National

ਵਿਸਾਵਦਾਰ ਸੀਟ ਤੋਂ ‘ਆਪ’ ਉਮੀਦਵਾਰ ਨੇ ਫੈਸਲਾਕੁਨ ਲੀਡ ਲਈ; ਕੜੀ ’ਚ ਭਾਜਪਾ ਉਮੀਦਵਾਰ ਅੱਗੇ

ਅਹਿਮਦਾਬਾਦ- ਗੁਜਰਾਤ ਦੇ ਵਿਸਾਵਦਰ ਤੇ ਕੜੀ ਵਿਧਾਨ ਸਭਾ ਸੀਟਾਂ ਲਈ ਹੋਈ ਜ਼ਿਮਨੀ ਚੋਣ ਵਾਸਤੇ ਵੋਟਾਂ ਦੀ ਗਿਣਤੀ ਜਾਰੀ ਹੈ। ਵਿਸਾਵਦਰ ਸੀਟ ਤੋਂ ਆਮ ਆਦਮੀ ਪਾਰਟੀ ਦੇ ਗੋਪਾਲ ਇਟਾਲੀਆ 20ਵੇਂ ਗੇੜ ਦੀ ਗਿਣਤੀ ਮਗਰੋਂ  ਭਾਜਪਾ ਦੇ ਕੀਰਤੀ ਪਟੇਲ ਤੋਂ 16594 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਇਟਾਲੀਆ ਨੂੰ ਹੁਣ ਤੱਕ 72716 ਵੋਟਾਂ ਮਿਲੀਆਂ ਹਨ ਜਦੋਂਕਿ ਪਟੇਲ ਦੇ ਖਾਤੇ ਵਿਚ 55122 ਵੋਟਾਂ ਪਈਆਂ ਹਨ। ਇਥੇ ਵੋਟਾਂ ਦੀ ਗਿਣਤੀ ਦਾ ਇਕ ਗੇੜ ਬਚਿਆ ਹੈ।

ਉਧਰ ਕੜੀ ਸੀਟ ’ਤੇ ਭਾਜਪਾ ਦੇ ਰਾਜੇਂਦਰ ਚਾਵੜਾ (72507 ਵੋਟਾਂ) 15ਵੇਂ ਗੇੜ ਵਿਚ 34,597 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਕਾਂਗਰਸ ਦੇ ਰਮੇਸ਼ਭਾਈ ਚਾਵੜਾ 37910 ਵੋਟਾਂ ਨਾਲ ਦੂਜੇ ਨੰਬਰ ’ਤੇ ਹਨ।  ਅਧਿਕਾਰੀਆਂ ਨੇ ਦੱਸਿਆ ਕਿ 19 ਜੂਨ ਨੂੰ ਹੋਈ ਜ਼ਿਮਨੀ ਚੋਣ ਵਿਚ ਮੇਹਸਾਣਾ ਜ਼ਿਲ੍ਹੇ ਦੀ ਕੜੀ ਸੀਟ ’ਤੇ 57.90 ਫੀਸਦ ਤੇ ਜੂਨਾਗੜ੍ਹ ਜ਼ਿਲ੍ਹੇ ਦੀ ਵਿਸਾਵਦਰ ਸੀਟ ’ਤੇ 56.89 ਫੀਸਦ ਵੋਟਿੰਗ ਹੋਈ ਸੀ। ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋਈ।

ਭਾਜਪਾ, ਕਾਂਗਰਸ ਅਤੇ ਆਮ ਆਦਮੀ ਪਾਰਟੀ (ਆਪ) ਨੇ ਦੋਵਾਂ ਸੀਟਾਂ ’ਤੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਹਨ। ਵਿਸਾਵਦਰ ਸੀਟ ਦਸੰਬਰ 2023 ਵਿੱਚ ਤਤਕਾਲੀ ‘ਆਪ’ ਵਿਧਾਇਕ ਭੂਪੇਂਦਰ ਭਯਾਨੀ ਦੇ ਅਸਤੀਫ਼ਾ ਦੇਣ ਅਤੇ ਸੱਤਾਧਾਰੀ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਖਾਲੀ ਹੋ ਗਈ ਸੀ। ਵਿਸਾਵਦਰ ਜ਼ਿਮਨੀ ਚੋਣ ਲਈ ਭਾਜਪਾ ਨੇ ਕਿਰੀਟ ਪਟੇਲ ਨੂੰ ਮੈਦਾਨ ਵਿੱਚ ਉਤਾਰਿਆ ਸੀ, ਜਦੋਂ ਕਿ ਕਾਂਗਰਸ ਨੇ ਨਿਤਿਨ ਰਣਪਾਰੀਆ ਨੂੰ ਅਤੇ ਆਮ ਆਦਮੀ ਪਾਰਟੀ ਨੇ ਗੋਪਾਲ ਇਟਾਲੀਆ ਨੂੰ ਮੈਦਾਨ ਵਿੱਚ ਉਤਾਰਿਆ ਸੀ।

ਅਨੁਸੂਚਿਤ ਜਾਤੀ (ਐੱਸਸੀ) ਉਮੀਦਵਾਰਾਂ ਲਈ ਰਾਖਵਾਂ ਕੜੀ ਹਲਕਾ ਫਰਵਰੀ ਵਿੱਚ ਭਾਜਪਾ ਵਿਧਾਇਕ ਕਰਸਨ ਸੋਲੰਕੀ ਦੀ ਮੌਤ ਤੋਂ ਬਾਅਦ ਖਾਲੀ ਹੋ ਗਿਆ ਸੀ। ਭਾਜਪਾ ਨੇ ਕੜੀ ਤੋਂ ਰਾਜੇਂਦਰ ਚਾਵੜਾ ਨੂੰ ਮੈਦਾਨ ਵਿੱਚ ਉਤਾਰਿਆ ਹੈ, ਜਦੋਂ ਕਿ ਕਾਂਗਰਸ ਨੇ ਸਾਬਕਾ ਵਿਧਾਇਕ ਰਮੇਸ਼ ਚਾਵੜਾ ਨੂੰ ਟਿਕਟ ਦਿੱਤੀ ਹੈ। ਰਮੇਸ਼ ਚਾਵੜਾ ਨੇ 2012 ਵਿੱਚ ਸੀਟ ਜਿੱਤੀ ਸੀ ਪਰ 2017 ਵਿੱਚ ਭਾਜਪਾ ਦੇ ਕਰਸਨਭਾਈ ਸੋਲੰਕੀ ਤੋਂ ਹਾਰ ਗਏ ਸਨ।

ਵਿਸਾਵਦਰ ਵਾਂਗ, ਕੜੀ ਸੀਟ ’ਤੇ ਵੀ ਤਿਕੋਣਾ ਮੁਕਾਬਲਾ ਸੀ। ਇਸ ਚੋਣ ਵਿੱਚ ‘ਆਪ’ ਨੇ ਜਗਦੀਸ਼ ਚਾਵੜਾ ਨੂੰ ਮੈਦਾਨ ਵਿੱਚ ਉਤਾਰਿਆ ਸੀ। 182 ਮੈਂਬਰੀ ਗੁਜਰਾਤ ਵਿਧਾਨ ਸਭਾ ਵਿੱਚ, ਭਾਜਪਾ ਕੋਲ 161 ਵਿਧਾਇਕ ਹਨ, ਜਦੋਂ ਕਿ ਕਾਂਗਰਸ ਕੋਲ 12 ਅਤੇ ‘ਆਪ’ ਕੋਲ ਚਾਰ ਹਨ। ਸਮਾਜਵਾਦੀ ਪਾਰਟੀ ਕੋਲ ਇੱਕ ਸੀਟ ਹੈ ਅਤੇ ਦੋ ਸੀਟਾਂ ’ਤੇ ਆਜ਼ਾਦ ਵਿਧਾਇਕ ਹਨ।