ਪੀੜਤ ਪਾਇਲਟਾਂ ’ਚੋਂ ਇਕ ਹਰਿਆਣਾ ਦੇ ਰੋਹਤਕ ਤੇ ਦੂਜਾ ਰਾਜਸਥਾਨ ਦੇ ਪਾਲੀ ਜ਼ਿਲ੍ਹੇ ਤੋਂ
ਚੰਡੀਗੜ੍ਹ-ਰਾਜਸਥਾਨ ਦੇ ਚੁਰੂ ਵਿਚ ਬੁੱਧਵਾਰ ਨੂੰ ਜੈਗੁਆਰ ਲੜਾਕੂ ਜਹਾਜ਼ ਹਾਦਸੇ ਵਿੱਚ ਮਾਰੇ ਗਏ ਭਾਰਤੀ ਹਵਾਈ ਸੈਨਾ ਦੇ ਦੋ ਪਾਇਲਟਾਂ ਦੀ ਪਛਾਣ ਹਰਿਆਣਾ ਦੇ ਰੋਹਤਕ ਤੋਂ ਸਕੁਐਡਰਨ ਲੀਡਰ ਲੋਕੇਂਦਰ ਸਿੰਘ ਸਿੰਧੂ ਅਤੇ ਰਾਜਸਥਾਨ ਦੇ ਪਾਲੀ ਜ਼ਿਲ੍ਹੇ ਦੇ ਸੁਮੇਰਪੁਰ ਤੋਂ ਫਲਾਈਟ ਲੈਫਟੀਨੈਂਟ ਰਿਸ਼ੀਰਾਜ ਸਿੰਘ ਦੇਵਦਾ ਵਜੋਂ ਹੋਈ ਹੈ। ਦੋਵੇਂ ਪਾਇਲਟ ਅੰਬਾਲਾ ਏਅਰਬੇਸ ‘ਤੇ ਪੰਜ ਨੰਬਰ ਸਕੁਐਡਰਨ ‘Tuskers’ ਵਿੱਚ ਪੋਸਟਡ ਸਨ ਅਤੇ ਨਿਯਮਤ ਸਿਖਲਾਈ ਅਭਿਆਸ ਲਈ ਰਾਜਸਥਾਨ ਦੇ ਬਾੜਮੇਰ ਏਅਰਬੇਸ ‘ਤੇ ਤਾਇਨਾਤ ਸਨ। ਉਨ੍ਹਾਂ ਦੇ ਅੰਤਿਮ ਸੰਸਕਾਰ ਅੱਜ ਕੀਤੇ ਜਾਣ ਦੀ ਉਮੀਦ ਹੈ।
ਸਿੰਧੂ (44) ਨੂੰ ਦਸੰਬਰ 2014 ਵਿੱਚ ਆਈਏਐਫ ਦੀ ਫਲਾਇੰਗ ਬ੍ਰਾਂਚ ਵਿੱਚ ਕਮਿਸ਼ਨ ਦਿੱਤਾ ਗਿਆ ਸੀ। ਸੂਤਰਾਂ ਅਨੁਸਾਰ 2020 ਵਿੱਚ ਉਸਨੂੰ ਸਕੁਐਡਰਨ ਲੀਡਰ ਵਜੋਂ ਤਰੱਕੀ ਦਿੱਤੀ ਗਈ ਸੀ। ਉਸ ਦੇ ਪਿਤਾ ਮਹਾਰਿਸ਼ੀ ਦਯਾਨੰਦ ਯੂਨੀਵਰਸਿਟੀ ਤੋਂ ਸੁਪਰਡੈਂਟ ਵਜੋਂ ਸੇਵਾਮੁਕਤ ਹੋਏ ਸਨ, ਜਦੋਂ ਕਿ ਉਸਦੀ ਪਤਨੀ ਸੁਰਭੀ ਡਾਕਟਰ ਹੈ। ਉਧਰ ਦੇਵਦਾ (23) ਰਾਸ਼ਟਰੀ ਰੱਖਿਆ ਅਕੈਡਮੀ ਦਾ ਸਾਬਕਾ ਵਿਦਿਆਰਥੀ ਹੈ। ਉਸ ਦੇ ਪਿਤਾ ਰਾਜਸਥਾਨ ਵਿੱਚ ਇੱਕ ਹੋਟਲ ਕਾਰੋਬਾਰ ਚਲਾਉਂਦੇ ਹਨ।
ਨੰਬਰ 5 ਸਕੁਐਡਰਨ, ਜਿਸ ਨਾਲ ਇਹ ਦੋਵੇਂ ਪਾਇਲਟ ਸਬੰਧਤ ਸੀ, ਆਈਏਐਫ ਦੁਆਰਾ ਖੜਾ ਕੀਤਾ ਜਾਣ ਵਾਲਾ ਪਹਿਲਾ ਬੰਬਾਰ ਯੂਨਿਟ ਹੈ ਅਤੇ ਲੜਾਈ ਵਿੱਚ ਜੈੱਟ ਜਹਾਜ਼ਾਂ ਦੀ ਵਰਤੋਂ ਕਰਨ ਵਾਲਾ ਪਹਿਲਾ ਆਈਏਐਫ ਯੂਨਿਟ ਵੀ ਹੈ। ਐਂਗਲੋ-ਫ੍ਰੈਂਚ ਮੂਲ ਦਾ SEPECAT ਜੈਗੁਆਰ, ਜਿਸ ਨਾਲ ਇਹ ਵਰਤਮਾਨ ਵਿੱਚ ਲੈਸ ਹੈ, ਇੱਕ ਡੂੰਘੀ ਸੱਟ ਮਾਰਨ ਵਾਲਾ ਏਅਰਕ੍ਰਾਫਟ ਹੈ, ਜੋ 1979 ਤੋਂ ਆਈਏਐਫ ਦੀ ਸੇਵਾ ਕਰ ਰਿਹਾ ਹੈ।
ਸਕੁਐਡਰਨ ਦੀ ਸਥਾਪਨਾ ਤਤਕਾਲੀਨ ਰੌਇਲ ਇੰਡੀਅਨ ਏਅਰ ਫੋਰਸ ਦੇ ਇਕ ਹਿੱਸੇ ਵਜੋਂ ਨਵੰਬਰ 1948 ਵਿਚ ਕਾਨਪੁਰ ਦੇ ਵਿੰਗ ਕਮਾਂਡਰ ਜੇਆਰਐੱਸ ਡੈਨੀ ਦਾਂਤਰਾ ਦੀ ਕਮਾਨ ਵਿਚ ਬੀ24 ਲਿਬਰੇਟਰ ਪ੍ਰੋਪੈੱਲਰ ਸੰਚਾਲਿਤ ਭਾਰੀ ਬੰਬਾਰਾਂ ’ਤੇ ਕੀਤੀ ਗਈ ਸੀ। ਇਹ ਪਹਿਲੀ ਵਾਰ ਸੀ ਜਦੋਂ ਕੋਈ ਭਾਰਤੀ ਸਕੁਐਡਰਨ ਬੰਬਾਰੀ ਦਾ ਕੰਮ ਸੰਭਾਲ ਰਿਹਾ ਸੀ। ਇਸ ਤੋਂ ਪਹਿਲਾਂ ਭਾਰਤੀ ਯੂਨਿਟਾਂ ਨੇ ਸਿਰਫ਼ ਲੜਾਕੂ-ਬੰਬਰ ਹੀ ਚਲਾਏ ਸਨ, ਜੋ ਅਸਲ ਵਿੱਚ ਬੰਬਾਂ ਦੇ ਇੱਕ ਛੋਟੇ ਜਿਹੇ ਪੇਲੋਡ ਨੂੰ ਚੁੱਕਣ ਲਈ ਲੈਸ ਸਨ। ਇਹ ਪਹਿਲੀ ਵਾਰ ਸੀ ਜਦੋਂ ਭਾਰਤੀ ਹਵਾਈ ਫੌਜ ਨੇ ਚਾਰ-ਇੰਜਣ ਵਾਲਾ ਜਹਾਜ਼ ਸ਼ਾਮਲ ਕੀਤਾ ਸੀ।
ਜਨਵਰੀ 1957 ਵਿੱਚ ਆਈਏਐਫ ਨੇ ਆਪਣੇ ਬੰਬਾਰ ਅਤੇ ਰਣਨੀਤਕ ਖੋਜ ਯੂਨਿਟਾਂ ਲਈ ਜੈੱਟ-ਇੰਜਣ ਇੰਗਲਿਸ਼ ਇਲੈਕਟ੍ਰਿਕ ਕੈਨਬਰਾ ਦੀ ਚੋਣ ਕੀਤੀ। ਸਤੰਬਰ 1957 ਵਿੱਚ, ਨੰਬਰ 5 ਸਕੁਐਡਰਨ, ਵਿੰਗ ਕਮਾਂਡਰ ਡਬਲਿਊਆਰ ਦਾਨੀ ਦੀ ਕਮਾਨ ਹੇਠ, ਜਹਾਜ਼ ਦੇ ਬੀ(ਆਈ)58 ਬੰਬਾਰ-ਇੰਟਰਡਿਕਟਰ ਵੇਰੀਐਂਟ ਨਾਲ ਦੁਬਾਰਾ ਲੈਸ ਕਰਨ ਵਾਲਾ ਪਹਿਲਾ ਸਕੁਐਡਰਨ ਬਣ ਗਿਆ। ਉਦੋਂ ਤੱਕ, ਆਗਰਾ ਸਕੁਐਡਰਨ ਦਾ ਨਵਾਂ ਘਰ ਬਣ ਗਿਆ ਸੀ। ਭਾਰਤੀ ਹਵਾਈ ਸੈਨਾ ਦੀ ਸੀਨੀਅਰ ਬੰਬਾਰ ਯੂਨਿਟ ਦੇ ਤੌਰ ‘ਤੇ ਨੰਬਰ 5 ਸਕੁਐਡਰਨ ਨੇ ਕੈਨਬਰਾ ਦੀਆਂ ਹੋਰ ਇਕਾਈਆਂ ਨਾਲ ਮਿਲ ਕੇ ਜ਼ਮੀਨ ਤੋਂ ਹਵਾ ਵਿੱਚ ਮਿਜ਼ਾਈਲਾਂ ਦੇ ਉੱਭਰ ਰਹੇ ਖ਼ਤਰੇ ਨੂੰ ਧਿਆਨ ਵਿੱਚ ਰੱਖਦੇ ਹੋਏ high-altitude horizontal bombing ਲਈ ਸੰਚਾਲਨ ਸਿਧਾਂਤਾਂ ਅਤੇ ਰਣਨੀਤੀਆਂ ਦੀ ਅਗਵਾਈ ਕੀਤੀ ਅਤੇ ਵਿਕਸਤ ਕੀਤਾ।
