Global

ਸ੍ਰੀਲੰਕਾ ਦੀ ਸਮੁੰਦਰੀ ਫ਼ੌਜ ਨੇ 47 ਭਾਰਤੀ ਮਛੇਰੇ ਕੀਤੇ ਗ੍ਰਿਫ਼ਤਾਰ, ਨਾਜਾਇਜ਼ ਮੱਛੀਆਂ ਫੜਨ ਦੇ ਦੋਸ਼ ‘ਚ ਕੀਤੀ ਕਾਰਵਾਈ

ਕੋਲੰਬੋ – ਸ੍ਰੀਲੰਕਾ ਦੇ ਤਲਾਈਮੰਨਾਰ ਵਿਚ ਵੀਰਵਾਰ ਨੂੰ ਦੇਸ਼ ਦੇ ਜਲ ਖੇਤਰ ਵਿਚ ਕਥਿਤ ਨਾਜਾਇਜ਼ ਮੱਛੀਆਂ ਫੜਨ ਦੇ ਦੋਸ਼ ਵਿਚ 47 ਭਾਰਤੀ ਮਛੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਤੇ ਉਨ੍ਹਾਂ ਦੇ ਪੰਜ ਟ੍ਰਾਲਰ ਜ਼ਬਤ ਕਰ ਲਏ ਗਏ। ਇਹ ਗ੍ਰਿਫ਼ਤਾਰੀਆਂ ਮੰਨਾਰ ਤੇ ਡੈਲਫਟ ਸਮੁੰਦਰੀ ਖੇਤਰਾਂ ਵਿ ਸਾਂਝੀ ਗਸ਼ਤ ਦੌਰਾਨ ਕੀਤੀਆਂ ਗਈਆਂ। ਗ੍ਰਿਫ਼ਤਾਰ ਕੀਤੇ ਗਏ 47 ਮਛੇਰਿਆਂ ’ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।

ਜਲ ਸੈਨਾ ਦੇ ਬੁਲਾਰੇ ਕਮਾਂਡਰ ਬੁੱਧਿਕਾ ਸੰਪਤ ਨੇ ਕਿਹਾ ਕਿ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਜਲ ਸੈਨਾ ਕਮਾਨ ਦਾ ਅਭਿਆਨ ਵੀਰਵਾਰ ਤੜਕੇ ਤੱਕ ਚੱਲਿਆ। ਮਛੇਰਿਆਂ ਦਾ ਮੁੱਦਾ ਭਾਰਤ-ਸ੍ਰੀਲੰਕਾ ਦੁਵੱਲੇ ਸਬੰਧਾਂ ਵਿਚ ਇਕ ਵਿਵਾਦਤ ਮੁੱਦਾ ਬਣਿਆ ਹੋਇਆ ਹੈ। ਸ੍ਰੀਲੰਕਾ ਦੀ ਜਲ ਸੈਨਾ ਨੇ ਪਾਕਿ ਜਲਡਮਰੂਮੱਧ ਵਿਚ ਭਾਰਤੀ ਮਛੇਰਿਆਂ ’ਤੇ ਗੋਲੀਬਾਰੀ ਕੀਤੀ ਤੇ ਜਲ ਖੇਤਰ ਵਿਚ ਨਾਜਾਇਜ਼ ਰੂਪ ਨਾਲ ਦਾਖਲ ਹੋਣ ਦੀਆਂ ਕਥਿਤ ਘਟਨਾਵਾਂ ’ਚ ਉਨ੍ਹਾਂ ਦੀਆਂ ਬੇੜੀਆਂ ਨੂੰ ਜ਼ਬਤ ਕਰ ਲਿਆ। ਪਿਛਲੇ ਮਹੀਨੇ, ਜਾਫਨਾ ਕੋਲ 12 ਭਾਰਤੀ ਮਛੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਤੇ ਉਨ੍ਹਾਂ ਦੀ ਬੇੜੀ ਜ਼ਬਤ ਕਰ ਲਈ ਸੀ।