ਦੇਸ਼ ਮੋਦੀ ਸਰਕਾਰ ਵੱਲੋਂ ਪੈਦਾ ਕੀਤੇ ਸੰਕਟ ’ਚ ਘਿਰਿਆ: ਕਾਂਗਰਸ
ਨਵੀਂ ਦਿੱਲੀ-ਕਾਂਗਰਸ ਨੇ ਗੋਲਡ ਲੋਨ ’ਚ ਵਾਧੇ ਦਾ ਹਵਾਲਾ ਦਿੰਦਿਆਂ ਅੱਜ ਦਾਅਵਾ ਕੀਤਾ ਕਿ ਦੇਸ਼ ਦਾ ਅਰਥਚਾਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੈਦਾ ਕੀਤੇ ਸੰਕਟ ’ਚ ਘਿਰਿਆ ਹੋਇਆ ਹੈ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਇਹ ਵੀ ਕਿਹਾ ਕਿ ਫਰਵਰੀ 2025 ’ਚ ਰਿਜ਼ਰਵ ਬੈਂਕ ਦੇ ਅੰਕੜਿਆਂ ਤੋਂ ਪਤਾ ਲੱਗਾ ਹੈ ਕਿ ਗੋਲਡ ਲੋਨ ’ਚ 71.3 ਫੀਸਦ ਦਾ ਭਾਰੀ ਵਾਧਾ ਹੋਇਆ ਹੈ।
ਰਮੇਸ਼ ਨੇ ਐੱਕਸ ’ਤੇ ਪੋਸਟ ਕੀਤਾ, ‘ਭਾਰਤ ਦਾ ਅਰਥਚਾਰਾ ਮੋਦੀ ਸਰਕਾਰ ਵੱਲੋਂ ਪੈਦਾ ਕੀਤੇ ਸੰਕਟ ’ਚ ਘਿਰਿਆ ਹੋਇਆ ਹੈ। ਯਾਦ ਰੱਖੋ ਕਿ 2024 ਤੱਕ ਵੱਡੇ ਪੱਧਰ ’ਤੇ ਅਤੇ ਲਗਾਤਾਰ ਆਰਥਿਕ ਖੜੋਤ ਕਾਰਨ ਸਿਰਫ਼ ਪੰਜ ਸਾਲਾਂ ਅੰਦਰ ਗੋਲਡ ਲੋਨ ’ਚ 300 ਫੀਸਦ ਦਾ ਵਾਧਾ ਹੋਇਆ ਹੈ। ਗੋਲਡ ਲੋਨ ਦਾ ਅੰਕੜਾ ਪਹਿਲੀ ਵਾਰ ਇੱਕ ਲੱਖ ਕਰੋੜ ਰੁਪਏ ਤੋਂ ਪਾਰ ਚਲਾ ਗਿਆ ਹੈ।’ ਉਨ੍ਹਾਂ ਦਾਅਵਾ ਕੀਤਾ, ‘ਭਾਰਤ ਦੀਆਂ ਮਹਿਲਾਵਾਂ ਲਈ ਬੁਰੀਆਂ ਖ਼ਬਰਾਂ ਹੁਣ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਫਰਵਰੀ 2025 ’ਚ ਰਿਜ਼ਰਵ ਬੈਂਕ ਦੇ ਅੰਕੜਿਆਂ ਤੋਂ ਪਤਾ ਲੱਗਿਆ ਹੈ ਕਿ ਗੋਲਡ ਲੋਨ ’ਚ 71.3 ਫੀਸਦ ਦਾ ਭਾਰੀ ਵਾਧਾ ਹੋਇਆ ਹੈ, ਜਦਕਿ ਦੂਜੇ ਖੇਤਰ ’ਚ ਬੈਂਕ ਕਰਜ਼ਾ ਸੁਸਤ ਹੋ ਗਿਆ ਹੈ। ਰਿਹਾਇਸ਼ੀ ਕਰਜ਼ੇ ਤੋਂ ਲੈ ਕੇ ਕਾਰ ਲੋਨ ਤੱਕ, ਗੋਲਡ ਲੋਨ ਤੱਕ ਸੰਕਟ ਵਾਲੇ ਕਰਜ਼ੇ ਸਿਖਰ ’ਤੇ ਹਨ।