CBFC ਦਾ ਮੁੜ ਗਠਨ, ਹੰਸਰਾਜ ਹੰਸ, ਪ੍ਰੀਤੀ ਜ਼ਿੰਟਾ ਤੇ ਪੰਕਜ ਤ੍ਰਿਪਾਠੀ ਸਮੇਤ 18 ਮੈਂਬਰ ਸ਼ਾਮਲ
ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਸੈਂਟਰਲ ਬੋਰਡ ਆਫ਼ ਫ਼ਿਲਮ ਸਰਟੀਫਿਕੇਸ਼ਨ (CBFC) ਦਾ ਮੁੜ ਗਠਨ ਕਰਦਿਆਂ 18 ਨਵੇਂ ਮੈਂਬਰਾਂ ਦੀ ਨਿਯੁਕਤੀ ਕੀਤੀ ਹੈ। ਨਵੇਂ ਬੋਰਡ ਵਿੱਚ ਪੰਜਾਬੀ ਗਾਇਕ ਹੰਸਰਾਜ ਹੰਸ, ਅਦਾਕਾਰਾ ਪ੍ਰੀਤੀ ਜ਼ਿੰਟਾ, ਪੱਲਵੀ ਜੋਸ਼ੀ, ਰੂਪਾਲੀ ਗਾਂਗੁਲੀ, ਅਦਾਕਾਰ ਪੰਕਜ ਤ੍ਰਿਪਾਠੀ ਅਤੇ ਸੁਨੀਲ ਸ਼ੈੱਟੀ ਸਮੇਤ ਫ਼ਿਲਮ ਤੇ ਕਲਾ ਜਗਤ ਨਾਲ ਜੁੜੀਆਂ ਕਈ ਪ੍ਰਮੁੱਖ ਹਸਤੀਆਂ ਨੂੰ ਸ਼ਾਮਲ ਕੀਤਾ ਗਿਆ ਹੈ।
ਨਵੇਂ ਬੋਰਡ ਵਿੱਚ ਵਿਨੋਦ ਅਨੁਪਮ, ਮਨੋਜ ਜੋਸ਼ੀ, ਅਭਿਸ਼ੇਕ ਜੈਨ, ਤਿੰਨ ਵਾਰ ਗ੍ਰੈਮੀ ਐਵਾਰਡ ਜੇਤੂ ਸੰਗੀਤਕਾਰ ਰਿੱਕੀ ਕੇਜ, ਫ਼ਿਲਮ ਨਿਰਦੇਸ਼ਕ ਪ੍ਰਿਯਦਰਸ਼ਨ, ਸੁਪ੍ਰਿਆ ਯਾਰਲਾਗੱਡਾ, ਯਤੀੰਦਰ ਮਿਸ਼ਰਾ, ਨੀਲਾ ਮਾਧਵ ਪਾਂਡਾ, ਪ੍ਰੋਸੇਨਜੀਤ ਚੈਟਰਜੀ, ਨਿਸ਼ਿਗੰਧਾ ਵਾਡ, ਵਾਮਨ ਕੇਂਦਰੇ ਅਤੇ ਰਮੇਸ਼ ਪਤੰਗੇ ਵੀ ਸ਼ਾਮਲ ਹਨ।
ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਮੁਤਾਬਕ, CBFC ਦਾ ਇਹ ਮੁੜ ਗਠਨ ਤੁਰੰਤ ਪ੍ਰਭਾਵ ਨਾਲ ਕੀਤਾ ਗਿਆ ਹੈ। ਨਵੇਂ ਬੋਰਡ ਦਾ ਕਾਰਜਕਾਲ ਤਿੰਨ ਸਾਲ ਜਾਂ ਅਗਲੇ ਹੁਕਮਾਂ ਤੱਕ, ਜੋ ਵੀ ਪਹਿਲਾਂ ਹੋਵੇ, ਰਹੇਗਾ। ਇਹ ਨਿਯੁਕਤੀਆਂ ਸਿਨੇਮੈਟੋਗ੍ਰਾਫ ਐਕਟ, 1952 ਦੀ ਧਾਰਾ 3 ਅਤੇ ਸਿਨੇਮੈਟੋਗ੍ਰਾਫ (ਸਰਟੀਫਿਕੇਸ਼ਨ) ਨਿਯਮ, 2024 ਦੇ ਨਿਯਮ 3 ਤਹਿਤ ਕੀਤੀਆਂ ਗਈਆਂ ਹਨ।
CBFC ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਅਧੀਨ ਇੱਕ ਕਾਨੂੰਨੀ ਸੰਸਥਾ ਹੈ, ਜੋ ਭਾਰਤ ਵਿੱਚ ਫ਼ਿਲਮਾਂ ਦੇ ਜਨਤਕ ਪ੍ਰਦਰਸ਼ਨ ਲਈ ਸਰਟੀਫਿਕੇਸ਼ਨ ਪ੍ਰਕਿਰਿਆ ਨੂੰ ਨਿਯੰਤਰਿਤ ਕਰਦੀ ਹੈ।
