Entertainment

ਮਹਾਂਕੁੰਭ: ਜੂਹੀ ਚਾਵਲਾ ਨੇ ਸੰਗਮ ਵਿੱਚ ਇਸ਼ਨਾਨ ਕੀਤਾ

ਮੁੰਬਈ-ਅਦਾਕਾਰਾ ਜੂਹੀ ਚਾਵਲਾ ਨੇ ਆਪਣੇ ਪਤੀ ਜੈ ਮਹਿਤਾ ਨਾਲ ਪ੍ਰਯਾਗਰਾਜ ਵਿੱਚ ਚੱਲ ਰਹੇ ਮਹਾਂਕੁੰਭ ਦੌਰਾਨ ਸੰਗਮ ਵਿੱਚ ਇਸ਼ਨਾਨ ਕੀਤਾ। ਜੂਹੀ ਨੇ ਇੰਸਟਾਗ੍ਰਾਮ ’ਤੇ ਇਸ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ, ਜਿਸ ਵਿੱਚ ਜੂਹੀ ਤੇ ਜੈ ਮਹਿਤਾ ਘਾਟ ਵੱਲ ਤੁਰਦੇ, ਇਸ਼ਨਾਨ ਕਰਦੇ ਅਤੇ ਪ੍ਰਾਰਥਨਾ ਕਰਦੇ ਨਜ਼ਰ ਆ ਰਹੇ ਹਨ। ਤਸਵੀਰਾਂ ਦੀ ਕੈਪਸ਼ਨ ਵਿੱਚ ਅਦਾਕਾਰਾ ਨੇ ਲਿਖਿਆ, ‘‘ਵਿਸ਼ਵਾਸ, ਸ਼ਰਧਾ ਅਤੇ ਬ੍ਰਹਮ ਆਸ਼ੀਰਵਾਦ ਦੀ ਯਾਤਰਾ।’’ ਇਸ ਤੋਂ ਪਹਿਲਾਂ ਕੈਟਰੀਨਾ ਕੈਫ, ਅਕਸ਼ੈ ਕੁਮਾਰ, ਸੋਨਾਲੀ ਬੇਂਦਰੇ, ਬੋਨੀ ਕਪੂਰ, ਵਿੱਕੀ ਕੌਸ਼ਲ, ਤਮੰਨਾ ਭਾਟੀਆ, ਨਿਮਰਤ ਕੌਰ ਅਤੇ ਰਵੀਨਾ ਟੰਡਨ ਵਰਗੇ ਬੌਲੀਵੁੱਡ ਸਿਤਾਰੇ ਵੀ ਸੰਗਮ ਵਿੱਚ ਇਸ਼ਨਾਨ ਕਰ ਚੁੱਕੇ ਹਨ। ਜ਼ਿਕਰਯੋਗ ਹੈ ਕਿ ਜੂਹੀ ਨੇ ਆਮਿਰ ਖਾਨ ਨਾਲ ਆਈ ਫਿਲਮ ‘ਕਿਆਮਤ ਸੇ ਕਿਆਮਤ ਤੱਕ’ ਰਾਹੀਂ ਪ੍ਰਸਿੱਧੀ ਖੱਟੀ ਸੀ। ਇਸ ਮਗਰੋਂ ‘ਲੁਟੇਰੇ’, ‘ਆਈਨਾ’, ‘ਡਰ’, ‘ਹਮ ਹੈਂ ਰਾਹੀ ਪਿਆਰ ਕੇ’, ‘ਦੀਵਾਨਾ ਮਸਤਾਨਾ’, ‘ਯੈੱਸ ਬੌਸ’ ਅਤੇ ‘ਇਸ਼ਕ’ ਵਰਗੀਆਂ ਉਸ ਦੀਆਂ ਫਿਲਮਾਂ ਕਾਫੀ ਮਕਬੂਲ ਹੋਈਆਂ। ਅਦਾਕਾਰਾ ਡਾਂਸ ਰਿਐਲਿਟੀ ਸ਼ੋਅ ‘ਝਲਕ ਦਿਖਲਾ ਜਾ’ ਦੇ ਤੀਜੇ ਸੀਜ਼ਨ ਵਿੱਚ ਜੱਜ ਵਜੋਂ ਵੀ ਨਜ਼ਰ ਆ ਚੁੱਕੀ ਹੈ।