Punjab

PAU ਨੇ ਯੂਨੀਵਰਸਿਟੀ ਦੀ ਨਵੀਂ ਵੈੱਬਸਾਈਟ ਕੀਤੀ ਲੋਕ ਅਰਪਣ

ਲੁਧਿਆਣਾ : ਬੁੱਧਵਾਰ ਨੂੰ ਪੀਏਯੂ ਵੱਲੋਂ ਯੂਨੀਵਰਸਿਟੀ ਦੀ ਨਵੀਂ ਵੈੱਬਸਾਈਟ ਨੂੰ ਲੋਕ ਅਰਪਣ ਕੀਤਾ ਗਿਆ। ਇਸ ਮੌਕੇ ਯੂਨੀਵਰਸਿਟੀ ਦੇ ਉੱਚ ਅਧਿਕਾਰੀਆਂ ਦੇ ਨਾਲ-ਨਾਲ ਵੈੱਬਸਾਈਟ ਦੀ ਡਿਜ਼ਾਇਨਿੰਗ ਲਈ ਕੰਮ ਕਰਨ ਵਾਲੇ ਪਤਵੰਤੇ ਮੌਜੂਦ ਰਹੇ। ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਇਸ ਮੌਕੇ ਸਮੁੱਚੀ ਟੀਮ ਨੂੰ ਵਧਾਈ ਦਿੰਦਿਆਂ ਆਸ ਪ੍ਰਗਟਾਈ ਕਿ ਅਜੋਕੇ ਯੁੱਗ ’ਚ ਕਿਸੇ ਸੰਸਥਾ ਦਾ ਪਹਿਲਾ ਪ੍ਰਭਾਵ ਉਸ ਦੀ ਵੈੱਬਸਾਈਟ ਤੋਂ ਗ੍ਰਹਿਣ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਨਵੇਂ ਯੁੱਗ ’ਚ ਯੂਨੀਵਰਸਿਟੀ ਦੀ ਵੈੱਬਸਾਈਟ ਪੀਏਯੂ ਦੇ ਅਕਸ ਨੂੰ ਸਾਰਥਕ ਰੂਪ ’ਚ ਪੇਸ਼ ਕਰ ਸਕੇਗੀ। ਵਾਈਸ ਚਾਂਸਲਰ ਨੇ ਇਸ ਮੌਕੇ ਵੱਖ-ਵੱਖ ਕਮੇਟੀਆਂ ਵੱਲੋਂ ਕੀਤੇ ਕਾਰਜ ਦੀ ਸ਼ਲਾਘਾ ਕੀਤੀ। ਉਨ੍ਹਾਂ ਵਿਸ਼ੇਸ਼ ਤੌਰ ’ਤੇ ਸਹਿਯੋਗ ਦੇਣ ਵਾਲੇ ਤੇਜ਼ ਪ੍ਰਤਾਪ ਸਿੰਘ ਸੰਧੂ, ਅਮਰਜੀਤ ਸਿੰਘ ਭੱਟ, ਡਾ. ਐੱਮਐੱਸ ਤੂਰ ਤੇ ਡਾ. ਏਪੀ ਸਿੰਘ ਵੱਲੋਂ ਦਿੱਤੇ ਵਿਚਾਰਾਂ ਅਤੇ ਸੁਝਾਵਾਂ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਵੈੱਬਸਾਈਟ ਦੇ ਨਵੇਂ ਸਰੂਪ ਨਿਰਮਾਣ ਦੇ ਨੋਡਲ ਅਧਿਕਾਰੀ ਅਤੇ ਖੇਤੀ ਇੰਜੀਨੀਅਰਿੰਗ ਕਾਲਜ ਦੇ ਡੀਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਯੂਨੀਵਰਸਿਟੀ ਵੈੱਬਸਾਈਟ ਦਾ ਪੁਰਾਣਾ ਰੂਪ 2008 ਦੌਰਾਨ ਹੋਂਦ ’ਚ ਆਇਆ ਸੀ। ਉਸ ’ਚ ਬਦਲਾਅ ਅਤੇ ਨਵੀਨਤਾ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਸੀ। ਇਸ ਕਾਰਜ ਲਈ ਤਕਨੀਕੀ ਟੀਮ ਨੇ ਵੈੱਬਸਾਈਟ ਨੂੰ ਸਿਰਜਣਾਤਮਕ ਤਰੀਕੇ ਨਾਲ ਨਵੇਂ ਰੂਪ ’ਚ ਢਾਲ ਕੇ ਪੇਸ਼ ਕੀਤਾ ਹੈ। ਇਸ ਮੌਕੇ ਡਾ. ਦੀਪਿਕਾ ਵਿੱਗ, ਡਾ. ਓਪੀ ਗੁਪਤਾ ਤੇ ਡਾ. ਗੁਰਪ੍ਰੀਤ ਸਿੰਘ ਮੱਕੜ ਨੇ ਵੀ ਵੈੱਬਸਾਈਟ ਡਿਜ਼ਾਇੰਨਿੰਗ ਦੇ ਰਾਹ ’ਚ ਆਉਣ ਵਾਲੀਆਂ ਔਕੜਾਂ ਦੇ ਨਾਲ-ਨਾਲ ਆਪਣੇ ਤਜਰਬੇ ਸਾਂਝੇ ਕੀਤੇ। ਤੇਜਪ੍ਰਤਾਪ ਸਿੰਘ ਸੰਧੂ ਨੇ ਵੈੱਬਸਾਈਟ ਦੇ ਨਵੇਂ ਸਰੂਪ ਬਾਰੇ ਤਸੱਲੀ ਦਾ ਪ੍ਰਗਟਾਵਾ ਕੀਤਾ ਤੇ ਭਵਿੱਖ ’ਚ ਹੋਰ ਸਿਰਜਣਾਤਮਕ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ। ਡਾ. ਸੁਮੇਧਾ ਭੰਡਾਰੀ ਤੇ ਲਕਸ਼ੈ ਨੇ ਵੀ ਆਪਣੇ ਤਜਰਬੇ ਸਾਂਝੇ ਕੀਤੇ। ਸਮਾਰੋਹ ਦਾ ਸੰਚਾਲਨ ਸੰਸਥਾਈ ਸੰਪਰਕ ਦੇ ਸਹਿਯੋਗੀ ਨਿਰਦੇਸ਼ਕ ਡਾ. ਵਿਸ਼ਾਲ ਬੈਕਟਰ ਨੇ ਕੀਤਾ।