ਪੰਜਾਬ ਦੇ ਉੱਤਰ ਪੂਰਬੀ ਹਿੱਸਿਆਂ ’ਚ ਅੱਜ ਭਾਰੀ ਬਾਰਿਸ਼ ਦਾ ਅਲਰਟ, ਪੌਂਗ ਡੈਮ ਦੀ ਸਥਿਤੀ ਕਾਬੂ ’ਚ
ਲੁਧਿਆਣਾ-ਪੌਂਗ ਡੈਮ ਦੇ ਪਾਣੀ ਦੇ ਪੱਧਰ ’ਚ ਐਤਵਾਰ ਨੂੰ 24 ਘੰਟਿਆਂ ’ਚ ਤਿੰਨ ਫੁੱਟ ਦੇ ਵਾਧੇ ਦਾ ਪੜਾਅ ਸੋਮਵਾਰ ਨੂੰ ਰੁਕ ਗਿਆ। ਪੌਂਗ ਡੈਮ ’ਚ ਪਾਣੀ ਦਾ ਪੱਧਰ ਐਤਵਾਰ ਨੂੰ 1366.04 ਫੁੱਟ ਦੇ ਮੁਕਾਬਲੇ ਸੋਮਵਾਰ ਨੂੰ 1366.68 ਫੁੱਟ ਦਰਜ ਕੀਤਾ ਗਿਆ ਹੈ। ਅਜਿਹੇ ’ਚ ਬੀਬੀਐੱਮਬੀ ਨੇ ਹਾਲੇ ਡੈਮ ਦੇ ਫਲੱਡ ਗੇਟ ਨਾ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ। ਬੀਬੀਐੱਮਬੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਡੈਮ ਦੇ ਫਲੱਡ ਗੇਟ 1365 ਫੁੱਟ ਤੱਕ ਪਾਣੀ ਦਾ ਪੱਧਰ ਪਹੁੰਚਣ ਦੇ ਬਾਅਦ ਉਸੇ ਸਥਿਤੀ ’ਚ ਖੋਲ੍ਹੇ ਜਾਂਦੇ ਹਨ ਜੇਕਰ ਪਹਾੜੀ ਇਲਾਕਿਆਂ ’ਚ ਲਗਾਤਾਰ ਬਾਰਿਸ਼ ਹੋਣ ਨਾਲ ਡੈਮ ਦਾ ਪਾਣੀ ਦਾ ਪੱਧਰ ਵੀ ਤੇਜ਼ੀ ਨਾਲ ਵਧਦਾ ਰਹੇ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਭਵਿੱਖ ’ਚ ਡੈਮ ’ਚ ਪਾਣੀ ਦਾ ਪੱਧਰ ਵਧਦਾ ਹੈ ਤਾਂ ਫਲੱਡ ਗੇਟ ਖੋਲ੍ਹੇ ਜਾ ਸਕਦੇ ਹਨ। ਇਸ ਦੇ ਲਈ ਸਬੰਧਤ ਜ਼ਿਲ੍ਹਿਆਂ ਨੂੰ ਪਹਿਲਾਂ ਤੋਂ ਹੀ ਚਿਤਾਵਨੀ ਜਾਰੀ ਕੀਤੀ ਜਾ ਚੁੱਕੀ ਹੈ।
ਉੱਧਰ, ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ’ਚ ਸੋਮਵਾਰ ਨੂੰ ਬਾਰਿਸ਼ ਜਾਰੀ ਰਹੀ। ਲੁਧਿਆਣਾ ’ਚ 6.2 ਮਿਲੀਮੀਟਰ, ਪਟਿਆਲਾ ’ਚ 9.9, ਗੁਰਦਾਸਪੁਰ ’ਚ 10.2, ਫ਼ਰੀਦਕੋਟ ’ਚ 3.5, ਮੋਹਾਲੀ ’ਚ 12.5, ਪਠਾਨਕੋਟ ’ਚ 7.5 ਤੇ ਰੂਪਨਗਰ ’ਚ 1.5 ਮਿਲੀਮੀਟਰ ਬਾਰਿਸ਼ ਹੋਈ। ਮੌਸਮ ਕੇਂਦਰ ਚੰਡੀਗੜ੍ਹ ਦੇ ਅਨੁਮਾਨ ਮੁਤਾਬਕ, ਮੰਗਲਵਾਰ ਨੂੰ ਪੰਜਾਬ ਦੇ ਉੱਤਰੀ ਤੇ ਪੂਰਬੀ ਹਿੱਸਿਆਂ ’ਚ ਕੁਝ ਥਾਵਾਂ ’ਤੇ ਭਾਰੀ ਬਾਰਿਸ਼ ਦੀ ਸੰਭਾਵਨਾ ਹੈ। ਇਸ ਦੌਰਾਨ ਇਸ ਇਲਾਕੇ ’ਚ ਸੱਤ ਸੈਂਟੀਮੀਟਰ ਜਾਂ ਇਸ ਤੋਂ ਜ਼ਿਆਦਾ ਬਾਰਿਸ਼ ਹੋ ਸਕਦੀ ਹੈ। ਇਸ ਤੋਂ ਬਾਅਦ 10 ਅਗਸਤ ਤੱਕ ਮੌਸਮ ਸਾਫ਼ ਰਹੇਗਾ।
