Sports

ਭਾਰਤ ਨੇ ਏਸ਼ਿਆਈ ਸਕੁਐਸ਼ ਚੈਂਪੀਅਨਸ਼ਿਪ ’ਚ ਤਿੰਨ ਖ਼ਿਤਾਬ ਜਿੱਤੇ

ਕੁਆਲਾਲੰਪੁਰ-ਇੱਥੇ ਖੇਡੀ ਜਾ ਰਹੀ ਦੂਜੀ ਏਸ਼ਿਆਈ ਸਕੁਐਸ਼ ਡਬਲਜ਼ ਚੈਂਪੀਅਨਸ਼ਿਪ ’ਚ ਭਾਰਤ ਨੇ ਪੁਰਸ਼, ਮਹਿਲਾ ਤੇ ਮਿਕਸਡ ਵਰਗ ਦੇ ਤਿੰਨੋ ਖਿਤਾਬ ਆਪਣੇ ਨਾਂ ਕੀਤੇ ਹਨ। ਅਭੈ ਸਿੰਘ ਤੇ ਵੇਲਾਵਨ ਸੇਂਥਿਲ ਕੁਮਾਰ ਦੀ ਪੁਰਸ਼ ਜੋੜੀ ਨੇ ਪਾਕਿਸਤਾਨ ਦੇ ਨੂਰ ਜਮਾਂ ਤੇ ਨਾਸਿਰ ਇਕਬਾਲ ਨੂੰ ਹਰਾਇਆ। ਭਾਰਤੀ ਜੋੜੀ ਆਪਣਾ ਪਹਿਲਾ ਸੈੱਟ ਹਾਰ ਗਈ ਪਰ ਉਨ੍ਹਾਂ ਖੇਡ ਵਿਚ ਵਾਪਸੀ ਕਰਦਿਆਂ 2-1 ਨਾਲ ਜਿੱਤ ਹਾਸਲ ਕੀਤੀ। ਉਨ੍ਹਾਂ 88 ਮਿੰਟ ਚੱਲੇ ਮੈਚ ਵਿਚ ਆਪਣੇ ਵਿਰੋਧੀਆਂ ਨੂੰ 9-11, 11-5 ਤੇ 11-5 ਨਾਲ ਹਰਾਇਆ। ਭਾਰਤੀ ਜੋੜੀ ਨੇ ਸੈਮੀਫਾਈਨਲ ਵਿਚ ਹਾਂਗਕਾਂਗ ਦੇ ਚਿ ਹਿਮ ਵੌਂਗ ਤੇ ਮਿੰਗ ਹੌਂਗ ਟਾਂਗ ਨੂੰ ਹਰਾ ਕੇ ਫਾਈਨਲ ਵਿਚ ਦਾਖਲਾ ਹਾਸਲ ਕੀਤਾ ਸੀ।

ਮਹਿਲਾ ਡਬਲਜ਼ ਫਾਈਨਲ ਵਿਚ ਭਾਰਤ ਦੀ ਜੋਸ਼ਨਾ ਚਿਨੰਪਾ ਤੇ ਅਨਾਹਤ ਸਿੰਘ ਦੀ ਜੋੜੀ ਨੇ ਮਲੇਸ਼ੀਆ ਦੀ ਆਇਨਾ ਅਮਾਨੀ ਤੇ ਜਿਨ ਯਿੰਗ ਨੂੰ 2-1 ਨਾਲ ਹਰਾਇਆ। ਦੂਜੇ ਪਾਸੇ ਮਿਕਸਡ ਵਰਗ ਵਿਚ ਅਭੈ ਤੇ ਅਨਾਹਤ ਦੀ ਜੋੜੀ ਨੇ ਮਲੇਸ਼ੀਆ ਦੇ ਰਾਸ਼ੇਲ ਅਰਨਾਲਡ ਤੇ ਅਮੀਸ਼ੇਨਰਾਜ ਚੰਦਾਰਨ ਨੂੰ 2-0 ਨਾਲ ਹਰਾਇਆ।