Global

ਟਰੰਪ ਵੱਲੋਂ ਹਮਾਸ ਨੂੰ ਆਖਰੀ ਚੇਤਾਵਨੀ: ਬੰਦੀਆਂ ਨੂੰ ਰਿਹਾਅ ਕਰੋ, ਨਹੀਂ ਫਿਰ ਤੁਹਾਡੇ ਲਈ ਸਭ ਕੁਝ ਖ਼ਤਮ

ਵਾਸ਼ਿੰਗਟਨ-ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਫਲਸਤੀਨ ਦੇ ਦਹਿਸ਼ਤੀ ਸਮੂਹ ਹਮਾਸ ਨੂੰ ਅੰਤਿਮ ਚੇਤਾਵਨੀ ਦਿੰਦਿਆਂ ਕਿਹਾ ਕਿ ਉਹ ਸਾਰੇ ਬੰਦੀਆਂ ਨੂੰ ਰਿਹਾਅ ਕਰੇ ਤੇ (ਉਸ ਵੱਲੋਂ) ਕਤਲ ਕੀਤੇ ਗਏ ਬੰਧਕਾਂ ਦੀਆਂ ਲਾਸ਼ਾਂ ਮੋੜੇ। ਟਰੰਪ ਨੇ ਕਿਹਾ ਕਿ ਹਮਾਸ ਜੇ ਅਜਿਹਾ ਨਹੀਂ ਕਰਦਾ ਤਾਂ ਉਹ ਸਮਝ ਲਏ ਕਿ ‘ਉਸ ਲਈ ਸਭ ਕੁਝ ਖ਼ਤਮ ਹੋ ਗਿਆ ਹੈ।’ ਟਰੰਪ ਨੇ ਕਿਹਾ ਕਿ ਅਮਰੀਕਾ ਇਜ਼ਰਾਈਲ ਨੂੰ ਕੰਮ ਪੂਰਾ ਕਰਨ ਲਈ ਲੋੜੀਂਦੀ ਹਰ ਚੀਜ਼ ਭੇਜ ਰਿਹਾ ਹੈ ਅਤੇ ਜੇ ਉਹ ਬੰਦੀਆਂ ਨੂੰ ਰਿਹਾਅ ਨਹੀਂ ਕਰਦੇ ਤਾਂ ਹਮਾਸ ਦਾ ਇੱਕ ਵੀ ਮੈਂਬਰ ਸੁਰੱਖਿਅਤ ਨਹੀਂ ਰਹੇਗਾ।

ਅਮਰੀਕੀ ਸਦਰ ਨੇ ਹਮਾਸ ਲੀਡਰਸ਼ਿਪ ਨੂੰ ਅਪੀਲ ਕੀਤੀ ਕਿ ਉਨ੍ਹਾਂ ਕੋਲ ਅਜੇ ਵੀ ਮੌਕਾ ਹੈ, ਉਹ ਗਾਜ਼ਾ ਛੱਡ ਦੇਣ। ਟਰੰਪ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਸ਼ਾਲੋਮ ਹਮਾਸ’ ਭਾਵ ਹੈਲੋ ਤੇ ਗੁੱਡਬਾਏ…ਤੁਸੀਂ ਚੋਣ ਕਰ ਸਕਦੇ ਹੋ। ਸਾਰੇ ਬੰਦੀਆਂ ਨੂੰ ਹੁਣੇ ਰਿਹਾਅ ਕਰੋ ਤੇ ਜਿਨ੍ਹਾਂ ਨੂੰ ਕਤਲ ਕੀਤਾ ਹੈ ਉਨ੍ਹਾਂ ਸਾਰਿਆਂ ਦੀਆਂ ਲਾਸ਼ਾਂ ਮੋੜੋ, ਜਾਂ ਫਿਰ ਤੁਹਾਡੇ ਲਈ ਸਭ ਕੁਝ ਖ਼ਤਮ ਹੋ ਗਿਆ ਹੈ। ਸਿਰਫ਼ ਬਿਮਾਰ ਤੇ ਵਿਗੜੇ ਹੋਏ ਲੋਕ ਹੀ ਲਾਸ਼ਾਂ ਰੱਖਦੇ ਹਨ, ਅਤੇ ਤੁਸੀਂ ਬਿਮਾਰ ਅਤੇ ਵਿਗੜੇ ਹੋਏ ਹੋ! ਮੈਂ ਇਜ਼ਰਾਈਲ ਨੂੰ ਕੰਮ ਪੂਰਾ ਕਰਨ ਲਈ ਲੋੜੀਂਦੀ ਹਰ ਚੀਜ਼ ਭੇਜ ਰਿਹਾ ਹਾਂ, ਜੇ ਤੁਸੀਂ ਮੇਰੇ ਕਹਿਣ ਅਨੁਸਾਰ ਨਹੀਂ ਕਰਦੇ ਤਾਂ ਹਮਾਸ ਦਾ ਇੱਕ ਵੀ ਮੈਂਬਰ ਸੁਰੱਖਿਅਤ ਨਹੀਂ ਰਹੇਗਾ।

ਟਰੰਪ ਨੇ ਕਿਹਾ, ‘‘ਮੈ ਹੁਣੇ ਉਨ੍ਹਾਂ ਬੰਦੀਆਂ ਨੂੰ ਮਿਲਿਆ ਹਾਂ, ਜਿਨ੍ਹਾਂ ਦੀਆਂ ਜ਼ਿੰਦਗੀਆਂ ਤੁਸੀਂ ਤਬਾਹ ਕੀਤੀਆਂ ਹਨ। ਇਹ ਤੁਹਾਡੇ ਲਈ ਆਖਰੀ ਚੇਤਾਵਨੀ ਹੈ! ਹਮਾਸ ਲੀਡਰਸ਼ਿਪ ਲਈ ਹੁਣ ਗਾਜ਼ਾ ਛੱਡਣ ਦਾ ਵੇਲਾ ਹੈ, ਤੁਹਾਡੇ ਕੋਲ ਅਜੇ ਵੀ ਇਕ ਮੌਕਾ ਹੈ। ਗਾਜ਼ਾ ਦੇ ਲੋਕਾਂ ਲਈ ਵੀ ਇਹ ਮੌਕਾ ਹੈ ਸ਼ਾਨਦਾਰ ਭਵਿੱਖ ਤੁਹਾਡੀ ਉਡੀਕ ਵਿਚ ਹੈ, ਪਰ ਜੇ ਤੁਸੀਂ ਬੰਦੀਆਂ ਨੂੰ ਨਾ ਛੱਡਿਆ ਤਾਂ ਇਹ ਮੌਕਾ ਨਹੀਂ ਮਿਲੇਗਾ।’’

ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੋਲੀਨ ਲੀਵਿਟ ਨੇ ਦੱਸਿਆ ਕਿ ਟਰੰਪ ਨੇ ਗਾਜ਼ਾ ਤੋਂ ਰਿਹਾਅ ਕੀਤੇ ਗਏ ਅੱਠ ਬੰਦੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀਆਂ ਦਿਲ ਦਹਿਲਾ ਦੇਣ ਵਾਲੀਆਂ ਕਹਾਣੀਆਂ ਸੁਣੀਆਂ। ਟਰੰਪ ਨੇ ਜਿਨ੍ਹਾਂ ਬੰਧਕਾਂ ਨਾਲ ਮੁਲਾਕਾਤ ਕੀਤੀ ਉਨ੍ਹਾਂ ਵਿਚ ਆਇਅਰ ਹੌਰਨ, ਓਮੇਰ ਸ਼ੇਮ ਟੋਵ, ਏਲੀ ਸ਼ਾਰਾਬੀ, ਕੀਥ ਸੀਗਲ, ਅਵੀਵਾ ਸੀਗਲ, ਨਾਮਾ ਲੇਵੀ, ਡੋਰੋਨ ਸਟਾਈਨਬ੍ਰੇਚਰ ਅਤੇ ਨੋਆ ਅਰਗਾਮਨੀ ਸ਼ਾਮਲ ਹਨ।