ਭਾਰਤ ਦੀਆਂ ਕੰਪਨੀਆਂ ਨੇ ਰੂਸ ਤੋਂ ਤੇਲ ਖ਼ਰੀਦਣਾ ਕੀਤਾ ਬੰਦ
ਨਵੀਂ ਦਿੱਲੀ – ਭਾਰਤ ਦੀਆਂ ਸਰਕਾਰੀ ਤੇਲ ਰਿਫਾਇਨਰੀਆਂ ਨੇ ਪਿਛਲੇ ਹਫ਼ਤੇ ਰੂਸੀ ਤੇਲ ਖ਼ਰੀਦਣਾ ਬੰਦ ਕਰ ਦਿੱਤਾ ਹੈ, ਕਿਉੰਕਿ ਇਸ ਮਹੀਨੇ ਛੋਟ ਘੱਟ ਹੋ ਗਈ ਹੈ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਨੂੰ ਮਾਸਕੋ ਤੋਂ ਤੇਲ ਨਾ ਖ਼ਰੀਦਣ ਦੀ ਚਿਤਾਵਨੀ ਦਿੱਤੀ ਹੈ। ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਤੇਲ ਦਰਾਮਦਕਾਰ ਹੈ। ਨਾਲ ਹੀ ਇਹ ਰੂਸੀ ਕੱਚੇ ਤੇਲ ਦਾ ਸਭ ਤੋਂ ਵੱਡਾ ਖ਼ਰੀਦਦਾਰ ਹੈ, ਜਿਹੜਾ ਮਾਸਕੋ ਲਈ ਮਾਲੀਆ ਕਮਾਉਣ ਦਾ ਇਕ ਅਹਿਮ ਸਰੋਤ ਹੈ।
ਸੂਤਰਾਂ ਨੇ ਦੱਸਿਆ ਹੈ ਕਿ ਦੇਸ਼ ਦੀਆਂ ਸਰਕਾਰੀ ਰਿਫਾਈਨਰੀਆਂ-ਇੰਡੀਅਨ ਆਇਲ ਕਾਰਪੋਰੇਸ਼ਨ, ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ, ਭਾਰਤ ਪੈਟਰੋਲੀਅਮ ਤੇ ਮੈਂਗਲੋਰ ਰਿਫਾਇਨਰੀ ਪੈਟਰੋਕੈਮੀਕਲ ਲਿਮਟਡ ਨੇ ਪਿਛਲੇ ਇਕ ਹਫ਼ਤੇ ’ਚ ਰੂਸ ਤੋਂ ਕੱਚੇ ਤੇਲ ਦੀ ਕੋਈ ਮੰਗ ਨਹੀਂ ਕੀਤੀ। ਇਨ੍ਹਾਂ ਕੰਪਨੀਆਂ ਤੇ ਪੈਟਰੋਲੀਅਮ ਮੰਤਰਾਲੇ ਨੇ ਟਿੱਪਣੀ ਲਈ ਰਾਇਟਰ ਦੀਆਂ ਬੇਨਤੀਆਂ ਦਾ ਤੱਤਕਾਲ ਕੋਈ ਜਵਾਬ ਨਹੀਂ ਦਿੱਤਾ। ਸੂਤਰਾਂ ਨੇ ਦੱਸਿਆ ਕਿ ਚਾਰੇ ਰਿਫਾਇਨਿੰਗ ਕੰਪਨੀਆਂ ਰੈਗੂਲਰ ਤੌਰ ’ਤੇ ਰੂਸ ਤੋਂ ਤੇਲ ਦੀ ਖ਼ਰੀਦਦਾਰੀ ਕਰਦੀਆਂ ਹਨ। ਹਾਲਾਂਕਿ, ਬਦਲ ਦੇ ਤੌਰ ’ਤੇ ਹੁਣ ਉਨ੍ਹਾਂ ਨੇ ਪੱਛਮੀ ਏਸ਼ੀਆ ਤੇ ਅਫਰੀਕਾ ਵਰਗੇ ਹੋਰ ਬਾਜ਼ਾਰਾਂ ਦਾ ਰੁਖ਼ ਕਰਨਾ ਸ਼ੁਰੂ ਕਰ ਦਿੱਤਾ ਹੈ। ਨਿੱਜੀ ਕੰਪਨੀਆਂ-ਰਿਲਾਇੰਸ ਇੰਡਸਟਰੀਜ਼ ਤੇ ਨਾਇਰਾ ਐਨਰਜੀ ਦਾ ਮਾਸਕੋ ਨਾਲ ਸਾਲਾਨਾ ਸੌਦਾ ਹੈ ਤੇ ਉਹ ਭਾਰਤ ’ਤ ਰੂਸੀ ਤੇਲ ਦੇ ਸਭ ਤੋਂ ਵੱਡੇ ਖ਼ਰੀਦਦਾਰ ਹਨ। 14 ਜੁਲਾਈ ਨੂੰ ਟਰੰਪ ਨੇ ਧਮਕੀ ਦਿੱਤੀ ਸੀ ਕਿ ਜੇਕਰ ਮਾਸਕੋ ਯੂਕਰੇਨ ਨਾਲ ਕੋਈ ਵੱਡਾ ਸ਼ਾਂਤੀ ਸਮਝੌਤਾ ਨਹੀਂ ਕਰਦਾ, ਤਾਂ ਰੂਸੀ ਤੇਲ ਖ਼ਰੀਦਣ ਵਾਲੇ ਦੇਸ਼ਾਂ ’ਤੇ 100 ਫ਼ੀਸਦੀ ਟੈਰਿਫ ਲਗਾ ਦਿੱਤਾ ਜਾਵੇਗਾ। ਸੂਤਰਾਂ ਮੁਤਾਬਕ, ਭਾਰਤੀ ਰਿਫਾਇਨਰੀਆਂ ਰੂਸ ਤੋਂ ਕੱਚੇ ਤੇਲ ਦੀ ਦਰਾਮਦ ਘੱਟ ਕਰ ਰਹੀਆਂ ਹਨ, ਕਿਉੰਕਿ ਛੋਟ 2022 ਤੋਂ ਬਾਅਦ ਆਪਣੇ ਸਭ ਤੋਂ ਹੇਠਲੇ ਪੱਧਰ ’ਤੇ ਆ ਗਈ ਹੈ, ਜਦੋਂ ਪੱਛਮੀ ਦੇਸ਼ਾਂ ਨੇ ਪਹਿਲੀ ਵਾਰ ਮਾਸਕੋ ’ਤੇ ਪਾਬੰਦੀ ਲਗਾਈ ਸੀ
