Punjab

ਮੁਠਭੇੜ ‘ਚ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਸੰਬੰਧਤ ਇੱਕ ਦੋਸ਼ੀ ਗ੍ਰਿਫਤਾਰ

ਮੋਹਾਲੀ – ਸਟੇਟ ਸਪੈਸ਼ਲ ਓਪਰੇਸ਼ਨ ਸੈੱਲ (SSOC) ਮੋਹਾਲੀ ਵੱਲੋਂ ਕੀਤੀ ਗਈ ਕਾਰਵਾਈ ‘ਚ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਸੰਬੰਧਤ ਇੱਕ ਖ਼ਤਰਨਾਕ ਦੋਸ਼ੀ ਗੁਰਪ੍ਰੀਤ ਸਿੰਘ ਉਰਫ਼ ਗੋਪੀ, ਵਾਸੀ ਮੰਡੀ ਗੋਬਿੰਦਗੜ੍ਹ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਨੂੰ ਮੁਠਭੇੜ ਬਾਅਦ ਗ੍ਰਿਫਤਾਰ ਕੀਤਾ ਗਿਆ ਹੈ। ਮੁਠਭੇੜ ਦੌਰਾਨ ਗੋਪੀ ਦੇ ਪੈਰ ‘ਚ ਗੋਲੀ ਲੱਗੀ, ਜਿਸ ਨੂੰ ਇਲਾਜ ਲਈ ਮੋਹਾਲੀ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

ਪੁਲਿਸ ਅਨੁਸਾਰ 10 ਜੁਲਾਈ ਨੂੰ ਇਨ੍ਹਾਂ ਦੋਸ਼ੀ ਨੇ ਮੋਹਾਲੀ ਦੇ ਏਅਰੋਸਿਟੀ ਖੇਤਰ ਵਿੱਚ ਇੱਕ ਪ੍ਰਾਪਰਟੀ ਡੀਲਰ ਦੇ ਦਫ਼ਤਰ ਬਾਹਰ ਗੋਲੀਬਾਰੀ ਕਰਕੇ ਧਮਕੀ ਦੇ ਕੇ ਰੰਗਦਾਰੀ ਦੀ ਮੰਗ ਕੀਤੀ ਸੀ।

ਗੁਰਪ੍ਰੀਤ ਸਿੰਘ ਬਾਰੇ ਸ਼ੁਰੂਆਤੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਉਹ ਵਿਦੇਸ਼ ਵਿੱਚ ਬੈਠੇ ਆਤੰਕੀਆਂ ਦੇ ਸੰਪਰਕ ਵਿੱਚ ਸੀ, ਜੋ ਇਸ ਨੂੰ ਹਥਿਆਰ ਅਤੇ ਨਕਦ ਰਕਮ ਮੁਹੱਈਆ ਕਰਦੇ ਸਨ।

ਇਸ ਤੋਂ ਪਹਿਲਾਂ ਰਵਿਵਾਰ ਨੂੰ SSOC ਵੱਲੋਂ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਸੰਬੰਧਤ ਤਿੰਨ ਹੋਰ ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਿਨ੍ਹਾਂ ਨੇ ਪਟਿਆਲਾ ਜ਼ਿਲ੍ਹੇ ਦੀ ਬਾਦਸ਼ਾਹਪੁਰ ਪੁਲਿਸ ਚੌਕੀ ਤੇ ਹਰਿਆਣਾ ਦੀ ਅਜੀਮਗੜ੍ਹ ਚੌਕੀ ‘ਤੇ ਗ੍ਰੇਨੇਡ ਹਮਲਾ ਕੀਤਾ ਸੀ। ਇਨ੍ਹਾਂ ਦੀ ਪੁੱਛਗਿੱਛ ਦੌਰਾਨ ਗੁਰਪ੍ਰੀਤ ਸਿੰਘ ਦਾ ਨਾਮ ਸਾਹਮਣੇ ਆਇਆ, ਜਿਸ ਦੇ ਆਧਾਰ ‘ਤੇ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕਰਨ ਦੀ ਯੋਜਨਾ ਬਣਾਈ।

ਪੁਲਿਸ ਨੇ ਗੁਰਪ੍ਰੀਤ ਨੂੰ ਜਦ ਮੋਟਰਸਾਈਕਲ ‘ਤੇ ਜਾ ਰਹੇ ਦੇਖਿਆ ਤਾਂ ਉਸ ਨੂੰ ਸਰੈਂਡਰ ਕਰਨ ਲਈ ਕਿਹਾ ਪਰ ਉਸ ਨੇ ਪੁਲਿਸ ‘ਤੇ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ। ਜਵਾਬੀ ਕਾਰਵਾਈ ‘ਚ ਪੁਲਿਸ ਨੇ ਵੀ ਫਾਇਰਿੰਗ ਕੀਤੀ, ਜਿਸ ਦੌਰਾਨ ਲਗਪਗ 5 ਰਾਊਂਡ ਗੋਲੀਆਂ ਚਲੀਆਂ। ਗੁਰਪ੍ਰੀਤ ਦੇ ਪੈਰ ਵਿੱਚ ਗੋਲੀ ਲੱਗੀ ਤੇ ਉਹ ਜ਼ਖ਼ਮੀ ਹੋ ਗਿਆ।

ਇਸ ਦੋਸ਼ੀ ਖਿਲਾਫ਼ ਪਹਿਲਾਂ ਹੀ ਫਿਰੌਤੀ, ਗੋਲੀਬਾਰੀ ਆਦਿ ਸਬੰਧੀ 4 ਅਪਰਾਧਿਕ ਮਾਮਲੇ ਦਰਜ ਹਨ ਅਤੇ ਇਹ ਪਹਿਲਾਂ ਵੀ ਜੇਲ੍ਹ ਦੀ ਸਜ਼ਾ ਕੱਟ ਚੁੱਕਾ ਹੈ। ਪੁਲਿਸ ਨੂੰ ਵਿਸ਼ਵਾਸ ਹੈ ਕਿ ਹੋਰ ਪੁੱਛਗਿੱਛ ਦੌਰਾਨ ਕਈ ਅਹਿਮ ਖੁਲਾਸੇ ਹੋ ਸਕਦੇ ਹਨ।