ਗਾਇਕ ਏਪੀ ਢਿੱਲੋਂ ਦੇ ਘਰ ’ਤੇ ਫਾਇਰਿੰਗ ਕਰਨ ਵਾਲੇ ਨੂੰ ਛੇ ਸਾਲ ਦੀ ਸਜ਼ਾ
ਵੈਨਕੂਵਰ –ਪੰਜਾਬੀ ਗਾਇਕ ਏਪੀ ਢਿੱਲੋਂ ਦੇ ਕੋਲਵੁੱਡ ਸਥਿਤ ਘਰ ’ਤੇ ਫਾਇਰਿੰਗ ਕਰਨ ਅਤੇ ਗੱਡੀ ਨੂੰ ਅੱਗ ਲਾਉਣ ਦੇ ਦੋਸ਼ ’ਚ ਵਿਕਟੋਰੀਆ ਦੇ ਇਕ ਜੱਜ ਨੇ ਬਿਸ਼ਨੋਈ ਗੈਂਗ ਦੇ ਮੈਂਬਰ ਅਬਜੀਤ ਕਿੰਗਰਾ ਨੂੰ ਛੇ ਸਾਲ ਦੀ ਸਜ਼ਾ ਸੁਣਾਈ ਹੈ। ਆਰਸੀਐੱਮਪੀ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ, ਮੁਲਜ਼ਮ ਦੀ ਪਛਾਣ ਵਿੰਨੀਪੈਗ ਦੇ ਰਹਿਣ ਵਾਲੇ 26 ਸਾਲਾ ਅਬਜੀਤ ਕਿੰਗਰਾ ਵਜੋਂ ਹੋਈ ਹੈ। 26 ਸਤੰਬਰ ਨੂੰ ਸੁਣਾਏ ਗਏ ਫ਼ੈਸਲੇ ਵਿਚ ਲਿਖਿਆ ਗਿਆ ਹੈ ਕਿ ਕਿੰਗਰਾ ਲਾਰੈਂਸ ਬਿਸ਼ਨੋਈ ਗੈਂਗ ਦੇ ਨਿਰਦੇਸ਼ਾਂ ’ਤੇ ਕੈਨੇਡਾ ’ਚ ਅਪਰਾਧਕ ਕਾਰਵਾਈਆਂ ਕਰ ਰਿਹਾ ਸੀ। ਜ਼ਿਕਰਯੋਗ ਹੈ ਕਿ ਇਹ ਸਜ਼ਾ ਫੈਡਰਲ ਸਰਕਾਰ ਵੱਲੋਂ ਬਿਸ਼ਨੋਈ ਗੈਂਗ ਨੂੰ ਅੱਤਵਾਦੀ ਸੰਗਠਨ ਵਜੋਂ ਸੂਚੀਬੱਧ ਕਰਨ ਦੇ ਐਲਾਨ ਤੋਂ ਕੁਝ ਦਿਨ ਪਹਿਲਾਂ ਹੋਈ ਹੈ।
ਆਰਸੀਐੱਮਪੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਦੂਜੇ ਸ਼ੱਕੀ ਵਿਕਰਮ ਸ਼ਰਮਾ ਲਈ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਹਨ ਜਿਸ ਬਾਰੇ ਮੰਨਿਆ ਜਾਂਦਾ ਹੈ ਕਿ ਉਹ ਕੈਨੇਡਾ ਛੱਡ ਕੇ ਇੰਡੀਆ ਭੱਜ ਗਿਆ ਹੈ। ਆਰਸੀਐੱਮਪੀ ਦੇ ਅਧਿਕਾਰੀ ਸਟੀਫਨ ਦਾ ਕਹਿਣਾ ਹੈ ਕਿ ਅਬਜੀਤ ਕਿੰਗਰਾ ਨੂੰ ਸਜ਼ਾ ਸਾਡੇ ਅਧਿਕਾਰੀਆਂ ਵੱਲੋਂ ਮਹੀਨਿਆਂ ਬੱਧੀ ਕੀਤੀ ਗਈ ਜਾਂਚ ਦਾ ਨਤੀਜਾ ਹੈ। ਹਾਲੇ ਸਾਡਾ ਕੰਮ ਪੂਰਾ ਨਹੀਂ ਹੋਇਆ। ਅਸੀਂ ਵਿਕਰਮ ਸ਼ਰਮਾ ਦਾ ਪਤਾ ਲਗਾਉਣ ਅਤੇ ਉਸ ਨੂੰ ਅਦਾਲਤ ਵਿਚ ਪੇਸ਼ ਕਰਨ ਲਈ ਵਚਨਬੱਧ ਹਾਂ। ਕਿੰਗਰਾ ਅਕਤੂਬਰ, 2024 ਵਿਚ ਆਪਣੀ ਗ੍ਰਿਫ਼ਤਾਰੀ ਤੋਂ ਬਾਅਦ ਹੁਣ ਲਗਪਗ ਸਾਢੇ ਚਾਰ ਸਾਲ ਜੇਲ੍ਹ ’ਚ ਰਹੇਗਾ।
