ਵਿੱਤੀ ਬੋਝ ਵਧਿਆ, ਟੋਲ ਪਲਾਜ਼ਾ ਦੇ ਰੇਟ ਅੱਜ ਤੋਂ ਵਧੇ ਵਾਧਾ…
ਨੈਸ਼ਨਲ ਹਾਈਵੇ ‘ਤੇ ਸਥਿਤ ਲਾਡੋਵਾਲ ਟੋਲ ਪਲਾਜ਼ਾ ਦੇ ਰੇਟ ਇਕ ਵਾਰ ਫਿਰ ਵਧ ਗਏ ਹਨ। ਇਸ ਦੇ ਨਾਲ ਹੀ ਪਾਣੀਪਤ ਤੋਂ ਅੰਮ੍ਰਿਤਸਰ ਤੱਕ ਦੇ ਸਾਰੇ ਟੋਲ ਪਲਾਜ਼ਿਆਂ ਦੇ ਰੇਟ 31 ਅਗਸਤ ਦੀ ਅੱਧੀ ਰਾਤ 12 ਤੋਂ ਵਧਾ ਦਿੱਤੇ ਜਾਣਗੇ ਅਤੇ ਹੁਣ 10 ਤੋਂ 15 ਫੀਸਦੀ ਹੋਰ ਟੋਲ ਵਸੂਲਿਆ ਜਾਵੇਗਾ। ਦੱਸ ਦਈਏ ਕਿ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਹਰ ਸਾਲ ਸਤੰਬਰ ਮਹੀਨੇ ‘ਚ ਸਾਰੇ ਟੋਲ ਪਲਾਜ਼ਿਆਂ ਦੀ ਫੀਸ ਵਧਾਈ ਜਾਂਦੀ ਹੈ। ਟੋਲ ਦੀਆਂ ਵਧੀਆਂ ਕੀਮਤਾਂ ਕਾਰਨ ਰਾਹਗੀਰਾਂ ਦੀਆਂ ਜੇਬਾਂ ‘ਤੇ ਭਾਰੀ ਆਰਥਿਕ ਬੋਝ ਪੈ ਗਿਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਲਾਡੋਵਾਲ ਟੋਲ ਪਲਾਜ਼ਾ ਦੇ ਮੈਨੇਜਰ ਅਨੂਪ ਦਾਸ ਨੇ ਦੱਸਿਆ ਕਿ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹਰ ਸਾਲ 1 ਸਤੰਬਰ ਨੂੰ ਟੋਲ ਫੀਸਾਂ ਵਿੱਚ ਵਾਧਾ ਕੀਤਾ ਜਾਂਦਾ ਹੈ। ਸਾਡੀ ਕੰਪਨੀ ਵੱਲੋਂ ਲੋਕਲ ਮਾਸਿਕ ਪਾਸ ਪੁਰਾਣੇ ਰੇਟਾਂ ‘ਤੇ ਹੀ ਬਣਾਏ ਜਾ ਰਹੇ ਹਨ। ਇਸ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਲਾਡੋਵਾਲ ਟੋਲ ਪਲਾਜ਼ਾ ‘ਤੇ ਕਾਰ ਅਤੇ ਜੀਪ ਲਈ ਇਕ ਤਰਫਾ ਟੋਲ 150 ਰੁਪਏ, ਆਉਣ-ਜਾਣ ਲਈ 225 ਰੁਪਏ ਅਤੇ ਮਹੀਨਾਵਾਰ ਪਾਸ ਫੀਸ 4505 ਰੁਪਏ ਸੀ। ਅੱਜ ਤੋਂ ਵਨਵੇਅ ਲਈ 155 ਰੁਪਏ, ਰਾਊਂਡ ਟ੍ਰਿਪ ਲਈ 235 ਰੁਪਏ ਅਤੇ ਮਾਸਿਕ ਪਾਸ ਲਈ 4710 ਰੁਪਏ ਵਸੂਲੇ ਜਾਣਗੇ। ਇਸੇ ਤਰ੍ਹਾਂ ਪਹਿਲਾਂ ਐੱਲ.ਸੀ.ਬੀ. ਵਾਹਨਾਂ ਲਈ ਵਨ ਵੇਅ ਲਈ 265, ਆਉਣ-ਜਾਣ ਲਈ 395 ਅਤੇ ਮਾਸਿਕ ਪਾਸ ਲਈ 7880 ਰੁਪਏ ਦਾ ਖਰਚਾ ਆਉਂਦਾ ਸੀ, ਹੁਣ ਵਨਵੇਅ ਲਈ 275, ਆਉਣ-ਜਾਣ ਲਈ 410 ਅਤੇ ਮਾਸਿਕ ਪਾਸ ਲਈ 8240 ਰੁਪਏ ਖਰਚ ਹੋਣਗੇ।
