ਭਗਵੰਤ ਮਾਨ ਸਰਕਾਰ ਵੱਲੋਂ ਡਿਗਰੀਆਂ ਵਾਲੇ 5994 ਬੇਰੁਜ਼ਗਾਰ ਅਧਿਆਪਕਾਂ ਨੂੰ ਨੌਕਰੀਆਂ ਦੇਣ ਤੋਂ ਨਾਂਹ
ਮੁਹਾਲੀ, 24 Jan 2026-
ਡੀਪੀਆਈ ਦਫ਼ਤਰ ਮੁਹਾਲੀ ਦੇ ਬਾਹਰ 5994 ਬੇਰੁਜ਼ਗਾਰ ਈਟੀਟੀ ਅਧਿਆਪਕਾਂ ਵੱਲੋਂ ਲਾਇਆ ਗਿਆ ਧਰਨਾ ਕਰੀਬ 5 ਮਹੀਨਿਆਂ ਤੋਂ ਜਾਰੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਭਗਵੰਤ ਮਾਨ ਸਰਕਾਰ ਨੇ ਇਨ੍ਹਾਂ 5 ਮਹੀਨਿਆਂ ਦੇ ਦੌਰਾਨ 5994 ਕਾਡਰ ਦੀ ਗੱਲ ਤੱਕ ਨਹੀਂ ਸੁਣੀ ਅਤੇ ਨਾ ਹੀ ਕੋਈ ਮੰਗ ਮੰਨੀ।
ਇਸ ਦੌਰਾਨ ਸਿੱਖਿਆ ਵਿਭਾਗ ਦੇ ਨਾਲ ਲਗਾਤਾਰ ਮੀਟਿੰਗਾਂ ਵੀ ਹੋ ਰਹੀਆਂ ਹਨ ਪਰ ਇਨ੍ਹਾਂ ਮੀਟਿੰਗਾਂ ਦੇ ਵਿਚ ਵੀ ਲਾਰੇ ’ਤੇ ਲਾਰਾ ਲਗਾਇਆ ਜਾ ਰਿਹਾ ਹੈ।
ਆਗੂਆਂ ਨੇ ਕਿਹਾ ਕਿ ਅਖ਼ੀਰ ਵਿਚ ਹੁਣ ਸਾਨੂੰ ਟੈਂਕੀਆਂ ਟਾਵਰਾਂ ਤੇ ਚੜਨ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ, ਕਿਉਂਕਿ ਸਰਕਾਰ ਰੁਜ਼ਗਾਰ ਅਧਿਆਪਕਾਂ ਨੂੰ ਸੜਕਾਂ ਤੇ ਰੋਲ ਰਹੀ ਹੈ, ਜਦਕਿ ਹਜ਼ਾਰਾਂ ਅਸਾਮੀਆਂ ਸਕੂਲਾਂ ਵਿਚ ਖਾਲੀ ਪਈਆਂ ਹਨ।
ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਾਨੂੰ ਰੁਜ਼ਗਾਰ ਨਾ ਦਿੱਤੇ ਜਾਣ ਦੇ ਰੋਸ ਵਜੋਂ ਹੁਣ 28 ਜਨਵਰੀ 2026 ਦਿਨ ਬੁੱਧਵਾਰ ਨੂੰ 5994 ਬੇਰੁਜ਼ਗਾਰ ਅਧਿਆਪਕ ਯੂਨੀਅਨ ਵੱਲੋਂ ਇਕ ਵੱਡਾ ਇਕੱਠ ਰੱਖਿਆ ਗਿਆ ਹੈ। ਇਸ ਦਿਨ ਸੀਐੱਮ ਹਾਊਸ ਚੰਡੀਗੜ੍ਹ ਅਤੇ ਡੀਪੀਆਈ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ ਤਾਂ ਜੋ ਆਪਣੀ ਫਾਈਲ ਨੂੰ ਅੱਗੇ ਤੋਰਿਆ ਜਾ ਸਕੇ।
ਇਸ ਮੌਕੇ ਸੁਰਿੰਦਰ ਅਬੋਹਰ, ਬਲਵਿੰਦਰ ਕਾਕਾ, ਰਾਜ ਕੁਮਾਰ, ਰਮਨ ਅਬੋਹਰ, ਮਨਦੀਪ ਫਾਜ਼ਿਲਕਾ, ਸਰਬਜੀਤ ਨਿਧਾਨਾ, ਕਰਨ ਕੰਬੋਜ, ਜੱਸੀ ਮਾਨਸਾ, ਗੁਰਪ੍ਰੀਤ ਬਾਜਵਾ, ਬਖ਼ਸ਼ੀਸ ਸਿੰਘ, ਇੰਦਰ ਸੰਗਰੂਰ, ਸੰਦੀਪ ਕੁਮਾਰ, ਵਿਜੇ ਕੁਮਾਰ, ਗੁਰਪ੍ਰੀਤ ਨਾਭਾ, ਗੁਰਪ੍ਰੀਤ ਸ਼ਾਮਾ, ਮੈਡਮ ਜਸਪ੍ਰੀਤ, ਅਮਨ ਰਾਜਪੁਰਾ, ਨਿਸ਼ਾ, ਮੀਨੂ ਕੰਬੋਜ, ਪ੍ਰਿਅੰਕਾ, ਉਪਿੰਦਰਜੀਤ ਕੌਰ ਤੇ ਸ਼ਾਲੂ ਆਦਿ ਹਾਜ਼ਰ ਸਨ।
