ਧਰਮ ਪ੍ਰਚਾਰ ਫੇਰੀ ਦੌਰਾਨ ਕਸ਼ਮੀਰੀ ਸੰਗਤ ਵੱਲੋਂ ਜਥੇਦਾਰ ਗੜਗੱਜ ਦਾ ਭਰਵਾਂ ਸਵਾਗਤ
ਅੰਮ੍ਰਿਤਸਰ –ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸਾਕੇ ਨੂੰ ਸਮਰਪਿਤ ‘ਖੁਆਰ ਹੋਏ ਸਭ ਮਿਲੈਂਗੇ ਧਰਮ ਪ੍ਰਚਾਰ ਲਹਿਰ’ ਤਹਿਤ ਜੰਮੂ ਕਸ਼ਮੀਰ ’ਚ ਪ੍ਰਚਾਰ ਫੇਰੀ ਦੌਰਾਨ ਕਸ਼ਮੀਰ ਦੀ ਸਿੱਖ ਸੰਗਤ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਵੱਖ-ਵੱਖ ਪੜਾਵਾਂ ਦੌਰਾਨ ਭਰਵਾਂ ਸਵਾਗਤ ਕੀਤਾ। ਜਥੇਦਾਰ ਗੜਗੱਜ ਪੁਲਵਾਮਾ ਜ਼ਿਲ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੱਦੇ ’ਤੇ ਪੁਲਵਾਮਾ ਖੇਤਰ ’ਚ ਸਮੂਹ ਸਿੱਖ ਬੈਲਟ ਫੋਰਸ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਬੋਰਡਿੰਗ ਹਾਊਸ ਵਿਖੇ 17 ਅਗਸਤ ਨੂੰ ਕਰਵਾਏ ਗਏ ਗੁਰਮਤਿ ਸਮਾਗਮ ’ਚ ਸ਼ਮੂਲੀਅਤ ਕਰਨ ਲਈ ਕਸ਼ਮੀਰ ਦੌਰੇ ’ਤੇ ਗਏ ਹੋਏ ਹਨ।
ਇਸ ਦੌਰਾਨ ਜਥੇਦਾਰ ਗੜਗੱਜ ਨੇ ਅਨੰਤਨਾਗ ਜ਼ਿਲ੍ਹੇ ’ਚ ਸਥਿਤ ਚਿੱਠੀਸਿੰਘਪੁਰਾ ਪਿੰਡ ਦੀ ਸਿੱਖ ਸੰਗਤ ਵੱਲੋਂ ਸੰਧਿਆ ਵੇਲੇ ਕਰਵਾਏ ਗਏ ਗੁਰਮਤਿ ਸਮਾਗਮ ’ਚ ਵੀ ਹਾਜ਼ਰੀ ਭਰੀ। ਕਸ਼ਮੀਰ ਵੱਲ ਜਾਂਦੇ ਹੋਏ ਜੰਮੂ ਕਸ਼ਮੀਰ ਦੀ ਸਿੱਖ ਸੰਗਤ ਨੇ ਊਧਮਪੁਰ, ਕੁਲਗਾਮ, ਅਵੰਤੀਪੁਰਾ ਤੇ ਤਰਾਲ ਵਿਖੇ ਜਥੇਦਾਰ ਗੜਗੱਜ ਨੂੰ ਭਾਰੀ ਉਤਸ਼ਾਹ ਨਾਲ ਜੀ ਆਇਆਂ ਨੂੰ ਆਖਿਆ ਤੇ ਉਨ੍ਹਾਂ ਨੂੰ ਸਿਰੋਪਾਓ ਦੇ ਨਾਲ-ਨਾਲ ਫੁੱਲਾਂ ਦੇ ਹਾਰਾਂ ਨਾਲ ਸਨਮਾਨਿਤ ਕੀਤਾ। ਪੁਲਵਾਮਾ ਜ਼ਿਲ੍ਹੇ ਦੇ ਤਰਾਲ ’ਚ ਸਥਿਤ ਗੁਰਦੁਆਰਾ ਸਾਹਿਬ ਬੋਰਡਿੰਗ ਹਾਊਸ ਦੇ ਰਸਤੇ ’ਚ ਪੈਂਦੇ ਬੇਕੁੰਡ, ਚੰਦਰੀਗ੍ਰਾਮ, ਸੈਮੋਹ, ਸ਼ਕਰਗਾਹ ਤੇ ਨਗੀਮਪੁਰਾ ਪਿੰਡਾਂ ਦੀ ਸੰਗਤ ਨੇ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਭਰਵਾਂ ਸਵਾਗਤ ਕੀਤਾ। ਤਰਾਲ ਦੇ ਗੁਰਦੁਆਰਾ ਬੋਰਡਿੰਗ ਹਾਊਸ ਵਿਖੇ ਕਰਵਾਏ ਗਏ ਗੁਰਮਤਿ ਸਮਾਗਮ ਦੌਰਾਨ ਪੁਲਵਾਮਾ ਜ਼ਿਲ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਨੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਨਿੱਘਾ ਸਵਾਗਤ ਕਰਦਿਆਂ ਕਸ਼ਮੀਰ ਦੀ ਧਰਤੀ ’ਤੇ ਪੁੱਜਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ।
ਇਸ ਦੌਰਾਨ ਕੁਲਵੰਤ ਸਿੰਘ ਨੇ ਜਥੇਦਾਰ ਗੜਗੱਜ ਸਾਹਮਣੇ ਸੰਗਤ ਦੀ ਹਾਜ਼ਰੀ ’ਚ ਸਥਾਨਕ ਸਿੱਖਾਂ ਨਾਲ ਸਬੰਧਤ ਕੁਝ ਅਹਿਮ ਮਾਮਲੇ ਵੀ ਚੁੱਕੇ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ ਜਦੋਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ 350 ਸਾਲਾ ਸ਼ਹੀਦੀ ਸਾਕਾ ਆ ਰਿਹਾ ਹੈ ਤਾਂ ਕਸ਼ਮੀਰੀ ਸਿੱਖਾਂ ਦੀ ਘੱਟ-ਗਿਣਤੀ ਸਥਿਤੀ ਮੁੜ ਬਹਾਲ ਕੀਤੀ ਜਾਵੇ ਤੇ ਸਿੱਖਾਂ ਨਾਲ ਵਿਤਕਰਾ ਨਹੀਂ ਹੋਣਾ ਚਾਹੀਦਾ। ਉਨ੍ਹਾਂ ਸੰਗਤ ਨੂੰ ਭਰੋਸਾ ਦਿੱਤਾ ਕਿ ਇਸ ਮਾਮਲੇ ਸਬੰਧੀ ਸਰਕਾਰ ਨਾਲ ਲਿਖਾ-ਪੜ੍ਹੀ ਕੀਤੀ ਜਾਵੇਗੀ ਅਤੇ ਹਰ ਪੱਧਰ ਉੱਤੇ ਗੱਲਬਾਤ ਕੀਤੀ ਜਾਵੇਗੀ। ਜਥੇਦਾਰ ਗੜਗੱਜ ਨੇ ਕਿਹਾ ਕਿ ਅੱਜ ਉਨ੍ਹਾਂ ਦੀ ਜੰਮੂ ਕਸ਼ਮੀਰ ਨੈਸ਼ਨਲ ਕਾਨਫਰੰਸ ਪਾਰਟੀ ਦੇ ਆਗੂ ਫਾਰੂਕ ਅਬਦੁੱਲਾ ਨਾਲ ਵੀ ਫ਼ੋਨ ’ਤੇ ਗੱਲ ਹੋਈ ਹੈ, ਜਿਨ੍ਹਾਂ ਨੂੰ ਜੰਮੂ ਕਸ਼ਮੀਰ ਦੇ ਸਿੱਖਾਂ ਦੇ ਹੱਕ ਹਕੂਕ ਸੁਰੱਖਿਅਤ ਕਰਨ ਲਈ ਸੂਬਾ ਪੱਧਰ ਅਤੇ ਕੇਂਦਰ ਸਰਕਾਰ ਦੇ ਪੱਧਰ ’ਤੇ ਕਾਰਜ ਕਰਨ ਲਈ ਆਖਿਆ ਹੈ।
