ਨੇਪਾਲ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਵਿਰੁੱਧ FIR ਦਰਜ, ਸੱਤਾ ਤਬਦੀਲੀ ਤੋਂ ਬਾਅਦ ਹੋਈ ਕਾਰਵਾਈ
ਨਵੀਂ ਦਿੱਲੀ- ਨੇਪਾਲ ਦੇ ਨੌਜਵਾਨਾਂ ਦੀ ਅਗਵਾਈ ਵਾਲੇ ਜਨਰੇਸ਼ਨ ਜ਼ੀ ਸਮੂਹ ਨੇ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੌਰਾਨ ਹੋਈਆਂ ਮੌਤਾਂ ਲਈ ਅਹੁਦੇ ਤੋਂ ਹਟਾਏ ਗਏ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਅਤੇ ਤਤਕਾਲੀ ਗ੍ਰਹਿ ਮੰਤਰੀ ਰਮੇਸ਼ ਲੇਖਕ ਵਿਰੁੱਧ ਐਫਆਈਆਰ ਦਰਜ ਕਰਵਾਈ ਹੈ।
ਕਾਠਮੰਡੂ ਜ਼ਿਲ੍ਹਾ ਪੁਲਿਸ ਸਰਕਲ ਦੇ ਬੁਲਾਰੇ, ਪੁਲਿਸ ਸੁਪਰਡੈਂਟ ਪਵਨ ਭੱਟਾਰਾਈ ਨੇ ਪੁਸ਼ਟੀ ਕੀਤੀ ਕਿ ਓਲੀ ਅਤੇ ਨੇਪਾਲੀ ਕਾਂਗਰਸ ਨੇਤਾ ਲੇਖਕ ਵਿਰੁੱਧ ਕਾਠਮੰਡੂ ਜ਼ਿਲ੍ਹਾ ਪੁਲਿਸ ਦਫ਼ਤਰ, ਭਦਰਕਾਲੀ ਵਿਖੇ ਐਫਆਈਆਰ ਦਰਜ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਕਿਉਂਕਿ ਮਾਮਲੇ ਦੀ ਜਾਂਚ ਲਈ ਪਹਿਲਾਂ ਹੀ ਇੱਕ ਕਮਿਸ਼ਨ ਗਠਿਤ ਕੀਤਾ ਜਾ ਚੁੱਕਾ ਹੈ, ਇਸ ਲਈ ਪੁਲਿਸ ਨੇ ਐਫਆਈਆਰ ਜਸਟਿਸ ਗੌਰੀ ਬਹਾਦਰ ਕਾਰਕੀ ਦੀ ਅਗਵਾਈ ਵਾਲੇ ਉੱਚ-ਪੱਧਰੀ ਨਿਆਂਇਕ ਜਾਂਚ ਕਮਿਸ਼ਨ ਨੂੰ ਭੇਜ ਦਿੱਤੀ ਹੈ।
ਸੀਨੀਅਰ ਵਕੀਲ ਦਿਨੇਸ਼ ਤ੍ਰਿਪਾਠੀ ਨੇ ਕਿਹਾ, “ਜੇਂਜੀ ਨੌਜਵਾਨ ਵੱਲੋਂ ਪੁਲਿਸ ਕੋਲ ਦਰਜ ਕਰਵਾਈ ਗਈ ਐਫਆਈਆਰ ਉਨ੍ਹਾਂ (ਓਲੀ ਅਤੇ ਲੇਖਕ) ਦੀ ਅਪਰਾਧਿਕ ਜ਼ਿੰਮੇਵਾਰੀ ਨੂੰ ਸਥਾਪਿਤ ਕਰੇਗੀ ਅਤੇ 8 ਅਤੇ 9 ਸਤੰਬਰ ਨੂੰ ਹੋਏ ਅਪਰਾਧ ਦੀ ਜਾਂਚ ਦਾ ਰਾਹ ਪੱਧਰਾ ਕਰੇਗੀ।” ਉਨ੍ਹਾਂ ਕਿਹਾ, “ਰਾਜ ਦੇ ਏਜੰਟਾਂ ਵੱਲੋਂ ਕੀਤੇ ਗਏ ਗੰਭੀਰ ਅਪਰਾਧਾਂ ਨੂੰ ਸਜ਼ਾ ਤੋਂ ਬਿਨਾਂ ਨਹੀਂ ਛੱਡਣਾ ਚਾਹੀਦਾ।”
8 ਸਤੰਬਰ ਨੂੰ gen z ਪ੍ਰਦਰਸ਼ਨਾਂ ਦੇ ਪਹਿਲੇ ਦਿਨ ਪੁਲਿਸ ਗੋਲ਼ੀਬਾਰੀ ਵਿੱਚ 19 ਪ੍ਰਦਰਸ਼ਨਕਾਰੀ ਮਾਰੇ ਗਏ ਸਨ। 8 ਅਤੇ 9 ਸਤੰਬਰ ਨੂੰ ਦੋ ਦਿਨਾਂ ਪ੍ਰਦਰਸ਼ਨਾਂ ਦੌਰਾਨ ਕੁੱਲ 76 ਲੋਕ ਮਾਰੇ ਗਏ ਸਨ।
