National

Adidas ਦੀ ਵੱਡੀ ਛਾਂਟੀ, ਗੁਰੂਗ੍ਰਾਮ ਦੇ ਇੰਡੀਆ ਟੈੱਕ ਹੱਬ ’ਚ ਲਗਭਗ 350 ਕਰਮਚਾਰੀ ਪ੍ਰਭਾਵਿਤ

ਗੁਰੂਗ੍ਰਾਮ: ਖੇਡ ਉਤਪਾਦ ਅਤੇ ਜੁੱਤੇ ਬਣਾਉਣ ਵਾਲੀ ਪ੍ਰਮੁੱਖ ਕੰਪਨੀ Adidas ਨੇ ਗੁਰੂਗ੍ਰਾਮ ਸਥਿਤ ਆਪਣੇ ‘ਇੰਡੀਆ ਟੈੱਕ ਹੱਬ’ ਵਿੱਚ ਵੱਡੇ ਪੱਧਰ ’ਤੇ ਕਰਮਚਾਰੀਆਂ ਦੀ ਛਾਂਟੀ ਕਰਨ ਦਾ ਫ਼ੈਸਲਾ ਕੀਤਾ ਹੈ। ਜਾਣਕਾਰੀ ਮੁਤਾਬਕ ਕੰਪਨੀ ਨੇ ਹੱਬ ਦੇ ਲਗਭਗ 50 ਫ਼ੀਸਦੀ ਅਮਲੇ ਨੂੰ ਘਟਾਉਣ ਦਾ ਐਲਾਨ ਕੀਤਾ ਹੈ, ਜਿਸ ਨਾਲ ਕਰੀਬ 300 ਤੋਂ 350 ਕਰਮਚਾਰੀ ਪ੍ਰਭਾਵਿਤ ਹੋ ਸਕਦੇ ਹਨ।

ਗੁਰੂਗ੍ਰਾਮ ਦੇ ਇਸ ਟੈੱਕ ਹੱਬ ਵਿੱਚ ਲਗਭਗ 700 ਕਰਮਚਾਰੀ ਕੰਮ ਕਰਦੇ ਹਨ। ਛਾਂਟੀ ਦੀ ਮਾਰ ਖ਼ਾਸ ਤੌਰ ’ਤੇ ਸਾਫ਼ਟਵੇਅਰ ਇੰਜੀਨੀਅਰਾਂ, ਡਾਟਾ ਸਾਇੰਸਦਾਨਾਂ ਅਤੇ ਡਾਟਾ ਇੰਜੀਨੀਅਰਾਂ ’ਤੇ ਪਈ ਹੈ।

ਕੰਪਨੀ ਨੇ ਮੰਗਲਵਾਰ, 15 ਸਤੰਬਰ ਨੂੰ ਹੋਈ ਟਾਊਨ ਹਾਲ ਮੀਟਿੰਗ ਦੌਰਾਨ ਕਰਮਚਾਰੀਆਂ ਨੂੰ ਇਸ ਫ਼ੈਸਲੇ ਬਾਰੇ ਜਾਣਕਾਰੀ ਦਿੱਤੀ। Adidas ਨੇ ਇਸ ਨੂੰ ‘ਔਖਾ ਫ਼ੈਸਲਾ’ ਦੱਸਦਿਆਂ ਕਿਹਾ ਕਿ ਇਸ ਦਾ ਮਕਸਦ ਕੰਪਨੀ ਦੇ ਕੰਮਕਾਜ ਨੂੰ ਹੋਰ ਸੁਚਾਰੂ ਬਣਾਉਣਾ ਅਤੇ ਤਕਨਾਲੋਜੀ ਵਿਭਾਗ ਨੂੰ ਕਾਰੋਬਾਰ ਦੀਆਂ ਬਦਲਦੀਆਂ ਲੋੜਾਂ ਦੇ ਅਨੁਕੂਲ ਕਰਨਾ ਹੈ।

Adidas ਦੇ ਬਿਆਨ ਮੁਤਾਬਕ, ਭਾਰਤ ਵਿੱਚ ਟੈੱਕ ਵਿਭਾਗ ਦੇ ਕੁਝ ਅਹੁਦਿਆਂ ਨੂੰ ਘਟਾਉਣ ਦਾ ਫ਼ੈਸਲਾ ਕੰਪਨੀ ਦੇ ਕੰਮਕਾਜੀ ਮਾਡਲ ਨੂੰ ਬਿਹਤਰ ਬਣਾਉਣ ਲਈ ਲਿਆ ਗਿਆ ਹੈ। ਕੰਪਨੀ ਦਾ ਕਹਿਣਾ ਹੈ ਕਿ ਇਨ੍ਹਾਂ ਤਬਦੀਲੀਆਂ ਰਾਹੀਂ ਸੰਗਠਨ ਦੇ ਵੱਖ-ਵੱਖ ਹਿੱਸਿਆਂ ਨੂੰ ਸੁਚਾਰੂ ਬਣਾਉਣ, ਮਹੱਤਵਪੂਰਨ ਹੁਨਰਾਂ ਨੂੰ ਮਜ਼ਬੂਤ ਕਰਨ ਅਤੇ ਬਦਲਦੇ ਕਾਰੋਬਾਰੀ ਤੇ ਤਕਨੀਕੀ ਮਾਹੌਲ ਲਈ ਸੰਸਥਾ ਨੂੰ ਤਿਆਰ ਕਰਨ ’ਤੇ ਧਿਆਨ ਦਿੱਤਾ ਜਾਵੇਗਾ।

ਰਿਪੋਰਟਾਂ ਮੁਤਾਬਕ ਕਰਮਚਾਰੀਆਂ ਦੇ ਇੱਕ ਗਰੁੱਪ ਨੂੰ 15 ਸਤੰਬਰ ਨੂੰ ਹੀ ਨੌਕਰੀ ਖ਼ਤਮ ਕਰਨ ਸਬੰਧੀ ਪੱਤਰ ਸੌਂਪ ਦਿੱਤੇ ਗਏ, ਜਦਕਿ ਦੂਜੇ ਗਰੁੱਪ ਨੂੰ 15 ਦਸੰਬਰ ਤੱਕ ਕੰਮ ਕਰਨ ਲਈ ਕਿਹਾ ਗਿਆ ਹੈ। ਇਸ ਸਮੇਂ ਦੌਰਾਨ ਉਹ ਆਪਣੀਆਂ ਜ਼ਿੰਮੇਵਾਰੀਆਂ ਹੋਰ ਸਾਥੀਆਂ ਨੂੰ ਸੌਂਪਣਗੇ।

ਕੰਪਨੀ ਨੇ ਪ੍ਰਭਾਵਿਤ ਕਰਮਚਾਰੀਆਂ ਦੇ ਯੋਗਦਾਨ ਲਈ ਧੰਨਵਾਦ ਕਰਦਿਆਂ ਕਿਹਾ ਹੈ ਕਿ ਛਾਂਟੀ ਨਾਲ ਪ੍ਰਭਾਵਿਤ ਸਟਾਫ਼ ਨੂੰ ਹਮਦਰਦੀ, ਸਤਿਕਾਰ ਅਤੇ ਉਚਿਤ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।

ਸਾਲ 2021 ਵਿੱਚ ਸਥਾਪਿਤ ਕੀਤਾ ਗਿਆ Adidas ਦਾ ਇੰਡੀਆ ਟੈੱਕ ਹੱਬ ਕੰਪਨੀ ਦੇ ਉਤਪਾਦਾਂ ਨਾਲ ਜੁੜੇ ਤਕਨਾਲੋਜੀ ਅਤੇ ਇੰਜੀਨੀਅਰਿੰਗ ਕੰਮਾਂ ਲਈ ਪ੍ਰਤਿਭਾ ਨੂੰ ਆਕਰਸ਼ਿਤ ਕਰਨ ਦੇ ਉਦੇਸ਼ ਨਾਲ ਬਣਾਇਆ ਗਿਆ ਸੀ। ਹੁਣ ਹੱਬ ਵਿੱਚ ਕੀਤੀ ਜਾ ਰਹੀ ਇਹ ਵੱਡੀ ਛਾਂਟੀ ਟੈੱਕ ਖੇਤਰ ਵਿੱਚ ਜਾਰੀ ਨੌਕਰੀਆਂ ਦੀ ਕਟੌਤੀ ਦੇ ਵਿਆਪਕ ਰੁਝਾਨ ਵਿਚਕਾਰ ਹੋਈ ਹੈ। ਇਸ ਤੋਂ ਪਹਿਲਾਂ Oracle ਸਮੇਤ ਕਈ ਤਕਨਾਲੋਜੀ ਕੰਪਨੀਆਂ ਵੱਲੋਂ ਵੀ ਕਰਮਚਾਰੀਆਂ ਦੀ ਗਿਣਤੀ ਘਟਾਉਣ ਦੀਆਂ ਖ਼ਬਰਾਂ ਸਾਹਮਣੇ ਆ ਚੁੱਕੀਆਂ ਹਨ।