੁੱਛਿਆ ਗਿਆ ਸੀ। ਉਨ੍ਹਾਂ ਕਿਹਾ, ‘‘ਅਸੀਂ ਇਕ ਅਜਿਹੇ ਰਾਸ਼ਟਰਪਤੀ ਤੇ ਪ੍ਰਸ਼ਾਸਨ ਨੂੰ ਦੇਖ ਰਹੇ ਹਾਂ ਜੋ ਬਹੁ-ਧਰੁਵੀ ਪ੍ਰਬੰਧ ਵੱਲ ਵਧ ਰਿਹਾ ਹੈ ਅਤੇ ਇਹ ਭਾਰਤ ਦੇ ਹਿੱਤਾਂ ਮੁਤਾਬਕ ਹੈ। ਰਾਸ਼ਟਰਪਤੀ ਟਰੰਪ ਦੇ ਨਜ਼ਰੀਏ ਤੋਂ ਸਾਡੇ ਕੋਲ ਇਕ ਵੱਡਾ ਸਾਂਝਾ ਮੰਚ ‘ਕੁਆਡ’ ਹੈ, ਜੋ ਇਕ ਅਜਿਹੀ ਸਮਝ ਹੈ ਜਿੱਥੇ ਹਰ ਕੋਈ ਆਪਣਾ ਵਾਜਬ ਹਿੱਸਾ ਪਾਉਂਦਾ ਹੈ। ਇਸ ਵਿਚ ਕਿਸੇ ਨੂੰ ਮੁਫ਼ਤ ਲਾਭ ਨਹੀਂ ਮਿਲਦਾ ਹੈ। ਲਿਹਾਜ਼ਾ ਇਹ ਇਕ ਚੰਗਾ ਮਾਡਲ ਹੈ, ਜੋ ਕੰਮ ਕਰਦਾ ਹੈ।’’ ਜਵਾਬੀ ਟੈਕਸ ਦੇ ਮੁੱਦੇ ’ਤੇ ਜੈਸ਼ੰਕਰ ਨੇ ਕਿਹਾ ਕਿ ਵਣਜ ਤੇ ਉਦਯੋਗ ਮੰਤਰੀ ਪਿਯੂਸ਼ ਗੋਇਲ ਦੁਵੱਲੇ ਵਪਾਰ ਸਮਝੌਤੇ ’ਤੇ ਚਰਚਾ ਲਈ ਫਿਲਹਾਲ ਵਾਸ਼ਿੰਗਟਨ ਵਿਚ ਹਨ। ਚੈਟਮ ਹਾਊਸ ਡਾਇਰੈਕਟਰ ਬਰੌਨਵੇਨ ਮੈਡੌਕਸ ਨਾਲ ਚਰਚਾ ਦੌਰਾਨ ਜੈਸ਼ੰਕਰ ਨੇ ਭਾਰਤ-ਯੂਕੇ ਮੁਕਤ ਵਪਾਰ ਸਮਝੌਤੇ ਸਮੇਤ ਹੋਰ ਕਈ ਮੁੱਦਿਆਂ ’ਤੇ ਆਪਣੇ ਵਿਚਾਰ ਪ੍ਰਗਟਾਏ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਕੀਰ ਸਟਾਰਮਰ, ਵਿਦੇਸ਼ ਮੰਤਰੀ ਡੇਵਿਡ ਲੈਮੀ ਅਤੇ ਸਨਅਤ ਮੰਤਰੀ ਜੋਨਾਥਨ ਰੇਨਾਲਡਸ ਨਾਲ ਗੱਲਬਾਤ ਤੋਂ ਇਹ ਸੁਨੇਹਾ ਮਿਲਿਆ ਹੈ ਕਿ ਉਹ ਵੀ ਸਮਝੌਤੇ ਨੂੰ ਅਗਾਂਹ ਵਧਾਉਣ ਦੇ ਇੱਛੁਕ ਹਨ। ਜੈਸ਼ੰਕਰ ਨੇ ਚੀਨ ਬਾਰੇ ਅਕਤੂਬਰ 2024 ਤੋਂ ਬਾਅਦ ਕੁਝ ਹਾਂ-ਪੱਖੀ ਘਟਨਾਵਾਂ ਦਾ ਜ਼ਿਕਰ ਕੀਤਾ, ਜਿਸ ਵਿੱਚ ਤਿੱਬਤ ਵਿੱਚ ਕੈਲਾਸ਼ ਪਰਬਤ ਲਈ ਤੀਰਥ ਯਾਤਰਾ ਦਾ ਰਾਹ ਖੋਲ੍ਹਣਾ ਸ਼ਾਮਲ ਹੈ। ਉਨ੍ਹਾਂ ਕਿਹਾ, ‘‘ਚੀਨ ਨਾਲ ਸਾਡਾ ਰਿਸ਼ਤਾ ਬਹੁਤ ਹੀ ਵਿਲੱਖਣ ਹੈ ਕਿਉਂਕਿ ਦੁਨੀਆ ਵਿੱਚ ਸਿਰਫ਼ ਸਾਡੇ ਦੋ ਮੁਲਕਾਂ ਦੀ ਆਬਾਦੀ ਦੋ ਅਰਬ ਤੋਂ ਵੱਧ ਹੈ। ਅਸੀਂ ਇੱਕ ਅਜਿਹਾ ਰਿਸ਼ਤਾ ਚਾਹੁੰਦੇ ਹਾਂ ਜਿਸ ਵਿੱਚ ਦੁਵੱਲੇ ਹਿੱਤਾਂ ਦਾ ਸਤਿਕਾਰ ਹੋਵੇ।