Global

ਪੁਲਾੜ ਦੇ ਮੈਦਾਨਾਂ ’ਚ ਲੜੀਆਂ ਜਾਣਗੀਆਂ ਜੰਗਾਂ, ਸੈਟੇਲਾਈਟ ਹੋਣਗੇ ਹਥਿਆਰ

ਵਾਸ਼ਿੰਗਟਨ – 21ਵੀਂ ਸਦੀ ’ਚ ਜੰਗ ਸਿਰਫ ਜ਼ਮੀਨ, ਸਮੁੰਦਰ ਤੇ ਹਵਾਈ ਫ਼ੌਜ ਨਾਲ ਹੀ ਨਹੀਂ, ਬਲਕਿ ਸਾਈਬਰ ਸਪੇਸ ਤੇ ਪੁਲਾੜ ’ਚ ਵੀ ਲੜੀ ਜਾਵੇਗੀ। ਬਿਨਾਂ ਇਕ ਵੀ ਗੋਲ਼ੀ ਚਲਾਏ ਸਿਰਫ ਸੈਟੇਲਾਈਟ ਨੂੰ ਨਕਾਰਾ ਕਰ ਕੇ ਵੀ ਦੁਸ਼ਮਣ ’ਤੇ ਕਹਿਰ ਵਰ੍ਹਾਇਆ ਜਾ ਸਕਦਾ ਹੈ। ਸੈਟੇਲਾਈਟ ਦੇ ਸੁਰੱਖਿਆ ਸਾਫਟਵੇਅਰ ਨੂੰ ਨਿਸ਼ਾਨਾ ਬਣਾ ਕੇ ਜਾਂ ਧਰਤੀ ਤੋਂ ਸੰਕੇਤ ਭੇਜਣ ਜਾਂ ਹਾਸਲ ਕਰਨ ਦੀ ਉਸਦੀ ਸਮਰੱਥਾ ਰੋਕ ਕੇ ਦੁਸ਼ਮਣਾਂ ਨੂੰ ਗੋਡੇ ਟੇਕਣ ’ਤੇ ਮਜਬੂਰ ਕੀਤਾ ਜਾ ਸਕਦਾ ਹੈ। ਇਸੇ ਸਾਲ ਰੂਸ ਨੇ ਸੈਟੇਲਾਈਟ ਦੀ ਵਰਤੋਂ ਕਰ ਕੇ ਯੂਕਰੇਨ ਦੇ ਖ਼ਿਲਾਫ਼ ਮਨੋਵਿਗਿਆਨਕ ਜੰਗ ਵੀ ਲੜੀ।

ਦਰਅਸਲ, ਰੂਸ ਨੇ ਇਸ ਸਾਲ ਜਦੋਂ ਆਪਣੇ ਵਿਜੇ ਦਿਵਸ ਪਰੇਡ ਦਾ ਆਯੋਜਨ ਕੀਤਾ, ਉਦੋਂ ਕ੍ਰੈਮਲਿਨ ਸਮਰਥਕ ਹੈਕਰਾਂ ਨੇ ਉਸ ਸੈਟੇਲਾਈਟ ਨੂੰ ਹਾਈਜੈਕ ਕਰ ਲਿਆ, ਜਿਸਦੀ ਮਦਦ ਨਾਲ .ਯੂਕਰੇਨ ’ਚ ਲੋਕਾਂ ਨੂੰ ਟੈਲੀਵਿਜ਼ਨ ਸੇਵਾ ਮਿਲਦੀ ਹੈ। ਸੈਟੇਲਾਈਟ ਹਾਈਜੈਕ ਹੋਣ ਕਾਰਨ ਯੂਕਰੇਨ ’ਚ ਆਮ ਪ੍ਰੋਗਰਾਮ ਦੀ ਬਜਾਏ ਯੂਕਰੇਨ ਦੇ ਦਰਸ਼ਕਾਂ ਨੂੰ ਮਾਸਕੋ ਤੋਂ ਪ੍ਰਸਾਰਿਤ ਪਰੇਡ ਫੁਟੇਜ ਦੇਖਣੀ ਪਈ। ਯੂਕਰੇਨ ਦੇ ਲੋਕਾਂ ਨੂੰ ਰੂਸੀ ਟੈਂਕਾਂ, ਫ਼ੌਜੀਆਂ ਤੇ ਹਥਿਆਰਾਂ ਦੀ ਤਾਕਤ ਨੂੰ ਇਸ ਲਈ ਦਿਖਾਇਆ ਗਿਆ ਤਾਂਕਿ ਉਹ ਖੌਫ਼ਜ਼ਦਾ ਹੋ ਜਾਣ ਤੇ ਰੂਸ ਨੂੰ ਮਨੋਵਿਗਿਆਨਕ ਬੜ੍ਹਤ ਮਿਲ ਸਕੇ। ਇਹ ਇਸ ਗੱਲ ਦੀ ਉਦਾਹਰਣ ਵੀ ਸੀ ਕਿ 21ਵੀਂ ਸਦੀ ਦੀ ਜੰਗ ਜ਼ਮੀਨ, ਸਮੁੰਦਰ ਤੇ ਹਵਾ ’ਚ ਨਹੀਂ, ਬਲਕਿ ਸਾਈਬਰਸਪੇਸ ਤੇ ਪੁਲਾੜ ’ਚ ਵੀ ਲੜੀ ਜਾ ਰਹੀ ਹੈ।

12 ਹਜ਼ਾਰ ਤੋਂ ਵੱਧ ਸਰਗਰਮ ਸੈਟੇਲਾਈਟ ਧਰਤੀ ਦੀ ਪੰਧ ’ਚ ਹਨ, ਜੋ ਨਾ ਸਿਰਫ ਸੰਚਾਰ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ, ਬਲਕਿ ਫ਼ੌਜੀ ਸੰਚਾਲਨ, ਜੀਪੀਐੱਸ ਜਿਵੇਂ ਕੀ ਨੈਵੀਗੇਸ਼ਨ ਸਿਸਟਮ, ਖੁਫ਼ੀਆ ਸੰਗ੍ਰਹਿ ਤੇ ਆਰਥਿਕ ਸਪਲਾਈ ਲੜੀਆਂ ’ਚ ਵੀ ਅਹਿਮ ਹਨ। ਇਹ ਨੇੜਲੀਆਂ ਮਿਜ਼ਾਈਲਾਂ ਦੀ ਚਿਤਾਵਨੀ ਦੇਣ ’ਚ ਅਹਿਮ ਹਨ। ਹੈਕਰਸ ਆਮ ਤੌਰ ’ਤੇ ਉਸ ਸਾਫਟਵੇਅਰ ਜਾਂ ਹਾਰਡਵੇਅਰ ’ਚ ਸਭ ਤੋਂ ਕਮਜ਼ੋਰ ਕੜੀ ਦੀ ਭਾਲ ਕਰਦੇ ਹਨ, ਜੋ ਸੈਟੇਲਾਈਟ ਦਾ ਸਮਰਥਨ ਕਰਦਾ ਹੈ ਜਾਂ ਧਰਤੀ ਨਾਲ ਇਸਦੇ ਸੰਚਾਰ ਨੂੰ ਕੰਟਰੋਲ ਕਰਦਾ ਹੈ। ਸੈਟੇਲਾਈਟ ਜੇ ਪੁਰਾਣੇ ਸਾਫਟਵੇਅਰ ’ਤੇ ਚੱਲ ਰਿਹਾ ਹੈ ਤਾਂ ਇਸ ਨੂੰ ਆਸਾਨੀ ਨਾਲ ਨਿਸ਼ਾਨਾ ਬਣਾਇਆ ਜਾ ਸਕਦਾ ਹੈ।

ਜਦੋਂ ਰੂਸੀ ਫ਼ੌਜ ਨੇ 2022 ’ਚ ਯੂਕਰੇਨ ’ਤੇ ਹਮਲਾ ਕੀਤਾ ਤਾਂ ਕਿਸੇ ਨੇ ਯੂਕਰੇਨ ਦੀ ਸਰਕਾਰ ਤੇ ਫ਼ੌਜ ਵੱਲੋਂ ਵਰਤੀ ਜਾਣ ਵਾਲੀ ਅਮਰੀਕੀ ਉਪਗ੍ਰਹਿ ਕੰਪਨੀ, ਵਾਇਸੈਟ ਨੂੰ ਨਿਸ਼•ਾਨਾ ਬਣਾਇਆ। ਮਾਲਵੇਅਰ ਦੀ ਵਰਤੋਂ ਕਰ ਕੇ ਹਜ਼ਾਰਾਂ ਮਾਡਮ ਨੂੰ ਨਿਸ਼•ਾਨਾ ਬਣਾਇਆ ਗਿਆ, ਜਿਸ ਨਾਲ ਯੂਰਪ ਦੇ ਵੱਡੇ ਹਿੱਸੇ ’ਚ ਆਊਟੇਜ ਹੋਇਆ। ਇਸ ਹੈਕਿੰਗ ਦੇ ਲਈ ਕੀਵ ਨੇ ਮਾਸਕੋ ਨੂੰ ਜ਼ਿੰਮੇਵਾਰ ਠਹਿਰਾਇਆ।

ਰਾਸ਼ਟਰੀ ਸੁਰੱਖਿਆ ਅਧਿਕਾਰੀਆਂ ਦਾ ਕਹਿਣਾ ਹੈ ਕਿ ਰੂਸ ਪਰਮਾਣੂ, ਪੁਲਾੜ ਆਧਾਰਿਤ ਹਥਿਆਰ ਵਿਕਸਤ ਕਰ ਰਿਹਾ ਹੈ, ਜੋ ਧਰਤੀ ਦੀ ਹੇਠਲੀ ਪੰਧ ’ਚ ਸਥਿਤ ਲਗਪਗ ਸਾਰੇ ਸੈਟੇਲਾਈਟਸ ਨੂੰ ਇਕੱਠਿਆਂ ਤਬਾਹ ਕਰ ਦੇਵੇਗਾ। ਅਮਰੀਕੀ ਸਿਆਸਤਦਾਨ ਮਾਈਕ ਟਰਨਰ ਨੇ ਕਿਹਾ ਕਿ ਅਜਿਹਾ ਹਥਿਆਰ ਧਰਤੀ ਦੀ ਹੇਠਲੀ ਪੰਧ ਨੂੰ ਸੈਟੇਲਾਈਟਸ ਲਈ ਇਕ ਸਾਲ ਤੱਕ ਨਾਵਰਤਣਯੋਗ ਬਣਾ ਸਕਦਾ ਹੈ। ਜੇ ਇਸਦੀ ਵਰਤੋਂ ਕੀਤੀ ਗਈ ਤਾਂ ਇਸਦੇ ਪ੍ਰਭਾਵ ਵਿਨਾਸ਼ਕਾਰੀ ਹੋਣਗੇ।

ਅਮਰੀਕਾ ਤੇ ਉਸਦੇ ਸਹਿਯੋਗੀਆਂ ਨੂੰ ਆਰਥਿਕ ਉਥਲ-ਪੁਥਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਰੂਸ ਤੇ ਚੀਨ ਨੂੰ ਵੀ ਸੈਟੇਲਾਈਟ ਦਾ ਨੁਕਸਾਨ ਹੋ ਸਕਦਾ ਹੈ। ਹਾਲਾਂਕਿ ਮੰਨਿਆ ਜਾਂਦਾ ਹੈ ਕਿ ਉਹ ਅਮਰੀਕਾ ਦੀ ਤਰ੍ਹਾਂ ਦੇ ਸੈਟੇਲਾਈਟਸ ’ਤੇ ਘੱਟ ਨਿਰਭਰ ਹਨ। ਟਰਨਰ ਨੇ ਇਸ ਹਥਿਆਰ ਦੀ ਬਰਾਬਰੀ ਸਪੂਤਨਿਕ ਨਾਲ ਕੀਤੀ, ਜੋ 1957 ’ਚ ਪੁਲਾੜ ਯੁੱਗ ਦੀ ਸ਼ੁਰੂਆਤ ਕਰਨ ਵਾਲਾ ਰੂਸੀ ਸੈਟੇਲਾਈਟ ਸੀ। ਟਰਨਰ ਨੇ ਕਿਹਾ, ਇਸ ਐਂਟੀ-ਸੈਟੇਲਾਈਟ ਪਰਮਾਣੂ ਹਥਿਆਰ ਨੂੰ ਕਦੀ ਵੀ ਪੁਲਾੜ ’ਚ ਲਿਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ।