Sports

ਪੂਰੀ ਆਸਟਰੇਲਿਆਈ ਟੀਮ ਲਈ ਯੋਜਨਾ ਬਣਾਈ: ਸ਼ਾਹਿਦੀ

ਲਾਹੌਰ-ਅਫਗਾਨਿਸਤਾਨ ਕ੍ਰਿਕਟ ਟੀਮ ਦੇ ਕਪਤਾਨ ਹਸ਼ਮਤੁੱਲ੍ਹਾ ਸ਼ਾਹਿਦੀ ਨੇ ਕਿਹਾ ਕਿ ਉਹ ਸਿਰਫ ਗਲੈੱਨ ਮੈਕਸਵੈੱਲ ’ਤੇ ਧਿਆਨ ਕੇਂਦਰਤ ਨਹੀਂ ਕਰ ਰਹੇ ਬਲਕਿ ਉਨ੍ਹਾਂ ਪੂਰੀ ਆਸਟਰੇਲਿਆਈ ਟੀਮ ਲਈ ਯੋਜਨਾ ਉਲੀਕੀ ਹੈ। ਜੇ ਅਫਗਾਨਿਸਤਾਨ ਨੇ ਚੈਂਪੀਅਨਜ਼ ਟਰਾਫੀ ਦੀ ਦੌੜ ਵਿਚ ਬਣੇ ਰਹਿਣਾ ਹੈ ਤਾਂ ਉਨ੍ਹਾਂ ਨੂੰ ਅਗਲਾ ਮੈਚ ਹਰ ਹੀਲੇ ਜਿੱਤਣਾ ਪਵੇਗਾ। ਸ਼ਾਹਿਦੀ ਨੇ ਕਿਹਾ ਕਿ ਅਫਗਾਨਿਸਤਾਨ ਦੀ ਟੀਮ ਇਸ ਮੈਚ ਵਿਚ ਵੀ ਬਿਹਤਰ ਪ੍ਰਦਰਸ਼ਨ ਕਰੇਗੀ। ਇੱਥੇ ਅੱਠ ਦੌੜਾਂ ਦੀ ਯਾਦਗਾਰ ਜਿੱਤ ਨਾਲ ਇੰਗਲੈਂਡ ਨੂੰ ਟੂਰਨਾਮੈਂਟ ਤੋਂ ਬਾਹਰ ਕਰਨ ਤੋਂ ਬਾਅਦ ਅਫਗਾਨਿਸਤਾਨ ਹੁਣ ਇਸੇ ਮੈਦਾਨ ’ਤੇ ਭਲਕੇ ਆਸਟਰੇਲੀਆ ਨੂੰ ਹਰਾ ਕੇ ਸੈਮੀਫਾਈਨਲ ’ਚ ਜਗ੍ਹਾ ਬਣਾਉਣ ਦੀ ਕੋਸ਼ਿਸ਼ ਕਰੇਗਾ। ਸ਼ਾਹਿਦੀ ਨੇ ਮੈਚ ਤੋਂ ਪਹਿਲਾਂ ਪ੍ਰੈੱਸ ਕਾਨਫਰੰਸ ’ਚ ਕਿਹਾ, ‘ਤੁਹਾਨੂੰ ਲੱਗਦਾ ਹੈ ਕਿ ਕੀ ਅਸੀਂ ਸਿਰਫ ਮੈਕਸਵੈੱਲ ਨਾਲ ਖੇਡਣ ਲਈ ਆਵਾਂਗੇ? ਕੀ ਤੁਹਾਨੂੰ ਲੱਗਦਾ ਹੈ ਕਿ ਅਜਿਹਾ ਹੋਵੇਗਾ? ਅਸੀਂ ਪੂਰੀ ਆਸਟ੍ਰੇਲਿਆਈ ਟੀਮ ਲਈ ਯੋਜਨਾ ਬਣਾਈ ਹੈ ਅਤੇ ਮੈਂ ਜਾਣਦਾ ਹਾਂ ਕਿ ਉਹ (ਮੈਕਸਵੇਲ) 2023 ਵਿਸ਼ਵ ਕੱਪ ਵਿਚ ਬਹੁਤ ਵਧੀਆ ਖੇਡਿਆ ਸੀ ਪਰ ਉਹ ਇਤਿਹਾਸ ਦਾ ਹਿੱਸਾ ਹੈ। ਉਸ ਵੇਲੇ 292 ਦੌੜਾਂ ਦਾ ਪਿੱਛਾ ਕਰਦੇ ਹੋਏ ਆਸਟਰੇਲੀਆ ਦੀਆਂ ਇਕ ਵੇਲੇ 100 ਦੌੜਾਂ ਤੋਂ ਘੱਟ ’ਤੇ ਸੱਤ ਵਿਕਟਾਂ ਡਿੱਗ ਚੁੱਕੀਆਂ ਸਨ ਪਰ ਉਸ ਵੇਲੇ ਮੈਕਸਵੈੱਲ ਨੇ ਤੂਫਾਨੀ ਪਾਰੀ ਖੇਡਦਿਆਂ ਆਸਟਰੇਲੀਆ ਨੂੰ ਨਾ ਕੇਵਲ ਜਿੱਤ ਦਿਵਾਈ ਬਲਕਿ ਛੇਵਾਂ ਵਿਸ਼ਵ ਕੱਪ ਵੀ ਜਿਤਾਇਆ। ਹਾਲਾਂਕਿ ਅਫਗਾਨਿਸਤਾਨ ਨੇ ਇੱਕ ਸਾਲ ਬਾਅਦ ਟੀ-20 ਵਿਸ਼ਵ ਕੱਪ ਵਿੱਚ ਆਸਟਰੇਲੀਆ ਖ਼ਿਲਾਫ਼ ਜਿੱਤ ਹਾਸਲ ਕਰ ਕੇ ਉਸ ਦੁਖਦਾਈ ਹਾਰ ਦਾ ਬਦਲਾ ਲਿਆ। ਉਸ ਵੇਲੇ ਵੀ ਮੈਕਸਵੈੱਲ ਨੇ ਮੁੜ ਮੈਚ ਜਿੱਤਣ ਲਈ ਪੂਰਾ ਵਾਹ ਲਾਇਆ ਪਰ ਆਸਟਰੇਲੀਆ ਨੂੰ ਹਾਰ ਨਸੀਬ ਹੋਈ।