Global

ਭਾਰਤ ਨੇ ਗਾਜ਼ਾ ਦੇ ਹਾਲਾਤ ’ਤੇ ਚਿੰਤਾ ਜਤਾਈ

ਨਵੀਂ ਦਿੱਲੀ-ਭਾਰਤ ਨੇ ਕਿਹਾ ਹੈ ਕਿ ਉਹ ਗਾਜ਼ਾ ਦੇ ਹਾਲਾਤ ਨੂੰ ਲੈ ਕੇ ਫਿਕਰਮੰਦ ਹੈ ਅਤੇ ਉਸ ਨੇ ਜੰਗ ਤੋਂ ਪ੍ਰਭਾਵਿਤ ਫਲਸਤੀਨੀ ਖ਼ਿੱਤੇ ਦੇ ਲੋਕਾਂ ਨੂੰ ਮਾਨਵੀ ਸਹਾਇਤਾ ਜਾਰੀ ਰੱਖਣ ਦਾ ਹੋਕਾ ਦਿੱਤਾ ਹੈ। ਭਾਰਤ ਨੇ ਹਮਾਸ ਵੱਲੋਂ ਬੰਦੀ ਬਣਾਏ ਗਏ ਸਾਰੇ ਲੋਕਾਂ ਨੂੰ ਰਿਹਾਅ ਕਰਨ ’ਤੇ ਵੀ ਜ਼ੋਰ ਦਿੱਤਾ। ਵਿਦੇਸ਼ ਮੰਤਰਾਲੇ ਨੇ ਇਕ ਬਿਆਨ ’ਚ ਕਿਹਾ, ‘‘ਅਸੀਂ ਗਾਜ਼ਾ ਦੇ ਹਾਲਾਤ ਤੋਂ ਚਿੰਤਿਤ ਹਾਂ। ਸਾਰੇ ਬੰਦੀਆਂ ਦੀ ਰਿਹਾਈ ਅਹਿਮ ਹੈ। ਅਸੀਂ ਗਾਜ਼ਾ ਦੇ ਲੋਕਾਂ ਨੂੰ ਮਾਨਵੀ ਸਹਾਇਤਾ ਜਾਰੀ ਰੱਖਣ ਦਾ ਸੱਦਾ ਦਿੰਦੇ ਹਾਂ।’’ ਭਾਰਤ ‘ਦੋ-ਮੁਲਕ ਬਣਾਉਣ ਸਬੰਧੀ ਹੱਲ’ ਦੀ ਵਕਾਲਤ ਕਰਦਾ ਆ ਰਿਹਾ ਹੈ ਤਾਂ ਜੋ ਇਜ਼ਰਾਇਲੀ ਅਤੇ ਫਲਸਤੀਨੀ ਸ਼ਾਂਤੀ ਤੇ ਸੁਰੱਖਿਆ ਨਾਲ ਰਹਿ ਸਕਣ। ਭਾਰਤ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਇਜ਼ਰਾਈਲ ਨੇ ਮੰਗਲਵਾਰ ਨੂੰ ਗਾਜ਼ਾ ’ਚ ਹਵਾਈ ਹਮਲੇ ਮੁੜ ਤੋਂ ਸ਼ੁਰੂ ਕਰ ਦਿੱਤੇ ਹਨ ਜਿਸ ਨਾਲ ਜੰਗਬੰਦੀ ਦੇ ਮੁੱਦੇ ’ਤੇ ਬੇਯਕੀਨੀ ਦਾ ਮਾਹੌਲ ਪੈਦਾ ਹੋ ਗਿਆ ਹੈ। ਹਮਾਸ ਮੁਤਾਬਕ ਇਜ਼ਰਾਇਲੀ ਹਮਲੇ ’ਚ 400 ਤੋਂ ਵੱਧ ਲੋਕ ਮਾਰੇ ਗਏ ਹਨ।

ਕਾਂਗਰਸੀ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਗਾਜ਼ਾ ’ਚ ਇਜ਼ਰਾਈਲ ਦੇ ਤਾਜ਼ਾ ਹਮਲਿਆਂ ਨੂੰ ਲੈ ਕੇ ਦਾਅਵਾ ਕੀਤਾ ਹੈ ਕਿ ਬੇਕਸੂਰ ਫਲਸਤੀਨੀਆਂ ਦੀ ਹੱਤਿਆ ਤੋਂ ਪਤਾ ਲਗਦਾ ਹੈ ਕਿ ਇਜ਼ਰਾਇਲੀ ਸਰਕਾਰ ਨੂੰ ਮਾਨਵਤਾ ਨਾਲ ਕੁਝ ਵੀ ਲੈਣਾ-ਦੇਣਾ ਨਹੀਂ ਹੈ। ਪ੍ਰਿਯੰਕਾ ਨੇ ‘ਐਕਸ’ ’ਤੇ ਕਿਹਾ ਕਿ ਪੱਛਮੀ ਤਾਕਤਾਂ ਫਲਸਤੀਨੀ ਲੋਕਾਂ ਦੀ ਨਸਲਕੁਸ਼ੀ ’ਚ ਆਪਣੀ ਮਿਲੀਭੁਗਤ ਨੂੰ ਸਵੀਕਾਰ ਕਰਨ ਜਾਂ ਨਹੀਂ, ਪਰ ਦੁਨੀਆ ਭਰ ਦੇ ਲੋਕ ਸਭ ਕੁਝ ਦੇਖ ਰਹੇ ਹਨ।