Punjab

ਮੋਦੀ ਦੇ ਤਿੰਨ ਕਾਲੇ ਕਾਨੂੰਨਾਂ ਨਾਲੋਂ ਵੱਧ ਘਾਤਕ ਹੈ ਕੇਜਰੀਵਾਲ ਦੀ ਲੈਂਡ ਪੂਲਿੰਗ ਨੀਤੀ

ਤਰਨਤਾਰਨ-ਪੰਜਾਬ ਸਰਕਾਰ ਦੇ ਪਰਦੇ ਪਿਛਲੇ ਸੰਚਾਲਕ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੀ ਕਿਸਾਨੀ ਨੂੰ ਬਰਬਾਦ ਕਰਨ ਦੇ ਮੰਤਵ ਨਾਲ ਲਿਆਂਦੀ ਗਈ ਲੈਂਡ ਪੂਲਿੰਗ ਨੀਤੀ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਿਛਲੇ ਸਮੇਂ ਵਿਚ ਲਿਆਂਦੇ ਗਏ ਤਿੰਨ ਕਾਲੇ ਖੇਤੀ ਕਾਨੂੰਨਾਂ ਨਾਲੋਂ ਕਿਤੇ ਵੱਧ ਘਾਤਕ ਹੈ ਅਤੇ ਇਹ ਵੱਡੇ ਕਾਰਪੋਰੇਟ ਘਰਾਣਿਆਂ ਦਾ ਪੰਜਾਬ ਦੀਆਂ ਜ਼ਮੀਨਾਂ ’ਤੇ ਕਬਜ਼ਾ ਕਰਵਾਉਣ ਅਤੇ ਮਿਹਨਤ-ਕਸ਼ ਕਿਸਾਨ ਮਜ਼ਦੂਰ ਨੂੰ ਬੇਜ਼ਮੀਨੇ ਕਰਕੇ ਘਸਿਆਰੇ ਬਨਾਉਣ ਦੀ ਕਮੀਣੀ ਚਾਲ ਹੈ। ਜਿਸ ਨੂੰ ਪੰਜਾਬ ਕਾਂਗਰਸ ਕਦੇ ਵੀ ਲਾਗੂ ਨਹੀਂ ਹੋਣ ਦੇਵੇਗੀ। ਇਹ ਪ੍ਰਗਟਾਵਾ ਆਪਣੇ ਸਿਆਸੀ ਦਫਤਰ ਵਿਚ ਕਾਂਗਰਸ ਅਹੁਦੇਦਾਰਾਂ ਦੀ ਸੱਦੀ ਮੀਟਿੰਗ ਦੌਰਾਨ ਮਨਿੰਦਰ ਪਾਲ ਸਿੰਘ ਪਲਾਸੌਰ ਮੈਂਬਰ ਪੀਪੀਸੀਸੀ ਨੇ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਲੀਡਰਸ਼ਿਪ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਲੀਡਰ ਵਿਰੁੱਧੀ ਧਿਰ ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਹੇਠ ਇਸ ਪਾਲਿਸੀ ਵਿਰੁੱਧ ਸੰਘਰਸ਼ ਦੀ ਲਾਮਬੰਦੀ ਵਿਚ ਜੁਟੀ ਹੋਈ ਹੈ ਅਤੇ ਆਪਣੀ ਸੋਸ਼ਲ ਮੀਡੀਆ ਇੰਟਰਵਿਊ ਰਾਹੀਂ ਸੀਨੀਅਰ ਕਾਂਗਰਸੀ ਨੇਤਾ ਰਾਣਾ ਗੁਰਜੀਤ ਸਿੰਘ ਨੇ ਇਸ ਮੁੱਦੇ ਪ੍ਰਤੀ ਕਾਂਗਰਸ ਪਾਰਟੀ ਦੀ ਪਹੁੰਚ ਸਪੱਸ਼ਟ ਕਰ ਦਿੱਤੀ ਹੈ। ਉਨ੍ਹਾਂ ਸਾਂਝਾ ਕੀਤਾ ਕਿ ਕਿਵੇਂ ਸਮੇਂ ਸਮੇਂ ’ਤੇ ਕੇਂਦਰ ਸਰਕਾਰਾਂ ਵੱਲੋਂ ਅਪਣਾਈਆਂ ਪੰਜਾਬ ਵਿਰੋਧੀ ਨੀਤੀਆਂ ਕਾਰਨ ਪਹਿਲਾਂ ਹੀ ਡੱਬੀ ਜਿਡੇ ਰਹਿ ਗਏ ਪੰਜਾਬ ਹੁਣ ਇਸ ਨੀਤੀ ਨਾਲ ਵੱਡੇ ਵੱਡੇ ਬਿਲਡਰਾਂ ਅਤੇ ਕਾਲੋਨਾਈਜ਼ਰਾਂ ਦੇ ਰਹਿਮੋ ਕਰਮ ’ਤੇ ਆਖਰੀ ਸਾਹ ਲਵੇਗਾ ਅਤੇ ਪੰਜਾਬੀ ਧਰਤੀ ਦੇ ਅਸਲ ਮਾਲਕ ਬੇਜ਼ਮੀਨੇ ਹੋ ਕੇ ਇਨ੍ਹਾਂ ਬਿਲਡਰਾਂ ਦੇ ਪੱਥਰ ਦੇ ਜੰਗਲਾਂ ਵਿਚ ਟੋਕਰੀ ਢੋਇਆ ਕਰਨਗੇ। ਉਨ੍ਹਾਂ ਦ੍ਰਿੜ ਵਿਸ਼ਵਾਸ ਨਾਲ ਕਿਹਾ ਕਿ ਅਸੀਂ ਸਮੂਹ ਕਾਂਗਰਸ ਵਰਕਰ ਸਾਡੀ ਧਰਤੀ ਸਾਡੀ ਮਾਂ ਦੇ ਹੱਕੀ ਨਾਅਰੇ ਨੂੰ ਘਰ ਘਰ ਲੈ ਕੇ ਜਾਵਾਂਗੇ ਅਤੇ ਇਸ ਕਿਸਾਨੀ ਸੰਘਰਸ਼ ਨੂੰ ਮੂਹਰੇ ਹੋ ਕੇ ਲੜਾਂਗੇ ਜਿਸ ਦੀ ਮੀਟਿੰਗ ਵਿਚ ਹਾਜ਼ਰ ਸਮੂਹ ਸਾਥੀਆਂ ਨੇ ਪ੍ਰੋੜ੍ਹਤਾ ਕੀਤੀ। ਇਸ ਮੌਕੇ ਹਾਜ਼ਰ ਅਹੁਦੇਦਾਰਾਂ ਵਿਚ ਰਣਜੀਤ ਸਿੰਘ ਰਾਣਾ ਲਹੀਆਂ, ਪਰਮਬੀਰ ਸਿੰਘ ਚਾਹਲ, ਜਗਦੀਸ਼ ਸਿੰਘ ਗਹਿਰੀ, ਸਰਵਣ ਸਿੰਘ ਲਹੀਆਂ, ਬਲਾਕ ਪ੍ਰਧਾਨ ਐੱਸਸੀ ਵਿੰਗ ਗੰਡੀਵਿੰਡ ਯੂਸਬ ਸਿੰਘ ਗਹਿਰੀ, ਕੁਲਦੀਪ ਸਿੰਘ ਸਰਾਂ, ਹਰਭਾਲ ਸਿੰਘ ਭੋਜੀਆਂ, ਸਰਪੰਚ ਸਕਤਰ ਸਿੰਘ ਰਾਮਰੌਣੀ, ਬਲਬੀਰ ਸਿੰਘ ਫੌਜੀ ਝਾਮਕਾ, ਲਖਾ ਸਿੰਘ ਝਾਮਕਾ, ਸਰਪੰਚ ਹਰਲਾਭ ਸਿੰਘ ਪੰਡੋਰੀ, ਲਵਲੀ ਪ੍ਰਧਾਨ ਪੰਡੋਰੀ, ਸਰਪੰਚ ਜਗਤਾਰ ਸਿੰਘ ਭੁੱਚਰ, ਸਤਨਾਮ ਸਿੰਘ ਛੀਨਾ, ਮਨਪ੍ਰੀਤ ਸਿੰਘ, ਸਰਪੰਚ ਦਿਲਬਾਗ ਸਿੰਘ, ਸੁਖਦੇਵ ਸਿੰਘ ਮੁਰਾਦਪੁਰ, ਸਰਬਜੀਤ ਸਿੰਘ ਜਗਤਪੁਰਾ, ਪਰਿੰਸਪਾਲ ਸਿੰਘ ਠੱਠਗੜ, ਬਲਜੀਤ ਸਿੰਘ, ਲਾਡੀ ਲਹੀਆਂ, ਗਿਆਨੀ ਹਰਜਿੰਦਰ ਸਿੰਘ ਠਠੀ ਆਦਿ ਹਾਜ਼ਰ ਸਨ।