ਅਕਸ਼ੈ ਕੁਮਾਰ ਨੇ ਦਿੱਤੀ ਸਕੂਲਾਂ ’ਚ ਸਾਈਬਰ ਪੀਰੀਅਡ ਸ਼ੁਰੂ ਕਰਨ ਦੀ ਸਲਾਹ
ਮੁੰਬਈ – ਮਸ਼ਹੂਰ ਅਦਾਕਾਰ ਅਕਸ਼ੈ ਕੁਮਾਰ ਨੇ ਮਹਾਰਾਸ਼ਟਰ ਪੁਲਿਸ ਦੁਆਰਾ ਮਨਾਏ ਜਾ ਰਹੇ ਸਾਈਬਰ ਜਾਗਰੂਕਤਾ ਮਹੀਨੇ 2025 ਦੌਰਾਨ ਆਪਣੇ ਘਰ ’ਚ ਹੋਈ ਇਕ ਚਿੰਤਾਜਨਕ ਘਟਨਾ ਦਾ ਜ਼ਿਕਰ ਕਰਦਿਆਂ ਸਕੂਲਾਂ ’ਚ ਹਫ਼ਤਾਵਾਰੀ ਸਾਈਬਰ ਪੀਰੀਅਡ ਸ਼ੁਰੂ ਕਰਨ ਦੀ ਸਲਾਹ ਦਿੱਤੀ ਹੈ। ਇਸ ਪ੍ਰੋਗਰਾਮ ’ਚ ਮਹਾਰਾਸ਼ਟਰ ਦੇ ਉੱਚ ਪੁਲਿਸ ਅਧਿਕਾਰੀ ਅਤੇ ਸੂਬੇ ਦੇ ਗ੍ਰਹਿ ਮੰਤਰਾਲੇ ਦੇ ਇੰਚਾਰਜ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਵੀ ਮੌਜੂਦ ਸਨ।
ਮਹਾਰਾਸ਼ਟਰ ਪੁਲਿਸ ਦੇ ਡਾਇਰੈਕਟੋਰੇਟ ’ਚ ਸਾਈਬਰ ਜਾਗਰੂਕਤਾ ਮਹੀਨੇ ਦੇ ਮੌਕੇ ‘ਤੇ ਕਰਵਾਏ ਗਏ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਅਕਸ਼ੈ ਨੇ ਦੱਸਿਆ ਕਿ ਉਸਦੀ 13 ਸਾਲ ਦੀ ਧੀ ਕੁਝ ਮਹੀਨੇ ਪਹਿਲਾਂ ਆਨਲਾਈਨ ਵੀਡੀਓ ਗੇਮ ਖੇਡ ਰਹੀ ਸੀ। ਇਸ ਦੌਰਾਨ ਇਕ ਅਣਜਾਣ ਵਿਅਕਤੀ ਨੇ ਪਹਿਲਾਂ ਤਾਂ ਉਸਦੀ ਖੇਡ ਦੀ ਸ਼ਲਾਘਾ ਕੀਤੀ, ਫਿਰ ਪੁੱਛਿਆ ਕਿ ਤੁਸੀਂ ਕਿੱਥੋਂ ਦੇ ਹੋ। ਲੜਕੀ ਨੇ ਦੱਸਿਆ ਕਿ ਉਹ ਮੁੰਬਈ ਤੋਂ ਹੈ। ਇਸ ਤੋਂ ਬਾਅਦ, ਅਣਜਾਣ ਵਿਅਕਤੀ ਨੇ ਪੁੱਛਿਆ ਕਿ ਤੁਸੀਂ ਮਰਦ ਹੋ ਜਾਂ ਮਹਿਲਾ। ਲੜਕੀ ਨੇ ਦੱਸਿਆ ਕਿ ਮੈਂ ਔਰਤ ਹਾਂ। ਇਸ ਤੋਂ ਬਾਅਦ, ਉਸ ਅਣਜਾਣ ਵਿਅਕਤੀ ਨੇ ਲੜਕੀ ਤੋਂ ਸਿੱਧਾ ਉਸਦੀ ਨਗਨ ਤਸਵੀਰਾਂ ਭੇਜਣ ਦੀ ਬੇਨਤੀ ਕੀਤੀ। ਇਹ ਸੁਨੇਹਾ ਦੇਖਦਿਆਂ, ਲੜਕੀ ਨੇ ਤੁਰੰਤ ਆਪਣਾ ਮੋਬਾਈਲ ਫੋਨ ਬੰਦ ਕਰ ਦਿੱਤਾ ਅਤੇ ਪੂਰੀ ਘਟਨਾ ਆਪਣੀ ਮਾਂ ਨੂੰ ਦੱਸ ਦਿੱਤੀ। ਇਸ ਤਰ੍ਹਾਂ, ਉਹ ਕਿਸੇ ਵੀ ਕਿਸਮ ਦੀ ਦੁਰਘਟਨਾ ਤੋਂ ਬਚ ਗਈ।
ਅਕਸ਼ੈ ਨੇ ਇਸ ਘਟਨਾ ਦਾ ਜ਼ਿਕਰ ਕਰਦਿਆਂ ਪ੍ਰੋਗਰਾਮ ਵਿਚ ਮੌਜੂਦ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੂੰ ਬੇਨਤੀ ਕੀਤੀ ਕਿ ਮਹਾਰਾਸ਼ਟਰ ’ਚ ਸੱਤਵੀਂ ਤੋਂ ਦਸਵੀਂ ਤੱਕ ਦੀਆਂ ਜਮਾਤਾਂ ’ਚ ਲਾਜ਼ਮੀ ਤੌਰ ‘ਤੇ ਹਫਤਾਵਾਰੀ ਸਾਈਬਰ ਸੁਰੱਖਿਆ ਦੀ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ, ਤਾਂ ਜੋ ਬੱਚਿਆਂ ਨੂੰ ਕਿਸੇ ਵੀ ਕਿਸਮ ਦੀ ਸਾਈਬਰ ਜਾਲਸਾਜ਼ੀ ਤੋਂ ਬਚਾਇਆ ਜਾ ਸਕੇ। ਇਸ ਮੌਕੇ ਅਕਸ਼ੈ ਨੇ ਕਿਹਾ ਕਿ ਅੱਜਕਲ੍ਹ ਸਾਈਬਰ ਅਪਰਾਧ ਸੜਕਾਂ ‘ਤੇ ਹੋ ਰਹੇ ਅਪਰਾਧਾਂ ਨਾਲੋਂ ਵੀ ਜ਼ਿਆਦਾ ਖ਼ਤਰਨਾਕ ਹੋ ਗਏ ਹਨ। ਇਨ੍ਹਾਂ ਦੇ ਸ਼ਿਕਾਰ ਹੋਣ ਵਾਲੇ ਲੋਕਾਂ ਦੀ ਗਿਣਤੀ ਵੱਧ ਰਹੀ ਹੈ। ਬੱਚਿਆਂ ਨੂੰ ਇਸ ਦੀ ਰੈਗੂਲਰ ਜਾਣਕਾਰੀ ਦੇ ਕੇ ਹੀ ਇਸ ਤੋਂ ਬਚਾਇਆ ਜਾ ਸਕਦਾ ਹੈ।
