ਹਿਮਾਚਲ ‘ਚ ਲੜਕੀ ਨਾਲ ਜਬਰ ਜਨਾਹ ਦੀ ਕੋਸ਼ਿਸ਼, BJP ਸੂਬਾ ਪ੍ਰਧਾਨ ਰਾਜੀਵ ਬਿੰਦਲ ਦਾ ਭਰਾ ਗ੍ਰਿਫ਼ਤਾਰ
ਸੋਲਨ – 25 ਸਾਲਾ ਲੜਕੀ ਨੇ 81 ਸਾਲਾ ਡਾਕਟਰ ਰਾਮ ਕੁਮਾਰ ਬਿੰਦਲ ‘ਤੇ ਜਬਰ ਜਨਾਹ ਦੀ ਕੋਸ਼ਿਸ਼ ਦਾ ਦੋਸ਼ ਲਾਇਆ ਹੈ। ਮੁਲਜ਼ਮ ਵਿਅਕਤੀ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਡਾ. ਰਾਜੀਵ ਬਿੰਦਲ ਦਾ ਵੱਡਾ ਭਰਾ ਹੈ। ਲੜਕੀ ਦੀ ਸ਼ਿਕਾਇਤ ‘ਤੇ ਔਰਤ ਪੁਲਿਸ ਥਾਣਾ ਸੋਲਨ ‘ਚ 8 ਅਕਤੂਬਰ ਨੂੰ ਮਾਮਲਾ ਦਰਜ ਕੀਤਾ ਗਿਆ।
ਪੁਲਿਸ ਨੇ ਵੈਦਿਕ ਇਲਾਜ ਦੇ ਨਾਂ ‘ਤੇ ਲੜਕੀ ਨਾਲ ਗਲਤ ਹਰਕਤ ਕਰਨ ਦੇ ਦੋਸ਼ ‘ਚ ਸਬੂਤਾਂ ਤੇ ਅਦਾਲਤ ‘ਚ ਦਰਜ ਕੀਤੇ ਗਏ ਪੀੜਤਾ ਦੇ ਬਿਆਨ ਦੇ ਆਧਾਰ ‘ਤੇ ਸ਼ੁੱਕਰਵਾਰ ਨੂੰ ਮੁਲਜ਼ਮ ਡਾਕਟਰ ਨੂੰ ਗ੍ਰਿਫ਼ਤਾਰ ਕਰ ਲਿਆ। ਬਿੰਦਲ ਕਾਲੋਨੀ ਸਰਕੁਲਰ ਰੋਡ ਸੋਲਨ ਦਾ ਰਹਿਣ ਵਾਲਾ ਮੁਲਜ਼ਮ ਕਈ ਸਾਲਾਂ ਤੋਂ ਸ਼ਹਿਰ ਦੇ ਵਿਚਕਾਰ ਪੁਰਾਣੇ ਬੱਸ ਅੱਡੇ ਨੇੜੇ ਇਕ ਕਲੀਨਿਕ ਚਲਾ ਰਿਹਾ ਹੈ।
ਲੜਕੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਇਕ ਬਿਮਾਰੀ ਨਾਲ ਪੀੜਤ ਹੈ। ਕਈ ਵਾਰੀ ਐਲੋਪੈਥੀ ਪ੍ਰਣਾਲੀ ਨਾਲ ਇਲਾਜ ਕਰਵਾਉਣ ਦੇ ਬਾਵਜੂਦ ਕੋਈ ਰਾਹਤ ਨਹੀਂ ਮਿਲੀ। ਉਹ 7 ਅਕਤੂਬਰ ਨੂੰ ਸੋਲਨ ਦੇ ਪੁਰਾਣੇ ਬੱਸ ਅੱਡੇ ਨੇੜੇ ਸਥਿਤ ਵੈਦ ਕੋਲ ਇਲਾਜ਼ ਲਈ ਗਈ ਸੀ।
ਪੀੜਤਾ ਨੇ ਦੱਸਿਆ ਕਿ ਡਾਕਟਰ ਨੇ ਉਸਨੂੰ ਜਾਂਚ ਦੇ ਨਾਂ ‘ਤੇ ਬਿਠਾਇਆ ਤੇ ਉਸਦਾ ਹੱਥ ਫੜ ਕੇ ਨਸਾਂ ਦਬਾਉਣ ਲੱਗਾ। ਇਸ ਤੋਂ ਬਾਅਦ ਉਹ ਉਸਨੂੰ ਜਿਣਸੀ ਸਮੱਸਿਆਵਾਂ ਬਾਰੇ ਪੁੱਛਣ ਲੱਗਾ। ਜਦੋਂ ਪੀੜਤਾ ਨੇ ਬਿਮਾਰੀ ਬਾਰੇ ਦੱਸਿਆ ਤਾਂ ਮੁਲਜ਼ਮ ਨੇ ਉਸਨੂੰ ਇਹ ਕਹਿ ਕੇ ਭਰੋਸਾ ਦਿਲਾਇਆ ਕਿ ਉਹ ਉਸਨੂੰ ਪੂਰੀ ਤਰ੍ਹਾਂ ਠੀਕ ਕਰ ਦੇਵੇਗਾ ਅਤੇ ਆਪਣੀ ਇਕ ਸੰਬੰਧਿਤ ਪੁਸਤਕ ਵੀ ਦਿਖਾਈ।
ਜਾਂਚ ਦੌਰਾਨ ਮੁਲਜ਼ਮ ਨੇ ਕਿਹਾ ਕਿ ਉਸਨੂੰ ਪ੍ਰਾਈਵੇਟ ਪਾਰਟ ਦੀ ਵੀ ਜਾਂਚ ਕਰਨੀ ਹੋਵੇਗੀ, ਜਿਸ ‘ਤੇ ਪੀੜਤਾ ਨੇ ਇਨਕਾਰ ਕਰ ਦਿੱਤਾ ਪਰ ਮੁਲਜ਼ਮ ਨੇ ਜ਼ਬਰਦਸਤੀ ਜਾਂਚ ਦੇ ਨਾਂ ‘ਤੇ ਉਸ ਨਾਲ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ। ਪੀੜਤਾ ਨੇ ਮੁਲਜ਼ਮ ਨੂੰ ਧੱਕਾ ਦਿੱਤਾ ਅਤੇ ਬਾਹਰ ਆ ਗਈ ਅਤੇ ਇਸ ਦੀ ਸ਼ਿਕਾਇਤ ਔਰਤ ਥਾਣਾ ਸੋਲਨ ਵਿਚ ਦਰਜ ਕਰਵਾਈ।
ਪੁਲਿਸ ਨੇ ਬੀਐਨਐਸ ਦੀ ਧਾਰਾ 64, 68 ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਘਟਨਾ ਸਥਾਨ ਦਾ ਨਿਰੀਖਣ ਫੋਰੈਂਸਿਕ ਲੈਬ ਜੁੰਗਾ ਦੀ ਟੀਮ ਤੋਂ ਕਰਵਾਇਆ ਅਤੇ ਮੌਕੇ ਤੋਂ ਸਬੂਤ ਇਕੱਠੇ ਕੀਤੇ। ਇਸ ਤੋਂ ਇਲਾਵਾ ਤਕਨੀਕੀ ਸਬੂਤਾਂ ਦਾ ਵੀ ਵਿਸ਼ਲੇਸ਼ਣ ਕੀਤਾ ਗਿਆ। ਮੁਲਜ਼ਮ ਨੂੰ ਜਲਦੀ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਐਸਪੀ ਸੋਲਨ ਗੌਰਵ ਸਿੰਘ ਨੇ ਦੱਸਿਆ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
