Global

ਟਰੰਪ ਤੇ ਪੂਤਿਨ ਵਿਚਾਲੇ ਇਕ ਘੰਟੇ ਤੋਂ ਜ਼ਿਆਦਾ ਸਮਾਂ ਚੱਲੀ ਗੱਲਬਾਤ

ਵਾਸ਼ਿੰਗਟਨ-ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੀ ਗੱਲਬਾਤ ਇਕ ਘੰਟੇ ਤੋਂ ਜ਼ਿਆਦਾ ਸਮੇਂ ਤੱਕ ਚੱਲੀ। ਇਸ ਦੌਰਾਨ ਵ੍ਹਾਈਟ ਹਾਊਸ ਰੂਸ ’ਤੇ ਯੂਕਰੇਨ ਦੇ ਨਾਲ 30 ਦਿਨਾਂ ਦੀ ਜੰਗਬੰਦੀ ਦੇ ਪ੍ਰਸਤਾਵ ’ਤੇ ਦਸਤਖ਼ਤਾਂ ਲਈ ਦਬਾਅ ਪਾ ਰਿਹਾ ਹੈ। ਇਸ ਦਾ ਉਦੇਸ਼ ਤਿੰਨ ਸਾਲਾਂ ਤੋਂ ਚੱਲ ਰਹੀ ਭਿਆਨਕ ਜੰਗ ਨੂੰ ਖ਼ਤਮ ਕਰਨਾ ਹੈ। ਵ੍ਹਾਈਟ ਹਾਊਸ ਅਤੇ ਕ੍ਰੈਮਲਿਨ ਨੇ ਗੱਲਬਾਤ ਦੇ ਸਾਰ ਬਾਰੇ ਤੁਰੰਤ ਕੋਈ ਵੇਰਵਾ ਨਹੀਂ ਦਿੱਤਾ ਪਰ ਦੋਵੇਂ ਧਿਰਾਂ ਨੇ ਪੁਸ਼ਟੀ ਕੀਤੀ ਹੈ ਕਿ ਗੱਲਬਾਤ ਖ਼ਤਮ ਹੋ ਗਈ ਹੈ। ਟਰੰਪ ਨੇ ਪੂਤਿਨ ਨਾਲ ਗੱਲਬਾਤ ਤੋਂ ਪਹਿਲਾਂ ਕਿਹਾ ਸੀ ਕਿ ਉਨ੍ਹਾਂ ਨੂੰ ਆਸ ਹੈ ਕਿ ਪੂਤਿਨ ਨਾਲ ਤਿੰਨ ਸਾਲਾਂ ਤੋਂ ਚੱਲ ਰਹੀ ਜੰਗ ਦੌਰਾਨ ਜ਼ਬਤ ਕੀਤੀ ਜ਼ਮੀਨ ਅਤੇ ਬਿਜਲੀ ਪਲਾਂਟਾਂ ਬਾਰੇ ਚਰਚਾ ਹੋਵੇਗੀ। ਦੂਜੇ ਪਾਸੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੂੰ ਪੂਤਿਨ ਦੇ ਸ਼ਾਂਤੀ ਲਈ ਤਿਆਰ ਹੋਣ ਬਾਰੇ ਸ਼ੱਕ ਹੈ, ਕਿਉਂਕਿ ਰੂਸੀ ਫੌਜ ਯੂਕਰੇਨ ’ਤੇ ਲਗਾਤਾਰ ਬੰਬਾਰੀ ਕਰ ਰਹੀ ਹੈ। ਪਿਛਲੇ ਹਫ਼ਤੇ ਯੂਕਰੇਨ ਦੇ ਅਧਿਕਾਰੀਆਂ ਨੇ ਸਾਊਦੀ ਅਰਬ ਵਿੱਚ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਦੀ ਅਗਵਾਈ ਵਿੱਚ ਹੋਈ ਗੱਲਬਾਤ ਦੌਰਾਨ ਅਮਰੀਕੀ ਪ੍ਰਸਤਾਵ ’ਤੇ ਸਹਿਮਤੀ ਜਤਾਈ ਸੀ।