ਲੇਖਕ ਦੀ ਜ਼ਬਾਨੀ।
ਚਾਰੇ ਪਾਸੇ ਕੁਦਰਤ ਦੀ ਕਰੋਪੀ ਭਾਰੂ ਹੈ , ਪੰਜਾਬ ਅਤੇ ਹਿਮਾਚਲ ਦੇ ਵੀਡਿਓ ਅਤੇ ਫੋਟੋ ਦੇਖੀਆਂ ਨਹੀਂ ਜਾਂਦੀਆਂ , ਚਾਰੇ ਪਾਸੇ ਤਬਾਹੀ ਦਾ ਮੰਜ਼ਰ ਹੈ ਪਰ ਇਸ ਸਾਰੇ ਮਾਹੌਲ ਵਿੱਚ ਇਨਸਾਨੀਅਤ ਦੇ ਮਾਪਦੰਡਾਂ ‘ ਤੇ ਖ਼ਰਾ ਕੌਣ ਉੱਤਰ ਰਿਹਾ ਹੈ ? ਕੌਣ ਹੈ ਜੋ ਭੁੱਖਿਆਂ ਨੂੰ ਰੋਟੀ ਪਹੁੰਚਾ ਰਿਹਾ ਹੈ ? ਜੋ ਬੱਚਿਆਂ ਤੱਕ ਦੁੱਧ ਪਹੁੰਚਾ ਰਹੇ ਹਨ , ਜੋ ਬੁੱਢਿਆਂ ਤੱਕ ਦਵਾਈਆਂ ਪਹੁੰਚਾ ਰਹੇ ਹਨ , ਇਹ ਲੋਕ ਕੌਣ ਹਨ ? ਕੌਣ ਹਨ ਜੋ ਪੈਸੇ ਨਹੀਂ ਕਮਾ ਰਹੇ ਸਗੋਂ ਪੈਸੇ ਲੁਟਾ ਰਹੇ ਹਨ ? ਜਿੰਨਾਂ ਨੇ ਚੀਜ਼ਾਂ ਦੇ ਰੇਟ ਦੁੱਗਣੇ ਚੌਗੁਣੇ ਨਹੀਂ ਕੀਤੇ , ਆਖਿਰ ਕੌਣ ਹਨ ਇਹ ਲੋਕ ? ਇਹ ਲੋਕ ਕਿਤੇ ਓਹੀ ਤਾਂ ਨਹੀਂ ਜਿੰਨਾਂ ਨੇ ਪਿਛਲੇ ਸਾਲਾਂ ‘ ਚ ਦਿੱਲੀ ਘੇਰ ਲਈ ਸੀ ? ਇਹ ਕਿਤੇ ਓਹ ਲੋਕ ਤਾਂ ਨਹੀਂ ਜਿੰਨਾਂ ਨੇ ਦੇਸ਼ ਦਾ ਹੰਕਾਰੀ ਰਾਜਾ ਗੋਡਿਆਂ ਪਰਨੇ ਕਰ ਲਿਆ ਸੀ ? ਇਹ ਓਹੀ ਲੋਕ ਤਾਂ ਨਹੀਂ ਜਿੰਨਾਂ ਦਾ ਕੇਸਰੀ ਨਿਸ਼ਾਨ ਸਾਹਿਬ ਦਿੱਲੀ ਦੇ ਲਾਲ ਕਿਲ੍ਹੇ ਦੀ ਹਿੱਕ ਤੇ ਮਾਣ ਨਾਲ ਲਹਿਰਾਇਆ ਸੀ ? ਇਹ ਓਹੀ ਲੋਕ ਤਾਂ ਨਹੀਂ ਜਿੰਨਾਂ ਦਾ ਨਿਸ਼ਾਨ ਸਾਹਿਬ ਅਤੇ ਜਿੰਨਾਂ ਦੇ ਸ਼ਹੀਦ ਸਿੰਘਾਂ ਦੀਆਂ ਤਸਵੀਰਾਂ ਗੁਆਢੀਂ ਰਾਜਾਂ ਨੂੰ ਚੁੱਭਦੀਆਂ ਸਨ … ‘ ਤੇ ਅੱਜ ਓਹੀ ਨਿਸ਼ਾਨ ਸਾਹਿਬ , ਓਹੀ ਸ਼ਹੀਦ ਸਿੰਘਾਂ ਦੇ ਪੈਰੋਕਾਰ ਜਦ ਹੜ੍ਹਾਂ ‘ਚ ਉਹਨਾਂ ਦੀ ਮੱਦਦ ਕਰ ਰਹੇ ਹਨ ਤਾਂ ਓਹ ਲੋਕ ਕੀ ਸੋਚ ਰਹੇ ਹਨ ? ਜੋ ਲੋਕ ਕੱਲ ਇੰਨਾਂ ਦੇ ਨਿਸ਼ਾਨ ਸਾਹਿਬ ਅਤੇ ਸ਼ਹੀਦ ਸਿੰਘਾਂ ਦੀਆਂ ਤਸਵੀਰਾਂ ਤੋਂ ਔਖੇ ਹੁੰਦੇ ਸੀ । ਮੈਂ ਅਕਸਰ ਸੋਚਦਾ ਹਾਂ ਕਿ ਅਜਿਹੇ ਮੌਕਿਆਂ ‘ ਤੇ ਸਾਰਾ ਪੰਜਾਬ ਵੱਖ ਹੋ ਕੇ ਸਾਰੇ ਭਾਰਤ ਨਾਲੋਂ ਵੱਖ ਭੂਮਿਕਾ ਕਿਉਂ ਨਿਭਾਉਂਦਾ ਹੈ ? ਕੀ ਇਹੋ ਗੁਰਾਂ ਦੀ ਬਾਣੀ ਦਾ ਅਸਰ ਹੈ ? ਕੀ ਇਹੋ ਗੁਰਾਂ ਦੀ ਦਿੱਤੀ ਸਿੱਖਿਆ ਦਾ ਅਸਰ ਹੈ ? ਕੀ ਇਹੋ ਪੰਜਾਬ ਦੀ ਧਰਤੀ ਅਤੇ ਪੰਜਾਬ ਦੀ ਮਿੱਟੀ ਦਾ ਅਸਰ ਹੈ ( ਏਥੇ ਪੰਜਾਬ ਸ਼ਬਦ ਦੋਨਾਂ ਪੰਜਾਬਾਂ ਲਈ ਵਰਤਿਆ ਜਾ ਰਿਹਾ ਹੈ ) ਮੈਂ ਅਕਸਰ ਸੋਚਦਾ ਹਾਂ ਕਿ ਪੰਜਾਬ ਸਿਰਫ ਪ੍ਰਦੇਸ ਨਹੀਂ ਹੈ ਸਗੋਂ ਪੂਰਾ ਦੇਸ ਹੈ ਦੇਸ਼ ਪੰਜਾਬ ! ਏਹੋ ਹੈ ਗੁਰਾਂ ਦੇ ਨਾਂਅ ਤੇ ਵੱਸਦਾ ਪੰਜਾਬ। ਜਦ ਮਰਜ਼ੀ ਪਰਖ ਲਓ , ਇਤਿਹਾਸ ਪੜ੍ਹ ਲਓ , ਦੁਨੀਆਂ ਮੰਨੇ ਜਾਂ ਨਾ ਮੰਨੇ ਸਾਡੀ ਖਸਲਤ ਹੋਰ ਹੈ , ਇਸੇ ਲਈ ਅਸੀਂ ਬਹੁਤਿਆਂ ਦੀਆਂ ਅੱਖਾਂ ‘ ਚ ਚੁੱਭਦੇ ਹਾਂ । ਏਸੇ ਲਈ ਸਾਡੇ ‘ ਤੇ ਹਮਲੇ ਹੁੰਦੇ ਰਹਿੰਦੇ ਹਨ , ਆਉਣ ਵਾਲਾ ਵਕਤ ਹੋਰ ਬਹੁਤ ਕੁੱਝ ਸਪਸ਼ਟ ਕਰੇਗਾ , ਬਹੁਤ ਕੁੱਝ ਦਾ ਨਿਤਾਰਾ ਕਰੇਗਾ , ਦੇਖਦੇ ਰਹਿਣਾ ਇੱਕ ਦਿਨ ” ਦੇਸ਼ ਪੰਜਾਬ” ਦੀ ਪਛਾਣ ਅਤੇ ਹੋਂਦ ਦੁਬਾਰਾ ਪੁਖ਼ਤਾ ਹੋ ਕੇ ਸਦਾ ਲਈ ਸਥਾਪਿਤ ਹੋਵੇਗੀ , ਚੜਦੀ ਕਲਾ !
#ਅਮਰਦੀਪਸਿੰਘਗਿੱਲ
