Entertainment

ਗਾਇਕ ਜ਼ੁਬੀਨ ਦੇ ਆਖ਼ਰੀ ਵਕਤ ਬਾਰੇ ਵਿਧਵਾ ਗਰਿਮਾ ਨੇ ਚੁੱਕੇ ਸਵਾਲ, ਕਿਹਾ- ਹੋਣੀ ਚਾਹੀਦੀ ਹੈ ਵਾਜਿਬ ਜਾਂਚ

ਗੁਹਾਟੀ – ਜ਼ੁਬੀਨ ਗਰਗ ਦੀ ਵਿਧਵਾ ਗਰਿਮਾ ਸੈਕੀਆ ਨੇ ਸੋਮਵਾਰ ਨੂੰ ਕਿਹਾ ਕਿ ਪਰਿਵਾਰ ਜਾਣਨਾ ਚਾਹੁੰਦਾ ਹੈ ਕਿ ਜ਼ੁਬਿਨ ਦੇ ਆਖ਼ਰੀ ਪਲਾਂ ਦੌਰਾਨ ਕੀ ਹੋਇਆ ਸੀ ਕਿ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਡੂੰਘੀ ਜਾਂਚ ਹੋਣੀ ਚਾਹੀਦੀ ਹੈ।

ਜ਼ੁਬੀਨ ਦੀ ਮੌਤ ਤੋਂ ਗਿਆਰਵੇਂ ਦਿਨ ਹੋਣ ਵਾਲੀਆਂ ਰਸਮਾਂ ਨਿਭਾਉਣ ਮਗਰੋਂ ਗਰਿਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਉਸ ਨੇ ਕਿਹਾ ਕਿ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਆਖ਼ਰ ਉਨ੍ਹਾਂ ਨਾਲ ਕੀ ਹੋਇਆ? ਲਾਪਰਵਾਹੀ ਕਿਵੇਂ ਹੋ ਸਕਦੀ ਹੈ? ਅਸੀਂ ਜਵਾਬ ਚਾਹੁੰਦੇ ਹਾਂ। ਉਸ ਨੇ ਅੱਗੇ ਕਿਹਾ ਕਿ ਜੋ ਲੋਕ ਉਨ੍ਹਾਂ ਦੇ ਨਾਲ ਕਿਸ਼ਤੀ ਉੱਤੇ ਅਤੇ ਫਿਰ ਘਟਨਾ ਵਾਲੀ ਥਾਂ ’ਤੇ ਸਨ, ਉਨ੍ਹਾਂ ਨੂੰ ਇਸ ਦਾ ਜਵਾਬ ਦੇਣਾ ਪਵੇਗਾ। ਉਨ੍ਹਾਂ ਕਿਹਾ ਕਿ ਜਦੋਂ ਸਾਥੀਆਂ ਨੂੰ ਪਤਾ ਸੀ ਕਿ ਉਦੋਂ ਜ਼ੁਬੀਨ ਤੈਰਣ ਦੀ ਹਾਲਤ ਵਿਚ ਨਹੀਂ ਸੀ ਤਾਂ ਉਨ੍ਹਾਂ ਨੂੰ ਪਾਣੀ ਵਿੱਚੋਂ ਕਿਉਂ ਨਾ ਕੱਢਿਆ?

ਗਰਿਮਾ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਮੈਨੇਜਰ ਸਿਧਾਰਥ ਸ਼ਰਮਾ ਜਾਣਦਾ ਸੀ ਕਿ ਜ਼ੁਬੀਨ ਨੂੰ ਪਾਣੀ ਜਾਂ ਅੱਗ ਲਾਗੇ ਨਹੀਂ ਜਾਣ ਦੇਣਾ ਕਿਉਂਕਿ ਮਿਰਗੀ ਦਾ ਦੌਰਾ ਪੈ ਸਕਦਾ ਹੈ, ਫਿਰ ਉਸ ਨੇ ਰੋਕਿਆ ਕਿਉਂ ਨਾ? ਮਰਹੂਮ ਗਾਇਕ ਦੀ ਵਿਧਵਾ ਨੇ ਕਿਹਾ ਕਿ ਮੈਨੂੰ ਇਨਸਾਫ਼ ਚਾਹੀਦਾ ਹੈ। ਇਹ ਪੁੱਛੇ ਜਾਣ ’ਤੇ ਕਿ ਕੀ ਜ਼ੁਬੀਨ ਨੇ ਡਾਕਟਰ ਵੱਲੋਂ ਦੱਸੀਆਂ ਦਵਾਈਆਂ ਲਈਆਂ ਸਨ ਤਾਂ ਗਰਿਮਾ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਉਸ ਸਮੇਂ ਉਨ੍ਹਾਂ ਨੇ ਦਵਾਈ ਲਈ ਸੀ ਕਿ ਨਹੀਂ। ਇੱਥੋਂ ਤੱਕ ਕਿ ਹਾਲੇ ਉਨ੍ਹਾਂ ਦਾ ਫੋਨ ਨੰਬਰ ਵੀ ਨਹੀਂ ਮਿਲਿਆ ਹੈ।