Entertainment

ਜ਼ੁਬੀਨ ਗਰਗ ਦੇ ਨਿੱਜੀ ਸੁਰੱਖਿਆ ਅਧਿਕਾਰੀਆਂ ਦੀ ਗ੍ਰਿਫ਼ਤਾਰੀ

ਗੁਹਾਟੀ- ਜ਼ੁਬੀਨ ਗਰਗ ਦੇ ਦੋ ਨਿੱਜੀ ਸੁਰੱਖਿਆ ਅਧਿਕਾਰੀਆਂ (ਪੀਐੱਸਓ) ਨੂੰ ਪਿਛਲੇ ਮਹੀਨੇ ਸਿੰਗਾਪੁਰ ’ਚ ਗਾਇਕ ਦੀ ਮੌਤ ਦੇ ਮਾਮਲੇ ’ਚ ਸ਼ੁੱਕਰਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਕ ਅਧਿਕਾਰੀ ਨੇ ਕਿਹਾ ਕਿ ਜ਼ੁਬੀਨ ਗਰਗ ਦੀ ਸੁਰੱਖਿਆ ਲਈ ਸਰਕਾਰ ਵਲੋਂ ਨਿਯੁਕਤ ਕੀਤੇ ਗਏ ਦੋ ਨਿੱਜੀ ਸੁਰੱਖਿਆ ਅਧਿਕਾਰੀ (ਪੀਐੱਸਓ) ਨੰਦੇਸ਼ਵਰ ਬੋਰਾ ਤੇ ਪਰੇਸ਼ ਬੈਸ਼ਿਆ ਨੂੰ ਅਸਾਮ ਪੁਲਿਸ ਨੇ ਮੰਗਲਵਾਰ ਨੂੰ ਕਈ ਵਾਰੀ ਪੁੱਛਗਿੱਛ ਮਗਰੋਂ ਮੁਅੱਤਲ ਕਰ ਦਿੱਤਾ। ਉਨ੍ਹਾਂ ਦੇ ਬੈਂਕ ਖਾਤਿਆਂ ਰਾਹੀਂ ਕਈ ਲੱਖ ਰੁਪਏ ਦੇ ਵਿੱਤੀ ਲੈਣ-ਦੇਣ ਕੀਤੇ ਗਏ, ਜਿਸ ਨਾਲ ਸ਼ੱਕ ਪੈਦਾ ਹੋਇਆ। ਇਸ ਗ੍ਰਿਫ਼ਤਾਰੀ ਦੇ ਨਾਲ ਗਰਗ ਦੀ ਮੌਤ ਦੇ ਸਬੰਧ ’ਚ ਹੁਣ ਤੱਕ ਕੁੱਲ ਸੱਤ ਲੋਕਾਂ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ। ਇਸ ਤੋਂ ਪਹਿਲਾਂ ਉੱਤਰ ਪੂਰਬੀ ਭਾਰਤ ਮਹਾਉਤਸਵ ਦੇ ਪ੍ਰਬੰਧਕ ਸ਼ਿਆਮਕਾਨੂ ਮਹੰਤਾ, ਗਾਇਕ ਦੇ ਚਚੇਰੇ ਭਰਾ ਸੰਦੀਪਨ ਗਰਗ, ਉਨ੍ਹਾਂ ਦੇ ਪ੍ਰਬੰਧਕ ਸਿਧਾਰਥ ਸ਼ਰਮਾ, ਸੰਗੀਤਕਾਰ ਸ਼ੇਖਰ ਜਯੋਤੀ ਗੋਸਵਾਮੀ ਤੇ ਗਾਇਕ ਅੰਮਿ੍ਰਤਪ੍ਰਵਾ ਮਹੰਤਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਅਸਾਮ ਦੇ ਲੋਕਾਂ ਲਈ ਇਕ ਸੱਭਿਆਚਾਰਕ ਪ੍ਰਤੀਕ ਦੀ ਹੈਸੀਅਤ ਰੱਖਣ ਵਾਲੇ ਜ਼ੁਬੀਨ ਗਰਗ ਦਾ 19 ਸਤੰਬਰ ਨੂੰ ਸਿੰਗਾਪੁਰ ’ਚ ਸਮੁੰਦਰ ’ਚ ਤੈਰਦੇ ਸਮੇਂ ਦੇਹਾਂਤ ਹੋ ਗਿਆ ਸੀ। ਉਹ ਉੱਤਰ ਪੂਰਬੀ ਭਾਰਤ ਮਹਾਉਤਸਵ ’ਚ ਹਿੱਸਾ ਲੈਣ ਲਈ ਦੱਖਣ ਪੂਰਬੀ ਏਸ਼ਿਆਈ ਦੇਸ਼ ਗਏ ਸਨ।