ਘਟਨਾ, ਜਿਸਨੇ ਬਦਲ ਦਿੱਤਾ ਜੰਮੂ-ਕਸ਼ਮੀਰ ਦਾ ਨਕਸ਼ਾ
ਜੰਮੂ : ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਹੁਣ ਸਾਡੇ ਵਿਚਕਾਰ ਨਹੀਂ ਰਹੇ, ਪਰ ਉਨ੍ਹਾਂ ਦਾ ਕਾਰਜਕਾਲ ਸਦਾ ਹੀ ਸੁਰਖੀਆਂ ‘ਚ ਬਣਿਆ ਰਿਹਾ। ਸਾਲ 2018 ‘ਚ ਇਕ ਐਸੀ ਘਟਨਾ ਵਾਪਰੀ ਜਿਸਨੇ ਬਾਅਦ ‘ਚ ਜੰਮੂ-ਕਸ਼ਮੀਰ ਦਾ ਨਕਸ਼ਾ ਤੇ ਸਿਆਸਤ ਦੋਹਾਂ ਨੂੰ ਬਦਲ ਕੇ ਰੱਖ ਦਿੱਤਾ। ਛੇ ਸਾਲ ਬਾਅਦ ਵੀ ਅੱਜ ਤਕ ਸਿਆਸੀ ਪਾਰਟੀਆਂ ਵਿਚਾਲੇ ਇਸ ਘਟਨਾ ਦਾ ਕਿਤੇ ਨਾ ਕਿਤੇ ਜ਼ਿਕਰ ਹੁੰਦਾ ਰਹਿੰਦਾ ਹੈ।
ਜਦੋਂ ਭਾਜਪਾ ਨੇ 19 ਜੂਨ 2018 ਨੂੰ ਮਹਿਬੂਬਾ ਮੁਫਤੀ ਸਰਕਾਰ ਤੋਂ ਆਪਣਾ ਸਮਰਥਨ ਵਾਪਸ ਲਿਆ ਤਾਂ ਜੰਮੂ-ਕਸ਼ਮੀਰ ‘ਚ ਭਾਜਪਾ ਦੇ ਬਿਨਾਂ ਸਰਕਾਰ ਬਣਾਉਣ ‘ਤੇ ਵਿਚਾਰ-ਵਟਾਂਦਰਾ ਸ਼ੁਰੂ ਹੋ ਗਿਆ। ਇਕ ਦੂਜੇ ਦੀਆਂ ਵਿਰੋਧੀ ਪੀਡੀਪੀ ਤੇ ਨੈਸ਼ਨਲ ਕਾਨਫਰੰਸ ਇਕੱਠੀਆਂ ਹੋ ਗਈਆਂ।
ਪੀਪਲਜ਼ ਕਾਨਫਰੰਸ ਦੇ ਸੱਜਾਦ ਲੋਨ ਨੂੰ ਮੁੱਖ ਮੰਤਰੀ ਬਣਾਉਣ ਦੀ ਚਰਚਾ ਹੋਣ ਲੱਗੀ। ਫਿਰ ਰਾਜਭਵਨ ‘ਚ ਇਕ ਐਸੀ ਘਟਨਾ ਵਾਪਰੀ ਜਿਸ ਨਾਲ ਸਾਰੀਆਂ ਕਸ਼ਮੀਰ-ਕੇਂਦਰਿਤ ਸਿਆਸੀ ਪਾਰਟੀਆਂ ਦੇ ਸੁਪਨੇ ਟੁੱਟ ਗਏ।
ਨੇਕਾਂ, ਪੀਡੀਪੀ, ਪੀਪਲਜ਼ ਕਾਨਫਰੰਸ, ਕਾਂਗਰਸ ਤੇ ਹੋਰ ਕਸ਼ਮੀਰ-ਕੇਂਦਰਿਤ ਪਾਰਟੀਆਂ ਨੇ ਰਾਜਭਵਨ ਨੂੰ ਨਵੀਂ ਗਠਜੋੜ ਸਰਕਾਰ ਬਣਾਉਣ ਦਾ ਪੱਤਰ ਫੈਕਸ ਕੀਤਾ ਪਰ ਰਾਜਪਾਲ ਨੇ ਵਿਧਾਨ ਸਭਾ ਭੰਗ ਕਰ ਦਿੱਤੀ। ਜਦੋਂ ਇਨ੍ਹਾਂ ਸਿਆਸੀ ਪਾਰਟੀਆਂ ਨੇ ਇਸ ਦਾ ਵਿਰੋਧ ਕੀਤਾ ਤਾਂ ਰਾਜਪਾਲ ਵੱਲੋਂ ਕਿਹਾ ਗਿਆ ਕਿ ਉਨ੍ਹਾਂ ਨੂੰ ਕੋਈ ਪੱਤਰ ਨਹੀਂ ਮਿਲਿਆ।
ਰਾਜਭਵਨ ਦੀ ਫੈਕਸ ਮਸ਼ੀਨ ਖਰਾਬ ਹੈ। ਇਸ ‘ਤੇ ਕਾਫੀ ਹੰਗਾਮਾ ਵੀ ਹੋਇਆ। ਬਾਅਦ ‘ਚ ਰਾਜਭਵਨ ਦੀ ਫੈਕਸ ਖਰਾਬ ਹੋਣ ਦਾ ਮਾਮਲਾ ਕਈ ਵਾਰੀ ਸਿਆਸੀ ਪਾਰਟੀਆਂ ਨੇ ਉਠਾਇਆ। ਪਰ ਇਸ ਘਟਨਾ ਨੇ ਸਿਰਫ਼ ਨੌਂ ਮਹੀਨੇ ਬਾਅਦ ਹੀ ਜੰਮੂ-ਕਸ਼ਮੀਰ ਦੀ ਦਸ਼ਾ ਤੇ ਦਿਸ਼ਾ ਦੋਹਾਂ ਨੂੰ ਬਦਲ ਕੇ ਰੱਖ ਦਿੱਤਾ।
ਉਸ ਸਮੇਂ ਸਰਕਾਰ ਭੰਗ ਹੋਣ ਤੋਂ ਬਾਅਦ ਜੰਮੂ-ਕਸ਼ਮੀਰ ‘ਚ ਰਾਜਪਾਲ ਸ਼ਾਸਨ ਲਾਗੂ ਕੀਤਾ ਗਿਆ ਤੇ ਇਹੀ ਧਾਰਾ 370 ਹਟਾਉਣ ਦਾ ਆਧਾਰ ਬਣਿਆ। ਉਸ ਸਮੇਂ ਸਿਆਸੀ ਵਿਸ਼ਲੇਸ਼ਕਾਂ ਨੇ ਕਿਹਾ ਸੀ ਕਿ ਫੈਕਸ ਖਰਾਬ ਹੋਣਾ ਕਸ਼ਮੀਰ-ਕੇਂਦਰਿਤ ਸਿਆਸੀ ਪਾਰਟੀਆਂ ਨੂੰ ਸਰਕਾਰ ਬਣਾਉਣ ਤੋਂ ਰੋਕਣਾ ਵੀ ਸੀ, ਪਰ ਇਸ ਦਾ ਜੰਮੂ-ਕਸ਼ਮੀਰ ਦੀ ਰਾਜਨੀਤੀ ‘ਤੇ ਡੂੰਘਾ ਪ੍ਰਭਾਵ ਪਿਆ ਤੇ ਉਸ ਖਰਾਬ ਫੈਕਸ ਕਾਰਨ ਜੰਮੂ-ਕਸ਼ਮੀਰ ਸਿਆਸੀ ਤੌਰ ‘ਤੇ ਬਦਲ ਗਿਆ ਸੀ।
