2 ਜ਼ਿਲ੍ਹਿਆਂ ‘ਚ ਸਰਕਾਰ ਨੇ ਬੰਦ ਕੀਤੀਆਂ ਇੰਟਰਨੈੱਟ ਸੇਵਾਵਾਂ
ਚੰਡੀਗੜ੍ਹ- 19 ਸਾਲਾ ਪਲੇਅ ਸਕੂਲ ਅਧਿਆਪਕ ਦੀ ਮੌਤ ਖ਼ਿਲਾਫ਼ ਵੱਡੇ ਪੱਧਰ ‘ਤੇ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਹਰਿਆਣਾ ਸਰਕਾਰ ਨੇ ਭਿਵਾਨੀ ਅਤੇ ਚਰਖੀ ਦਾਦਰੀ ਜ਼ਿਲ੍ਹਿਆਂ ‘ਚ ਦੋ ਦਿਨਾਂ ਲਈ ਇੰਟਰਨੈਟ ਸੇਵਾਵਾਂ ਨੂੰ ਬੰਦ ਕਰ ਦਿੱਤਾ ਹੈ। ਹਰਿਆਣਾ ਦੇ ਗ੍ਰਹਿ ਵਿਭਾਗ ਵੱਲੋਂ ਜਾਰੀ ਕੀਤੇ ਆਦੇਸ਼ ‘ਚ ਭਿਵਾਨੀ ਅਤੇ ਚਰਖੀ ਦਾਦਰੀ ਜ਼ਿਲ੍ਹਿਆਂ ‘ਚ ਇਹ ਪਾਬੰਦੀ ਲਗਾਈ ਗਈ ਹੈ। ਗ੍ਰਹਿ ਵਿਭਾਗ ਦੇ ਆਦੇਸ਼ ‘ਚ ਕਿਹਾ ਗਿਆ ਹੈ ਕਿ ਸੀਆਈਡੀ ਅਤੇ ਪ੍ਰਸ਼ਾਸਨ ਦੀ ਰਿਪੋਰਟ ਮੁਤਾਬਕ 19 ਅਗਸਤ ਨੂੰ ਭਿਵਾਨੀ ਅਤੇ ਚਰਖੀ ਦਾਦਰੀ ਜ਼ਿਲ੍ਹਿਆਂ ‘ਚ ਤਣਾਅ, ਪਰੇਸ਼ਾਨੀ, ਅੰਦੋਲਨ, ਜਨਤਕ ਤੇ ਨਿੱਜੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਅਤੇ ਜਨਤਕ ਸ਼ਾਂਤੀ ਅਤੇ ਸਦਭਾਵਨਾ ਭੰਗ ਹੋਣ ਦੀ ਸੰਭਾਵਨਾ ਹੈ। ਇਸ ਸੰਦਰਭ ‘ਚ ਪਾਬੰਦੀ ਲਗਾਈ ਗਈ ਹੈ।
ਵਿਭਾਗ ਨੇ ਕਿਹਾ ਹੈ ਕਿ ਇਹ ਫੈਸਲਾ ਭੜਕਾਊ ਸਮੱਗਰੀ ਤੇ ਝੂਠੀਆਂ ਅਫਵਾਹਾਂ ਦੇ ਪ੍ਰਸਾਰ ਨੂੰ ਰੋਕਣ ਲਈ ਲਿਆ ਗਿਆ ਹੈ। ਅਜਿਹੇ ਕਾਰੇ ਇੰਟਰਨੈਟ ਜ਼ਰੀਏ ਹੁੰਦੇ ਹਨ। ਇਸ ਸੰਦਰਭ ‘ਚ ਇਨ੍ਹਾਂ ਸੇਵਾਵਾਂ ਦੀ ਦੁਰਵਰਤੋਂ ਕਾਰਨ ਜ਼ਿਲ੍ਹਾ ਭਿਵਾਨੀ ਅਤੇ ਚਰਖੀ ਦਾਦਰੀ ਵਿਚ ਜਨਤਕ ਸਹੂਲਤਾਂ ਵਿਚ ਰੁਕਾਵਟ, ਜਨਤਕ ਜਾਇਦਾਦ ਅਤੇ ਸੁਵਿਧਾਵਾਂ ਨੂੰ ਨੁਕਸਾਨ, ਅਤੇ ਜਨਤਕ ਕਾਨੂੰਨ-ਵਿਵਸਥਾ ‘ਚ ਗੜਬੜ ਹੋਣ ਦੀ ਸਾਫ਼ ਸੰਭਾਵਨਾ ਹੈ।
