ਸਕੂਲ ਆਫ ਐਮੀਨੇਂਸ” ਦੇ ਨਾਂ ਹੇਠ ਸੈਂਕੜੇ ਸਕੂਲਾਂ ਦਾ ਉਜਾੜਾ ਬਰਦਾਸ਼ਤ ਨਹੀਂ: ਨਵਪ੍ਰੀਤ ਬੱਲੀ
ਐਸ ਏ ਐਸ ਨਗਰ,15,ਅਕਤੂਬਰ 2023(Monty singh )
ਗੌਰਮਿੰਟ ਟੀਚਰਜ ਯੂਨੀਅਨ ਪੰਜਾਬ (ਵਿਗਿਆਨਿਕ ) ਦੇ ਸੂਬਾ ਪ੍ਰਧਾਨ ਨਵਪ੍ਰੀਤ ਸਿੰਘ ਬੱਲੀ, ਸੂਬਾ ਜਨਰਲ ਸਕੱਤਰ ਸੁਰਿੰਦਰ ਕੰਬੋਜ, ਸੂਬਾ ਵਿੱਤ ਸਕੱਤਰ ਸੋਮ ਸਿੰਘ, ਸੂਬਾ ਪ੍ਰੈਸ ਸਕੱਤਰ ਐਨ ਡੀ ਤਿਵਾੜੀ ਨੇ ਆਮ ਆਦਮੀ ਪਾਰਟੀ ਦੀ ਸੂਬਾ ਸਰਕਾਰ ਤੇ ਦੋਸ਼ ਲਾਇਆ ਕਿ ਉਹ ਆਪਣੇ ਰਾਜਨੀਤਿਕ ਸੁਪਨਿਆਂ ਦੀ ਪੂਰਤੀ ਲਈ ਪੰਜਾਬ ਦੇ ਬਹੁਗਿਣਤੀ ਸਕੂਲਾਂ ਦਾ ਉਜਾੜਾ ਕਰ ਰਹੀ ਹੈ।ਪਿਛਲੀਆਂ ਸਰਕਾਰਾਂ ਦੇ ਨਕਸ਼ੇ-ਕਦਮ ਅਤੇ ਨਵੀਂ ਸਿੱਖਿਆ ਨੀਤੀ 2020 ਦੇ ਮਾਡਲ ਦੀ ਪੂਰਤੀ ਲਈ ਮਿਡਲ ਸਕੂਲਾਂ ਨੂੰ ਤਬਾਹ ਕਰਨ ਵੱਲ ਤੁਰ ਪਈ ਹੈ। ਜਿਸ ਨੂੰ ਪੰਜਾਬ ਦਾ ਅਧਿਆਪਕ ਵਰਗ ਬਰਦਾਸ਼ਤ ਨਹੀ ਕਰੇਗਾ। ਸੀਨੀਅਰ ਮੀਤ ਪ੍ਰਧਾਨ ਬਿਕਰਮਜੀਤ ਸਿੰਘ ਸ਼ਾਹ, ਮੀਤ ਪ੍ਰਧਾਨ ਜਤਿੰਦਰ ਸਿੰਘ ਸੋਨੀ, ਪਰਗਟ ਸਿੰਘ ਜੰਬਰ, ਗੁਰਜੀਤ ਸਿੰਘ ਮੋਹਾਲੀ, ਜਗਦੀਪ ਸਿੰਘ ਜੌਹਲ, ਗੁਰਮੀਤ ਸਿੰਘ ਖਾਲਸਾ ਨੇ ਕਿਹਾ ਕਿ ” ਸਕੂਲ ਆਫ ਐਮੀਨੈਂਸ” ਦੇ ਪ੍ਰੋਜੈਕਟ ਦੇ ਨਾਂ ਤੇ ਪੰਜਾਬ ਦੇ ਮਿਡਲ ਸਕੂਲ ਦਾ ਸਿੱਖਿਆ ਢਾਂਚਾ ਖਤਮ ਕੀਤਾ ਜਾ ਰਿਹਾ ਹੈ। ਇਹ ਵਿਤਕਰੇ ਭਰਪੂਰ ਸਿੱਖਿਆ ਮਾਡਲ ਦੇ ਨਾਂ ਹੇਠ ਨਵੀਂ ਸਿਖਿਆ ਨੀਤੀ ਨੂੰ ਪੰਜਾਬ ਦੇ ਸਕੂਲਾਂ ਵਿਚ ਥੋਪਿਆ ਜਾ ਰਿਹਾ ਹੈ।ਜਿਸ ਤਹਿਤ ਸੂਬੇ ਦੇ ਸਿਰਫ 117 ਸਕੂਲਾਂ ਨੂੰ ਮਾਡਲ ਸਕੂਲ ਬਣਾਉਣ ਲਈ ਬਾਕੀ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਤੋਂ ਸਿੱਖਿਆ ਸਹੂਲਤਾਂ ਨੂੰ ਖੋਹਿਆ ਜਾ ਰਿਹਾ ਹੈ। ਸਕੂਲ ਆਫ ਐਮੀਨੈਂਸ ਦੇ ਨਾਂ ਹੇਠ ਸਕੂਲੀ ਬੱਚਿਆਂ ਨਾਲ ਪਹਿਲਾਂ ਸਕੂਲ ਵਰਦੀ ਵਿੱਚ ਵੀ ਵਿਤਕਰਾ ਕਰਕੇ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਪ੍ਰਤੀ ਬੱਚਾ 600 ਰੁਪਏ ਤੇ ਸਕੂਲ ਆਫ ਐਮੀਨੈਂਸ ਦੇ ਵਿਦਿਆਰਥੀ ਨੂੰ 4000 ਰੁਪਏ ਪ੍ਰਤੀ ਵਿਦਿਆਰਥੀ ਵਰਦੀ ਲਈ ਦਿੱਤੇ ਗਏ ਸਨ। ਹੁਣ ਸਕੂਲ ਆਫ ਐਮੀਨੈਂਸ ਅਧਿਆਪਕਾਂ ਦੀ ਘਾਟ ਨੂੰ ਪੂਰਾ ਕਰਨ ਲਈ ਹੋਰ ਸਕੂਲਾਂ ਦੇ ਅਧਿਆਪਕਾਂ ਦੀ ਜਬਰੀ ਬਦਲੀ ਐਮੀਨੈਂਸ ਸਕੂਲਾਂ ਵਿੱਚ ਕਰ ਦਿੱਤੀ ਗਈ ਹੈ। ਮਿਡਲ ਸਕੂਲਾਂ ਵਿੱਚੋਂ ਆਰਟ ਐਂਡ ਕਰਾਫਟ ਅਧਿਆਪਕ ਚੁੱਕ ਦਿੱਤੇ ਗਏ ਹਨ।ਅਧਿਆਪਕਾਂ ਦੀ ਸਹਿਮਤੀ ਤੋਂ ਬਿਨਾਂ ਉਹਨਾਂ ਦੀਆਂ ਬਦਲੀਆਂ ਦੂਰ ਦਰਾਡੇ ਕਰ ਦਿੱਤੀਆਂ ਗਈਆਂ ਹਨ। ਜਥੇਬੰਦਕ ਸਕੱਤਰ ਕੰਵਲਜੀਤ ਸੰਗੋਵਾਲ, ਸੁੱਚਾ ਸਿੰਘ ਚਾਹਲ , ਜਗਤਾਰ ਸਿੰਘ ਖਮਾਣੋ ਨੇ ਕਿਹਾ ਕਿ ਅਧਿਆਪਕਾਂ ਦੀ ਕਮੀ ਨਾਲ ਜੂਝ ਰਹੇ ਸਰਕਾਰੀ ਸਕੂਲਾਂ ਵਿੱਚ ਨਵੀਂ ਭਰਤੀ ਕਰਨ ਦੀ ਬਜਾਏ ਸਕੂਲ ਆਫ ਐਮੀਨੈਂਸ ਵਿੱਚ ਅਧਿਆਪਕਾਂ ਨੂੰ ਇੱਧਰੋਂ ਉੱਧਰੋਂ ਸ਼ਿਫਟ ਕਰਕੇ ਸਰਕਾਰ ਡੰਗ ਸਾਰ ਰਹੀ ਹੈ।ਜਦੋਂ ਕਿ ਇਸ਼ਤਿਹਾਰ ਰਾਹੀਂ ਸਰਕਾਰ ਪੰਜਾਬ ਵਿੱਚ ਸਿੱਖਿਆ ਕ੍ਰਾਂਤੀ ਦਾ ਨਾਅਰਾ ਦੇ ਰਹੀ ਹੈ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਦੇ ਇਸ਼ਤਿਹਾਰ ਛਾਪੇ ਜਾ ਰਹੇ ਹਨ। ਜਥੇਬੰਦੀ ਮੰਗ ਕਰਦੀ ਹੈ ਕਿ ਸਰਕਾਰ ਭੇਦ-ਭਾਵ ਦੀ ਨੀਤੀ ਛੱਡ ਕੇ ਪੰਜਾਬ ਭਰ ਵਿੱਚ ਖਾਲੀ ਪਈਆਂ ਪੋਸਟਾਂ ਨੂੰ ਭਰਨ ਦੀ ਪ੍ਰਕ੍ਰਿਆ ਤੁਰੰਤ ਸ਼ੁਰੂ ਕਰੇ ਅਤੇ ਸਾਰੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਬਰਾਬਰ ਸਿੱਖਿਆ ਦੇਣ ਦੇ ਅਧਿਕਾਰ ਬਾਬਤ ਇਹ ਅਧਿਆਪਕਾਂ ਦੀ ਸਹਿਮਤੀ ਤੋਂ ਬਿਨਾਂ ਕੀਤੀਆਂ ਬਦਲੀਆਂ ਤੁਰੰਤ ਰੱਦ ਕਰੇ। ਇਸ ਮੌਕੇ ਸ਼ੁਰਮੁਖ ਸਿੰਘ ,ਲਾਲ ਚੰਦ, ਧਰਮਿੰਦਰ ਠਾਕਰੇ, ਰੇਸ਼ਮ ਸਿੰਘ, ਕਮਲ ਕੁਮਾਰ, ਅਨੀਸ਼ ਕੁਮਾਰ, ਰਸ਼ਮਿੰਦਰ ਸੋਨੂੰ, ਬਲਵਿੰਦਰ ਸਿੰਘ ਕਾਲੜਾ, ਗੁਰੇਕ ਸਿੰਘ,ਰਮਨ ਗੁਪਤਾ, ਅਨਮੋਲ ਰਤਨ ਸਿੰਘ ,ਅਸ਼ਵਨੀ ਕੁਮਾਰ ਹਾਜ਼ਰ ਸਨ।
ਐਨ ਡੀ ਤਿਵਾੜੀ
7973689591