_*30 ਅਤੇ 31 ਮਈ ਸਰਕਾਰੀ ਸਕੂਲਾਂ ਵਿੱਚ ਲਗਾਏ ਜਾਣਗੇ ਕਿਤਾਬਾਂ ਦੇ ਸਟਾਲ*_ *ਵਿਦਿਆਰਥੀ ਪੜ੍ਹਨ ਲਈ ਲੈ ਸਕਣਗੇ ਆਪਣੀ ਪਸੰਦ ਦੀਆਂ ਕਿਤਾਬਾਂ*

*ਵਿਦਿਆਰਥੀਆਂ ਨੂੰ ਸਾਹਿਤ ਨਾਲ ਜੋੜਨ ਲਈ ਸਿੱਖਿਆ ਵਿਭਾਗ ਦਾ ਵਿਸ਼ੇਸ਼ ਉਪਰਾਲਾ*

 

ਜਲੰਧਰ 28 ਮਈ ( ਚਰਨਜੀਤ ਸਿੰਘ )- ਵਿਦਿਆਰਥੀਆਂ ਵਿਚ ਕਿਤਾਬਾਂ ਪ੍ਰਤੀ ਰੂਚੀ ਪੈਦਾ ਕਰਨ ਅਤੇ ਵਿਦਿਆਰਥੀਆਂ ਨੂੰ ਸਾਹਿਤ ਨਾਲ ਜੋੜਨ ਦੇ ਮੰਤਵ ਨਾਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਰਾਜ ਦੇ ਸਮੂਹ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ 30 ਅਤੇ 31 ਮਈ ਨੂੰ ਲਾਇਬ੍ਰੇਰੀ ਦੀਆਂ ਕਿਤਾਬਾਂ ਦੇ ਸਟਾਲ ਲਗਾਏ ਜਾ ਰਹੇ ਹਨ ਤਾਂ ਜੋ ਵਿਦਿਆਰਥੀ ਆਪਣੀ ਰੂਚੀ ਅਨੁਸਾਰ ਕਿਤਾਬਾਂ ਦੀ ਚੋਣ ਕਰ ਸਕਣ ਅਤੇ ਵੱਧ ਤੋਂ ਵੱਧ ਸਾਹਿਤ ਨਾਲ ਜੁੜ ਸਕਣ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਭਜਨ ਸਿੰਘ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਗੁਰਚਰਨ ਸਿੰਘ ਮੁਲਤਾਨੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਜਿਲ੍ਹੇ ਦੇ ਸਮੂਹ ਸਰਕਾਰੀ ਸਕੂਲਾਂ ਦੇ ਮੁਖੀਆਂ ਨੂੰ ਹਿਦਾਇਤ ਜਾਰੀ ਕਰਕੇ ਕਿਤਾਬਾਂ ਦੀ ਪ੍ਰਦਰਸ਼ਨੀ ਲਗਾਉਣ ਲਈ ਕਹਿ ਦਿੱਤਾ ਗਿਆ ਹੈ । ਉੱਪ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ, ਰਾਜੀਵ ਜੋਸ਼ੀ ਨੇ ਸਕੂਲ ਮੁਖੀਆਂ ਨੂੰ ਹਦਾਇਤ ਦਿੰਦਿਆ ਕਿਹਾ ਕਿ ਵਿਦਿਆਰਥੀਆਂ ਨੂੰ 2-3 ਕਿਤਾਬਾਂ ਜਰੂਰ ਜਾਰੀ ਕੀਤੀਆਂ ਜਾਣ ਅਤੇ ਵਿਦਿਆਰਥੀਆਂ ਨੂੰ ਇਹਨਾਂ ਕਿਤਾਬਾਂ ਨੂੰ ਪੜ੍ਹਨ ਉਪਰੰਤ ਸੰਖੇਪ ਵਿੱਚ ਕੁਝ ਲਿਖ ਕੇ ਲਿਆਉਣ ਲਈ ਕਿਹਾ ਜਾਵੇ ਅਤੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਜਾਵੇ ਕਿ ਕਿਤਾਬਾਂ ਪੜ੍ਹਨ ਉਪਰੰਤ ਦੂਸਰੇ ਵਿਦਿਆਰਥੀਆਂ ਨਾਲ ਇਹਨਾਂ ਦਾ ਆਦਾਨ ਪ੍ਰਦਾਨ ਕੀਤਾ ਜਾਵੇ ਤਾਂ ਜੋ ਵਧੇਰੇ ਕਿਤਾਬਾਂ ਪੜ੍ਹਨ ਦਾ ਮੌਕਾ ਮਿਲ ਸਕੇ । ਉਹਨਾਂ ਸਮੂਹ ਅਧਿਆਪਕ ਸਹਿਬਾਨ ਨੂੰ ਆਪਣੇ ਵਿਦਿਆਰਥੀਆਂ ਨੂੰ ਮੌਲਿਕ ਰਚਨਾਵਾਂ ਲਿਖਣ ਲਈ ਪ੍ਰੇਰਿਤ ਕਰਨ ਅਤੇ ਛੁੱਟੀਆਂ ਤੋਂ ਬਾਅਦ ਅਜਿਹੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਵੀ ਕਿਹਾ ।