National

ਕਸ਼ਮੀਰ ਤੇ ਮਨੀਪੁਰ ਬਾਰੇ ਟਿੱਪਣੀਆਂ: ਭਾਰਤ ਵੱਲੋਂ ਯੂਐੱਨ ਮਨੁੱਖੀ ਅਧਿਕਾਰ ਮੁਖੀ ਦੀ ਆਲੋਚਨਾ

ਨਵੀਂ ਦਿੱਲੀ/ਜਨੇਵਾ-ਭਾਰਤ ਨੇ ਮਨੁੱਖੀ ਅਧਿਕਾਰ ਕੌਂਸਲ (ਯੂਐੱਨਐੱਚਆਰਸੀ) ਦੇ ਜਨੇਵਾ ਵਿੱਚ 58ਵੇਂ ਰੈਗੂਲਰ ਸੈਸ਼ਨ ਵਿੱਚ ਜੰਮੂ ਕਸ਼ਮੀਰ ਅਤੇ ਮਨੀਪੁਰ ਦੀ ਸਥਿਤੀ ਬਾਰੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਹਾਈ ਕਮਿਸ਼ਨਰ ਵੋਲਕਰ ਤੁਰਕ ਦੀਆਂ ਟਿੱਪਣੀਆਂ ਨੂੰ ‘ਨਿਰਾਧਾਰ ਤੇ ਬੇਬੁਨਿਆਦ’ ਕਰਾਰ ਦਿੰਦਿਆਂ ਉਨ੍ਹਾਂ ਦੀ ਸਖ਼ਤ ਨਿਖੇਧੀ ਕੀਤੀ ਹੈ।

ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਮੁਖੀ ਵੱਲੋਂ ਇਸ ਸੈਸ਼ਨ ਦੌਰਾਨ ਕਸ਼ਮੀਰ ਅਤੇ ਮਨੀਪੁਰ ਵਿੱਚ ਸਥਿਤੀ ਬਾਰੇ ਟਿੱਪਣੀਆਂ ਕੀਤੀਆਂ ਗਈਆਂ ਸਨ।

ਭਾਰਤ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਹਾਈ ਕਮਿਸ਼ਨਰ ਵੋਲਕਰ ਤੁਰਕ ਨੇ ‘ਤੈਅਸ਼ੁਦਾ ਅਤੇ ਬੇਬੁਨਿਆਦ’ ਟਿੱਪਣੀਆਂ ਕਰਨ ਲਈ ‘ਖੋਖਲੀ ਸ਼ਬਦਾਵਲੀ ਅਤੇ ਮਿਥ ਕੇ ਚੁਣੀਆਂ’ ਸਥਿਤੀਆਂ ਦੀ ਵਰਤੋਂ ਕੀਤੀ ਹੈ।

ਮਨੁੱਖੀ ਅਧਿਕਾਰ ਕੌਂਸਲ ਦੇ 58ਵੇਂ ਸੈਸ਼ਨ ’ਤੇ ਪ੍ਰਤੀਕਿਰਿਆ ਦਿੰਦਿਆਂ ਜਨੇਵਾ ਵਿੱਚ ਸੰਯੁਕਤ ਰਾਸ਼ਟਰ ਅਤੇ ਹੋਰ ਕੌਮਾਂਤਰੀ ਸੰਗਠਨਾਂ ਵਿੱਚ ਭਾਰਤ ਦੇ ਸਥਾਈ ਪ੍ਰਤੀਨਿਧੀ ਅਰਿੰਦਮ ਬਾਗਚੀ ਨੇ ਕਿਹਾ, ‘‘ਜਿਵੇਂ ਕਿ ਸਿੱਧੇ ਤੌਰ ’ਤੇ ਭਾਰਤ ਦਾ ਨਾਂ ਲਿਆ ਗਿਆ ਹੈ, ਮੈਂ ਇਸ ਗੱਲ ’ਤੇ ਜ਼ੋਰ ਦਿੰਦਿਆਂ ਸ਼ੁਰੂਆਤ ਕਰਦਾ ਹਾਂ ਕਿ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਇੱਕ ਸਿਹਤਮੰਦ, ਜੀਵੰਤ ਅਤੇ ਬਹੁਵਾਦੀ ਸਮਾਜ ਬਣਿਆ ਹੋਇਆ ਹੈ।’’ ਉਨ੍ਹਾਂ ਕਿਹਾ, ‘‘ਯੂਐੱਨ ਵਿੱਚ ਕੀਤੀਆਂ ਗਈਆਂ ਬੇਬੁਨਿਆਦ ਟਿੱਪਣੀਆਂ ਜ਼ਮੀਨੀ ਹਕੀਕਤਾਂ ਦੇ ਦੂਰ ਹਨ। ਭਾਰਤ ਵਾਸੀਆਂ ਨੇ ਸਾਡੇ ਬਾਰੇ ਅਜਿਹੀਆਂ ਗ਼ਲਤ ਧਾਰਨਾਵਾਂ ਨੂੰ ਵਾਰ-ਵਾਰ ਗ਼ਲਤ ਸਾਬਤ ਕੀਤਾ ਹੈ।’’

ਉਨ੍ਹਾਂ ਕਿਹਾ, ‘‘ਜੰਮੂ ਅਤੇ ਕਸ਼ਮੀਰ ਬਾਰੇ ਦਿੱਤਾ ਗਿਆ ਹਵਾਲਾ, ਜਿਸਨੂੰ ਗ਼ਲਤੀ ਨਾਲ ਕਸ਼ਮੀਰ ਕਿਹਾ ਗਿਆ ਹੈ, ਇਸ ਵਖਰੇਵੇਂ ਨੂੰ ਹੋਰ ਵੱਧ ਸਪਸ਼ਟ ਕਰਦਾ ਹੈ। ਅਫ਼ਸੋਸ ਦੀ ਗੱਲ ਹੈ ਕਿ ਅਜਿਹਾ ਉਸ ਸਾਲ ਦੌਰਾਨ ਹੋ ਰਿਹਾ ਹੈ, ਜਿਹੜਾ ਖੇਤਰ ਵਿਚ ਸ਼ਾਂਤੀ ਅਤੇ ਸਮਾਵੇਸ਼ੀ ਤਰੱਕੀ ਵਿੱਚ ਸੁਧਾਰ ਦੇ ਪੱਖ ਵਿਚ ਖੜ੍ਹਾ ਦਿਖਾਈ ਦਿੰਦਾ ਹੈ, ਭਾਵੇਂ ਇਹ ਸੂਬਾਈ ਚੋਣਾਂ ਵਿੱਚ ਭਾਰੀ ਵੋਟਿੰਗ ਦਾ ਮਾਮਲਾ ਹੋਵੇ, ਭਾਵੇਂ ਵਧ ਰਿਹਾ ਸੈਰ-ਸਪਾਟਾ ਹੋਵੇ ਜਾਂ ਤੇਜ਼ ਵਿਕਾਸ ਦੀ ਗਤੀ ਹੋਵੇ। ਸਾਫ਼ ਤੌਰ ’ਤੇ, ਗਲੋਬਲ ਅਪਡੇਟ ਨੂੰ ਅਸਲੀ ਅਪਡੇਟ ਦੀ ਲੋੜ ਹੈ।