Punjab

ਪੰਚਾਂ ਦਾ ਕਿਹਾ ਸਿਰ ਮੱਥੇ, ਪਰਨਾਲਾ ਉੱਥੇ ਦਾ ਉੱਥੇ; ਸਥਾਨਕ ਸਰਕਾਰਾਂ ਬਾਰੇ ਮੰਤਰੀ ਦੇ ਹੁਕਮਾਂ ਨੂੰ ਵੀ ਟਿੱਚ ਜਾਣ ਰਹੇ ਜ਼ਿਲ੍ਹੇ ਦੇ ਅਫਸਰ

 ਕਪੂਰਥਲਾ- ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਣ ਛੋਹ ਪ੍ਰਾਪਤ ਇਤਿਹਾਸਕ ਨਗਰੀ ਸੁਲਤਾਨਪੁਰ ਲੋਧੀ ਨੂੰ ਸਿੱਖ ਧਰਮ ’ਚ ਬਹੁਤ ਹੀ ਉੱਚ ਸਥਾਨ ਪ੍ਰਾਪਤ ਹੈ ਪਰ ਇਸਦੇ ਬਾਵਜੂਦ ਨਾਨਕ ਦੀ ਨਗਰੀ ਵੱਲ ਕਿਸੇ ਵੀ ਸਰਕਾਰ ਨੇ ਕੋਈ ਵਿਸ਼ੇਸ਼ ਧਿਆਨ ਨਹੀ ਦਿੱਤਾ, ਬਲਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਨਾਨਕ ਦੀ ਕਰਮ ਭੂਮੀ ਨੂੰ ਪੂਰੀ ਤਰ੍ਹਾਂ ਨਜ਼ਰ ਅੰਦਾਜ਼ ਹੀ ਕਰੀ ਰੱਖਿਆ ਹੈ। ਹਾਲਾਂਕਿ ਪਹਿਲੀ ਪਾਤਸ਼ਾਹੀ ਦੇ 550ਵੇਂ ਪ੍ਰਕਾਸ਼ ਦਿਹਾੜੇ ਮੌਕੇ ਸੁਲਤਾਨਪੁਰ ਲੋਧੀ ਕੁਝ ਸਮੇਂ ਲਈ ਦੁਨੀਆ ਦੇ ਮਾਨ ਚਿੱਤਰ ’ਤੇ ਜ਼ਰੂਰ ਆਇਆ ਸੀ ਪਰ ਉਸ ਤੋਂ ਬਾਅਦ ਪੰਜਾਬ ਸਰਕਾਰ ਤੇ ਐੱਸਜੀਪੀਸੀ ਨੇ ਬਾਬਾ ਨਾਨਕ ਦੀ ਇਸ ਮਹਾਨ ਨਗਰੀ ਨੂੰ ਪੂਰੀ ਤਰ੍ਹਾਂ ਵਿਸਾਰ ਰੱਖਿਆ ਹੈ।

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ, ਸਿੱਖਿਆਵਾਂ, ਉਦਾਸੀਆਂ, ਉਪਦੇਸ਼ਾਂ, ਜੀਵਨ ਜਾਂਚ ਤੇ ਸਰਬਤ ਦੇ ਭੱਲੇ ਦੇ ਸਿਧਾਤਾਂ ਨੂੰ ਸੰਭਾਲਣ ਲਈ ਗੁਰੂ ਸਾਹਿਬ ਦੇ 550ਵੇਂ ਪ੍ਰਕਾਸ਼ ਦਿਹਾੜੇ ਤੇ ਸਾਲ 2019 ’ਚ ਕੇਂਦਰ ਤੇ ਪੰਜਾਬ ਸਰਕਾਰ ਨੇ ਸੁਲਤਾਨਪੁਰ ਲੋਧੀ ਵਿਚ 100 ਕਰੋੜ ਦੀ ਲਾਗਤ ਨਾਲ ਇਕ ਵਿਲੱਖਣ ਕਿਸਮ ਦਾ ਨਾਨਕ ਦਾ ਪਿੰਡ ਵਸਾਉਣ ਬਾਰੇ ਐਲਾਨ ਕੀਤਾ ਸੀ, ਜਿਸ ਦੇ ਦਰਸ਼ਨ ਕਰਨ ਲਈ ਆਉਣ ਵਾਲੇ ਹਰ ਮਨੁੱਖ ਨੂੰ ਅਧਿਆਤਮ ਦੀ ਇਕ ਅਨੋਖੀ ਦੁਨੀਆ ਦਾ ਅਹਿਸਾਸ ਹੋਇਆ ਕਰਨਾ ਸੀ ਪਰ ਲਗਪਗ ਪੰਜ ਸਾਲ ਦਾ ਸਮਾਂ ਬੀਤਣ ਦੇ ਬਾਵਜੂਦ ਨਾਨਕ ਦੇ ਪਿੰਡ ਦੀ ਹਾਲੇ ਤੱਕ ਇਕ ਵੀ ਇੱਟ ਨਹੀ ਲੱਗ ਸਕੀ ਹੈ। ਵੱਖ-ਵੱਖ ਥਾਵਾਂ ’ਤੇ ਦੋ ਵਾਰ ਜ਼ਮੀਨ ਐਕਵਾਇਰ ਕੀਤੀ ਗਈ ਪਰ ਇਸ ਤੋਂ ਅੱਗੇ ਕੁੱਝ ਨਹੀਂ ਹੋ ਸਕਿਆ ਹੈ।

ਇਤਿਹਾਸਕ ਸ਼ਹਿਰ ਸੁਲਤਾਨਪੁਰ ਲੋਧੀ ਨੂੰ ਸਮਾਰਟ ਸਿਟੀ ਵਜੋਂ ਵਿਕਸਤ ਕਰਨ ਤੇ ਸ਼ਹਿਰ ’ਚ ਥਾਂ-ਥਾਂ ਸੀਸੀਟੀਵੀ ਕੈਮਰੇ ਲਗਾਉਣ ਦੀ ਯੋਜਨਾ ਵੀ ਹਾਲੇ ਤੱਕ ਕਾਗਜ਼ਾਂ ’ਚ ਹੀ ਦਫਨ ਹੋਈ ਪਈ ਹੈ। ਸੁਲਤਾਨਪੁਰ ਲੋਧੀ ਸਮਾਰਟ ਸਿਟੀ ਤਾਂ ਪਤਾ ਨਹੀਂ ਕਦੋ ਬਣੇਗੀ ਪਰ ਕਰੀਬ ਢਾਈ ਸਾਲਾਂ ਤੋਂ ਇਹ ਨਰਕ ਸਿਟੀ ’ਚ ਜ਼ਰੂਰ ਤਬਦੀਲ ਹੋਈ ਪਈ ਹੈ। ਗੁਰੂ ਸਾਹਿਬ ਦੇ 550ਵੇਂ ਪ੍ਰਕਾਸ਼ ਦਿਹਾੜੇ ’ਤੇ ਕਰੀਬ 200 ਕਰੋੜ ਦੀ ਲਾਗਤ ਨਾਲ ਸ਼ਹਿਰ ਦੀਆਂ ਸਾਰੀਆਂ ਹੀ ਸੜਕਾਂ ਬਹੁਤ ਵਧੀਆ ਬਣੀਆਂ ਸਨ ਪਰ ਦੋ-ਢਾਈ ਸਾਲ ਬਾਅਦ ਹੀ ਮੌਜੂਦਾ ਸਰਕਾਰ ਵੱਲੋਂ ਸ਼ਹਿਰ ’ਚ ਅੰਡਰ ਗਰਾਊਂਡ ਸੀਵਰੇਜ ਪਾਉਣ ਲਈ ਤਮਾਮ ਸੜਕਾਂ ਨੂੰ ਪੱਟ ਦਿੱਤਾ ਗਿਆ, ਜਿਸ ਕਾਰਨ ਦੋ ਸਾਲਾਂ ਤੋਂ ਸੁਲਤਾਨਪੁਰ ਲੋਧੀ ਸ਼ਹਿਰ ਪੂਰੀ ਤਰ੍ਹਾਂ ਨਰਕ ਬਣਿਆ ਹੋਇਆ ਹੈ। ਬਰਸਾਤ ਦੇ ਮੌਸਮ ’ਚ ਇਹ ਸੜਕਾਂ ਹੋਰ ਵੀ ਖ਼ਤਰਨਾਕ ਹੋ ਗਈਆਂ ਹਨ।

ਸ਼ਹਿਰ ’ਚ ਸੀਵਰੇਜ ਪਾਉਣ ਲਈ ਗੁਰਦੁਆਰਾ ਸ੍ਰੀ ਬੇਰ ਸਾਹਿਬ ਤੋਂ ਲੈ ਕੇ ਸ਼ਹੀਦ ਊਧਮ ਸਿੰਘ ਚੌਕ ਤੱਕ, ਤਿਕੋਣਾ ਚੌਕ ਤੋਂ ਗੁਰਦੁਆਰਾ ਗੁਰੂ ਦਾ ਬਾਗ਼, ਗੁਰਦੁਆਰਾ ਹੱਟ ਸਾਹਿਬ ਤੋਂ ਗੁਰਦੁਆਰਾ ਬੇਬੇ ਨਾਨਕੀ ਨੂੰ ਜਾਣ ਵਾਲੀਆਂ ਸੜਕਾਂ ਸਾਰੀ ਸੜਕਾਂ ਪੱਟੀਆਂ ਗਈਆਂ। ਆਰੀਆ ਸਮਾਜ ਚੌਕ ਤੋਂ ਸਰਕਾਰੀ ਹਾਈ ਸਕੂਲ ਤੇ ਗੁਰਦੁਆਰਾ ਗੁਰੂ ਦਾ ਬਾਗ਼ ਨੂੰ ਜਾਣ ਵਾਲੀ ਸੜਕ ਵੀ ਪੱਟੀ ਹੋਈ ਹੈ। ਸ਼ਹਿਰ ਦੇ ਮੁੱਖ ਬਾਜ਼ਾਰ ਤੋਂ ਇਲਾਵਾ ਲਗਪਗ ਸਾਰੇ ਸ਼ਹਿਰ ਦੀਆਂ ਸੜਕਾਂ ਪੱਟੀਆਂ ਗਈਆਂ ਸਨ ਪਰ ਅੱਜ ਤੱਕ ਇਹ ਸੜਕਾਂ ਨਹੀਂ ਬਣ ਸਕੀਆਂ ਹਨ। ਹਾਲਾਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ‘ਤੇ ਸਾਲ 2019 ’ਚ ਲਗਪਗ 200 ਕਰੋੜ ਦੀ ਲਾਗਤ ਨਾਲ ਸਾਰੀਆਂ ਸੜਕਾਂ ਬਹੁਤ ਸੁੰਦਰ ਢੰਗ ਨਾਲ ਬਣਾਈਆਂ ਗਈਆਂ ਸਨ, ਪਰ ਤਿੰਨ ਸਾਲ ਬਾਅਦ ਹੀ ਕਰੋੜਾਂ ਰੁਪਏ ਦੀ ਬਰਬਾਦੀ ਕਰਦਿਆਂ ਸੀਵਰੇਜ ਪਾਉਣ ਲਈ ਸਾਰੀਆਂ ਸੜਕਾਂ ਪੱਟ ਦਿੱਤੀਆਂ ਗਈਆਂ। ਪਿਛਲੇ ਕਰੀਬ ਦੋ ਸਾਲਾਂ ਤੋਂ ਸ਼ਹਿਰ ਦੀਆਂ ਸੜਕਾਂ ਨਰਕ ਬਣੀਆਂ ਹੋਈਆਂ ਹਨ। ਟੋਇਆ ਕਾਰਨ ਅਕਸਰ ਹਾਦਸੇ ਹੋ ਰਹੇ ਹਨ। ਪਿਛਲੇ ਦੋ ਮਹੀਨਿਆਂ ਤੋਂ ਲਗਾਤਾਰ ਹੋ ਰਹੀ ਬਰਸਾਤ ਕਾਰਨ ਕਈ ਥਾਵਾਂ ਤੋਂ ਮਿੱਟੀ ਮਿਲਾ ਕੇ ਪਾਇਆ ਗਿਆ ਪੱਥਰ ਵੀ ਉਖੜ ਗਿਆ ਹੈ। ਜੇ ਧੁੱਪ ਨਿਕਲਦੀ ਹੈ ਤਾਂ ਸੜਕਾਂ ਤੋਂ ਉਡਦੀ ਮਿੱਟੀ ਕਾਰਨ ਲੋਕਾਂ ਦੇ ਮੂੰਹ-ਸਿਰ ਸਭ ਧੂੜ-ਘਟੇ ਨਾਲ ਭਰ ਜਾਂਦੇ ਹਨ।

ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਰਵਜੋਤ ਸਿੰਘ ਪਿਛਲੇ ਸਾਲ 18 ਅਕਤੂਬਰ ਨੂੰ ਸਲਤਾਨਪੁਰ ਲੋਧੀ ਆਏ ਸੀ, ਜਿਸ ਦੌਰਾਨ ਉਨ੍ਹਾਂ ਜ਼ਿਲ੍ਹੇ ਦੇ ਅਧਿਕਾਰੀਆਂ ਨੂੰ ਹੁਕਮ ਦਿੱਤਾ ਸੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 554ਵੇਂ ਪ੍ਰਕਾਸ਼ ਦਿਹਾੜੇ ਤੋਂ ਪਹਿਲਾਂ 5 ਨਵੰਬਰ ਤੱਕ ਸ਼ਹਿਰ ਦੀਆਂ ਸੜਕਾਂ ਦੀ ਮੁਰੰਮਤ ਦਾ ਕੰਮ ਪੂਰਾ ਕੀਤਾ ਜਾਵੇ, ਤਾਂ ਜੋ ਸ਼ਰਧਾਲੂਆਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਨਾ ਆਵੇ। ਪਰ ਜ਼ਿਲ੍ਹੇ ਦੇ ਸਾਰੇ ਅਧਿਕਾਰੀ ਨਿਰਧਾਰਿਤ ਤਰੀਕ ਤੱਕ ਕੈਬਨਿਟ ਮੰਤਰੀ ਦੇ ਹੁਕਮਾਂ ਦੀ ਪਾਲਣਾ ਨਹੀਂ ਕਰਵਾ ਸਕੇ।

ਇਹ ਯਾਦ ਰਹੇ ਕਿ ਪਿਛਲੇ ਸਾਲ 18 ਅਕਤੂਬਰ 2024 ਨੂੰ ਪੰਜਾਬ ਦੇ ਸਥਾਨਕ ਸਰਕਾਰਾ ਬਾਰੇ ਮੰਤਰੀ ਡਾ. ਰਵਜੋਤ ਸਿੰਘ ਸੁਲਤਾਨਪੁਰ ਲੋਧੀ ਆਏ ਸਨ, ਜਿਨ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਿਛਲੇ ਸਾਲ 15 ਨਵੰਬਰ ਨੂੰ ਮਨਾਏ ਜਾਣ ਵਾਲੇ ਗੁਰਪੁਰਬ ਨੂੰ ਧਿਆਨ ’ਚ ਰੱਖਦਿਆਂ ਜ਼ਿਲ੍ਹੇ ਦੇ ਅਧਿਕਾਰੀਆਂ ਨੂੰ ਸ਼ਹਿਰ ਦੀਆਂ ਸਾਰੀਆਂ ਸੜਕਾਂ ਦੀ ਮੁਰੰਮਤ 5 ਨਵੰਬਰ 2024 ਤੱਕ ਪੂਰੀ ਕਰਨ ਦੇ ਹੁਕਮ ਦਿੱਤੇ ਸਨ ਪਰ ਇਸ ਦੇ ਬਾਵਜੂਦ 4 ਨਵੰਬਰ ਨੂੰ ਸਿਰਫ ਕੰਮ ਸ਼ੁਰੂ ਕਰਨ ਦੀ ਖਾਨਾਪੂਰਤੀ ਹੀ ਹੋਈ ਸੀ। ਮੰਤਰੀ ਡਾ. ਰਵਜੋਤ ਸਿੰਘ 20 ਦਿਨਾਂ ’ਚ ਫਿਰ ਦੂਜੀ ਵਾਰੀ ਸੁਲਤਾਨਪੁਰ ਲੋਧੀ ਆਏ ਤੇ ਸ਼ਹਿਰ ਦਾ ਮੌਕੇ-ਏ-ਮੁਆਇਨਾ ਕਰਨ ਤੋਂ ਬਾਅਦ ਜ਼ਿੰਮੇਵਾਰ ਅਧਿਕਾਰੀਆਂ ਨੂੰ ਚੰਗੀ ਫਟਕਾਰ ਲਗਾਈ ਸੀ।

ਉਸ ਦਿਨ ਮੰਤਰੀ ਡਾ. ਰਵਜੋਤ ਨੇ ਸੀਵਰੇਜ ਲਈ ਤੋੜੀਆਂ ਗਈਆਂ ਸ਼ਹਿਰ ਦੀਆਂ ਸੜਕਾਂ ਦੀ 10 ਨਵੰਬਰ ਤੱਕ ਮੁਰੰਮਤ ਪੂਰੀ ਕਰਨ ਲਈ ਅਗਲੀ ਤਰੀਕ ਤੈਅ ਕਰਦੇ ਹੋਏ ਜ਼ਿਲ੍ਹੇ ਦੇ ਅਧਿਕਾਰੀਆਂ ਨੂੰ ਦੁਬਾਰਾ ਹੁਕਮ ਦਿੱਤੇ ਸਨ, ਪਰ ਸਿਰਫ ਇੱਕ ਸੜਕ ਤਿਕਣਾ ਚੌਕ ਤੋ ਬੀਡੀਓ ਦਫ਼ਤਰ ਤੱਕ ਕੁਝ ਥਾਵਾਂ ‘ਤੇ ਸੀਮੈਂਟ ਵਾਲੀਆਂ ਟਾਈਲਾਂ ਲਗਾਉਣ ਦੀ ਖਾਨਾਪੂਰਤੀ ਦੇ ਇਲਾਵਾ ਸ਼ਹਿਰ ਦੀ ਹੋਰਨਾ ਸੜਕਾਂ ਅੱਜ ਵੀ ਬਿਨਾਂ ਮੁਰੰਮਤ ਦੇ ਹੀ ਪਈਆਂ ਹਨ। ਡਾ. ਰਵਜੋਤ ਨੇ ਕਿਹਾ ਸੀ ਕਿ ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਵਾਅਦਾ ਕੀਤਾ ਸੀ ਕਿ ਪੰਜਾਬ ਦੇ ਸ਼ਹਿਰਾਂ ਦੇ ਵਿਕਾਸ ਦੀ ਸ਼ੁਰੂਆਤ ਗੁਰੂ ਦੀ ਨਗਰੀ ਸੁਲਤਾਨਪੁਰ ਲੋਧੀ ਤੋਂ ਕਰਨਗੇ। ਇਸ ਲਈ ਉਨ੍ਹਾਂ ਆਪਣੇ ਵਿਭਾਗ ਦੀ ਪਹਿਲੀ ਫੀਲਡ ਮੀਟਿੰਗ ਬਾਬਾ ਨਾਨਕ ਦੇ ਸੁਲਤਾਨਪੁਰ ਲੋਧੀ ’ਚ ਕੀਤੀ ਪਰ ਅਫਸਰਸ਼ਾਹੀ ਲਾਪਰਵਾਹੀ ਕਾਰਨ ਉਸ ਵਕਤ ਉਨ੍ਹਾਂ ਅਧਿਕਾਰੀਆਂ ਦੀ ਜ਼ਿੰਮੇਵਾਰੀ ਤੈਅ ਕਰਨ ਦੀ ਗੱਲ ਕਹੀ ਸੀ ਪਰ ਇਕ ਸਾਲ ਲੰਘਣ ਦੇ ਬਾਵਜੂਦ ਨਾ ਤਾਂ ਸ਼ਹਿਰ ਦੀ ਕੋਈ ਸੜਕ ਬਣੀ ਹੈ ਤੇ ਨਾ ਹੀ ਹਾਲੇ ਤੱਕ ਕਿਸੇ ਅਧਿਕਾਰੀ ਦੀ ਜ਼ਿੰਮੇਵਾਰੀ ਤੈਅ ਹੋ ਸਕੀ ਹੈ।

ਅੱਜ ਵੀ ਊਧਮ ਸਿੰਘ ਚੌਕ ਤੋਂ ਲੈ ਕੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਨੂੰ ਜਾਣ ਵਾਲੀ ਮੁੱਖ ਸੜਕ ‘ਤੇ ਕਰੀਬ 30-35 ਫੀਸਦ ਹਿੱਸੇ ’ਚ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਪ੍ਰਦਾਨ ਕੀਤੀਆਂ ਗਈਆਂ ਸੀਮੈਂਟ ਟਾਈਲਾਂ ਨਾਲ ਕੁਝ ਥਾਵਾਂ ’ਤੇ ਸੜਕ ਦੀ ਮੁਰੰਮਤ ਹੋਈ ਹੈ, ਪਰ ਗੁਰਦੁਆਰਾ ਗੁਰੂ ਦਾ ਬਾਗ਼, ਗੁਰਦੁਆਰਾ ਬੇਬੇ ਨਾਨਕੀ, ਗੁਰਦੁਆਰਾ ਸਿਹਰਾ ਸਾਹਿਬ, ਗੁਰੁਦੁਆਰਾ ਕੋਠੜੀ ਸਾਹਿਬ, ਆਰੀਆ ਸਮਾਜ ਚੌਕ ਤੋਂ ਤਲਵੰਡੀ ਪੁਲ, ਬੀਡੀਓ ਦਫ਼ਤਰ, ਗੁਰੂ ਕਾ ਬਾਗ਼ ਆਦਿ ਨੂੰ ਜਾਣ ਵਾਲੀਆਂ ਸੜਕਾਂ ਉਸੇ ਤਰ੍ਹਾਂ ਪਈਆਂ ਹਨ। ਇਸ ਤੋਂ ਇਲਾਵਾ ਸ੍ਰੀ ਬੇਰ ਸਾਹਿਬ ਤੋਂ ਗੁਰਦੁਆਰਾ ਅੰਤਰਯਾਮਤਾ, ਹੱਟ ਸਾਹਿਬ ਤੋਂ ਪਸ਼ੂ ਹਸਪਤਾਲ ਰੋਡ਼, ਬੀਬੀ ਨਾਨਕੀ ਦੇ ਪੁਰਾਤਨ ਘਰ ਰੋਡ ਤੋਂ ਇਲਾਵਾ ਵੱਖ-ਵੱਖ ਮੁਹੱਲਿਆਂ ਦੀਆਂ ਸੜਕਾਂ ਪੱਟ ਕੇ ਸ਼ਹਿਰ ਨੂੰ ਨਰਕ ਬਣਾਇਆ ਹੋਇਆ ਹੈ

ਹੁਣ ਇਕ ਸਾਲ ਦਾ ਸਮਾਂ ਬੀਤ ਚੁੱਕਿਆ ਹੈ ਤੇ ਸੀਵਰੇਜ਼ ਪਾਉਣ ਲਈ ਪੱਟੀਆਂ ਗਈਆਂ ਇਤਿਹਾਸਕ ਸ਼ਹਿਰ ਸਲਤਾਨਪੁਰ ਲੋਧੀ ਦੀਆਂ ਸੜਕਾਂ ਹਾਲੇ ਤੱਕ ਨਹੀਂ ਬਣ ਸਕੀਆਂ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 555ਵਾਂ ਪ੍ਰਕਾਸ਼ ਦਿਹਾੜਾ ਮੁੜ ਸਿਰ ’ਤੇ ਆ ਗਿਆ ਹੈ, ਪਰ ਹਾਲੇ ਸਿਰਫ ਇੱਕੋ ਸਡ਼ਕ ’ਤੇ ਪੈਚ ਵਰਕ ਹੀ ਹੋਣ ਲੱਗਾ ਹੈ। ਜੇਕਰ ਇਹੀ ਹਾਲਤ ਰਹੀ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣ ਲਈ ਦੇਸ਼-ਵਿਦੇਸ਼ ਤੋਂ ਆਉਣ ਵਾਲੀ ਸੰਗਤ ਦੇ ਮਨਾਂ ਨੂੰ ਫਿਰ ਵੱਡੀ ਢਾਹ ਲੱਗੇਗੀ।

ਇਸ ਸਬੰਧੀ ਸਾਬਕਾ ਐੱਮਐੱਲਏ ਨਵਤੇਜ ਸਿੰਘ ਚੀਮਾ ਦਾ ਕਹਿਣਾ ਹੈ ਕਿ ਪਿਛਲੇ ਢਾਈ-ਤਿੰਨ ਸਾਲ ਤੋਂ ਸੁਲਤਾਨਪੁਰ ਲੋਧੀ ਸ਼ਹਿਰ ਦੀਆਂ ਸੜਕਾਂ ਦੀ ਬਹੁਤ ਹੀ ਬੁਰੀ ਹਾਲਾਤ ਹੈ। ਥਾਂ-ਥਾਂ ਸੜਕਾਂ ’ਤੇ ਪਏ ਡੂੰਘੇ ਟੋਇਆ ਕਾਰਨ ਰੋਜ਼ਾਨਾ ਹਾਦਸੇ ਹੋ ਰਹੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ’ਤੇ ਕਰੀਬ ਦੋ ਕਰੋੜ ਖਰਚ ਕਰ ਕੇ ਕਾਂਗਰਸ ਸਰਕਾਰ ਨੇ ਪੂਰੇ ਸ਼ਹਿਰ ਦੀਆਂ ਸੜਕਾਂ ਨੂੰ ਬਹੁਤ ਹੀ ਸੁੰਦਰ ਬਣਾਇਆ ਸੀ ਪਰ ਮੌਜੂਦਾ ਸਰਕਾਰ ਆਉਣ ਦੇ ਕਰੀਬ ਦੋ-ਢਾਈ ਸਾਲ ਬਾਅਦ ਹੀ ਨਵੀਆਂ ਸੜਕਾਂ ਨੂੰ ਪੁੱਟ ਕੇ ਬਰਬਾਦ ਕਰ ਦਿੱਤਾ ਗਿਆ ਤੇ ਅੱਜ ਤੱਕ ਇਨ੍ਹਾਂ ਸੜਕਾਂ ਦੀ ਕਿਸੇ ਨੇ ਸਾਰ ਨਹੀਂ ਲਈ ਹੈ। ਉਸ ਵੇਲੇ ਸੜਕਾਂ ਬਣਾਉਣ ਤੋਂ ਪਹਿਲਾ ਸੀਵਰੇਜ ਨਹੀਂ ਪੈਣਾ ਚਾਹੀਦਾ, ਦੇ ਸਵਾਲ ’ਤੇ ਚੀਮਾ ਨੇ ਕਿਹਾ ਕਿ ਉਸ ਵੇਲੇ ਸਮਾਂ ਬਹੁਤ ਥੋੜਾ ਸੀ ਤੇ ਆਯੋਜਨ ਬਹੁਤ ਵੱਡਾ ਸੀ, ਜਿਸ ਦੇ ਬਾਵਜੂਦ ਕੈਪਟਨ ਸਰਕਾਰ ਨੇ 550 ਸਾਲਾ ਦਾ ਬਹੁਤ ਹੀ ਸਫਲ ਆਯੋਜਨ ਕਰ ਕੇ ਇਕ ਨਵੀਂ ਮਿਸਾਲ ਕਾਇਮ ਕੀਤੀ ਸੀ ਪਰ ਮੌਜੂਦਾ ਪੰਜਾਬ ਸਰਕਾਰ ਦੀ ਹਾਲਤ ਇਹ ਹੈ ਕਿ ਉਸ ਦੇ ਮੰਤਰੀਆਂ ਦੇ ਹੁਕਮਾਂ ਦੀ ਵੀ ਅਫਸਰ ਕੋਈ ਪ੍ਰਵਾਹ ਨਹੀਂ ਕਰ ਰਹੇ। ਪਿਛਲੇ ਸਾਲ ਸੜਕਾਂ ਬਣਾਉਣ ਲਈ ਸਥਾਨਕ ਸਰਕਾਰਾ ਦੇ ਮੰਤਰੀ ਡਾ. ਰਵਜੋਤ ਸਿੰਘ ਦੇ ਕਈ ਬਿਆਨ ਆਏ ਪਰ ਇਕ ਸਾਲ ਤੋਂ ਕੁਝ ਵੀ ਹੋ ਨਹੀ ਸਕਿਆ ਹੈ।

ਸੁਲਤਾਨਪੁਰ ਲੋਧੀ ਦੇ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਦਾ ਕਹਿਣਾ ਹੈ ਕਿ ਉਂਝ ਤਾਂ ਸੜਕਾਂ ਬਣਨ ਤੋਂ ਪਹਿਲਾ ਸੀਵਰੇਜ ਪੈਣਾ ਚਾਹੀਦਾ ਸੀ ਪਰ ਅਜਿਹਾ ਨਾ ਕਰ ਕੇ ਹੁਣ ਆਮ ਜਨਤਾ ਦੇ ਟੈਕਸ ਦੇ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ ਅਤੇ ਹਾਲੇ ਸੜਕਾਂ ਦੀ ਹਾਲਤ ਬਹੁਤ ਹੀ ਘਟੀਆ ਹੈ, ਜਿਸ ’ਤੇ ਫਿਰ ਤੋਂ ਕਰੋੜਾਂ ਰੁਪਏ ਖਰਚ ਹੋਣਗੇ। ਉਨ੍ਹਾਂ ਕਿਹਾ ਕਿ ਸੁਲਤਾਨਪੁਰ ਲੋਧੀ ਸ਼ਹਿਰ ਦੀਆਂ ਇਨ੍ਹਾਂ ਸੜਕਾਂ ਦਾ ਮੁੱਦਾ ਕਈ ਵਾਰ ਵਿਧਾਨ ਸਭਾ ’ਚ ਉੱਠਾ ਚੁੱਕੇ ਹਨ ਤੇ ਉਮੀਦ ਹੈ ਕਿ ਬਹੁਤ ਜਲਦ ਇਹ ਸੜਕਾਂ ਦੁਬਾਰਾ ਬਣਨੀਆਂ ਸ਼ੁਰੂ ਹੋ ਜਾਣਗੀਆਂ।

ਇਸ ਸਬੰਧੀ ਰਾਜ ਸਭਾ ਮੈਂਬਰ ਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਗੱਲ ਕਰਨ ’ਤੇ ਉਨ੍ਹਾਂ ਕਿਹਾ ਕਿ ਪਿਛਲੇ ਸਾਲ ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਵੱਖ-ਵੱਖ ਸੰਬੰਧਿਤ ਅਧਿਕਾਰੀਆ ਨੂੰ ਕੜੀ ਤਾਕੀਦ ਕੀਤੀ ਸੀ ਕਿ ਪਿਛਲੇ ਗੁਰਪੁਰਬ ਤੋਂ ਪਹਿਲਾ ਸੜਕਾਂ ਜ਼ਰੂਰ ਬਣ ਜਾਣੀਆਂ ਚਾਹੀਦੀਆਂ ਹਨ ਪਰ ਇਸਦੇ ਬਾਵਜੂਦ ਅਫਸਰਸ਼ਾਹੀ ਦੀ ਢਿੱਲਮੱਠ ਕਾਰਨ ਹਾਲੇ ਤੱਕ ਸੜਕਾਂ ਨਹੀਂ ਬਣ ਸਕੀਆਂ ਤੇ ਨਾ ਕਿਸੇ ਅਫਸਰ ਦੀ ਜ਼ਿੰਮੇਵਾਰੀ ਤੈਅ ਹੋ ਸਕੀ ਹੈ।