National

ਹਿਮਾਚਲ ਪ੍ਰਦੇਸ਼ ਦੇ ਪਹਾੜੀ ਇਲਾਕਿਆਂ ’ਚ ਮੀਂਹ ਤੇ ਬਰਫ਼ਬਾਰੀ

ਸ਼ਿਮਲਾ-ਹਿਮਾਚਲ ਪ੍ਰਦੇਸ਼ ਦੇ ਕਈ ਇਲਾਕਿਆਂ ’ਚ ਅੱਜ ਸਵੇਰੇ ਤੋਂ ਹਲਕੀ ਬਾਰਸ਼ ਅਤੇ ਬਰਫ਼ਬਾਰੀ ਹੋਈ। ਇਸੇ ਦੌਰਾਨ ਸਥਾਨਕ ਮੌਸਮ ਵਿਭਾਗ ਨੇ 5 ਤੋਂ 9 ਮਾਰਚ ਤੱਕ ਮੌਸਮ ਖੁਸ਼ਕ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ।

ਉੱਪਰਲੇ ਤੇ ਕਬਾਇਲੀ ਇਲਾਕਿਆਂ ’ਚੋਂ ਕੋਠੀ ’ਚ ਸਭ ਤੋਂ ਵੱਧ 33 ਸੈਂਟੀਮੀਟਰ ਬਰਫ ਪਈ ਜਦਕਿ ਕੇਲਾਂਗ ’ਚ 20 ਸੈਂਟੀਮੀਟਰ, ਕੁਕੂਮਸੇਰੀ ’ਚ 16.2 ਸੈਂਟੀਮੀਟਰ, ਜੋਤ ’ਚ 6 ਸੈਂਟੀਮੀਟਰ, ਕਲਪਾ ’ਚ 4 ਸੈਂਟੀਮੀਟਰ, ਸਾਂਗਲਾ ’ਚ 3.5 ਸੈਂਟੀਮੀਟਰ ਅਤੇ ਸ਼ਿਲਾਰੋ ’ਚ 3 ਸੈਂਟੀਮੀਟਰ ਬਰਫ਼ਬਾਰੀ ਦਰਜ ਕੀਤੀ ਗਈ। ਅਧਿਕਾਰੀਆਂ ਨੇ ਕਿਹਾ ਕਿ ਇਨ੍ਹਾਂ ਇਲਾਕਿਆਂ ’ਚ ਕਈ ਸੜਕਾਂ ਆਵਾਜਾਈ ਲਈ ਬੰਦ ਰਹੀਆਂ ਜਿਸ ਕਾਰਨ ਰਾਹਗੀਰਾਂ ਤੋਂ ਇਲਾਵਾ ਸਥਾਨਕ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਆਵਾਜਾਈ ਬਹਾਲ ਕਰਨ ਲਈ ਸੜਕਾਂ ਸਾਫ਼ ਕਰਨ ਲਈ ਕੰਮ ਵੀ ਚੱਲਦਾ ਰਿਹਾ।

ਮੌਸਮ ਵਿਭਾਗ ਦਫ਼ਤਰ ਨੇ ਕਿਹਾ ਕਿ ਸੂਬੇ ਦੇ ਕਈ ਹਿੱਸਿਆਂ ’ਚ ਅੱਜ ਰੁਕ-ਰੁਕ ਕੇ ਮੀਂਹ ਪਿਆ, ਜਿਸ ਦੌਰਾਨ ਭੁੰਤਰ ’ਚ 25.8 ਐੱਮਐੱਮ (ਮਿਲੀਮੀਟਰ), ਮਨਾਲੀ ’ਚ 25 ਐੱਮਐੱਮ, ਸਿਓਬਾਗ ’ਚ 21.2 ਐੱਮਐੱਮ, ਨਾਹਨ ’ਚ 17.2 ਐੱਮਐੱਮ, ਸਹਾਰਨ ’ਚ 10.5 ਐੱਮਐੱਮ, ਧਰਮਸ਼ਾਲਾ ’ਚ 10 ਐੱਮ ਤੇ ਕਾਂਗੜਾ ’ਚ 9 ਐੱਮਐੱਮ ਮੀਂਹ ਦਰਜ ਕੀਤਾ ਗਿਆ। ਇਸੇ ਦੌਰਾਨ ਸਭ ਤੋਂ ਘੱਟ ਤਾਪਮਾਨ ਕੁਕੂਮਸੇਰੀ ’ਚ 5.2 ਡਿਗਰੀ ਜਦਕਿ ਸਭ ਤੋਂ ਵੱਧ ਊਨਾ ’ਚ 24.2 ਡਿਗਰੀ ਦਰਜ ਕੀਤਾ ਗਿਆ।