ਸਰਕਾਰ ਨੇ ਘਟਾਈਆਂ 35 ਜ਼ਰੂਰੀ ਦਵਾਈਆਂ ਦੀਆਂ ਕੀਮਤਾਂ
ਨਵੀਂ ਦਿੱਲੀ –ਮਰੀਜ਼ਾਂ ਲਈ ਦਵਾਈਆਂ ਨੂੰ ਹੋਰ ਕਿਫ਼ਾਇਤੀ ਬਣਾਉਣ ਦੇ ਮਕਸਦ ਨਾਲ ਰਾਸ਼ਟਰੀ ਦਵਾਈ ਕੀਮਤ ਨਿਰਧਾਰਣ ਅਥਾਰਟੀ (ਐੱਨਪੀਪੀਏ) ਨੇ ਪ੍ਰਮੁੱਖ ਦਵਾਈ ਕੰਪਨੀਆਂ ਵੱਲੋਂ ਵੇਚੀਆਂ ਜਾਣ ਵਾਲੀਆਂ 35 ਜ਼ਰੂਰੀ ਦਵਾਈਆਂ ਦੀਆਂ ਪਰਚੂਨ ਕੀਮਤਾਂ ਘਟਾਈਆਂ ਹਨ। ਕੀਮਤਾਂ ’ਚ ਕਟੌਤੀ ਨਾਲ ਖਪਤਕਾਰਾਂ, ਖ਼ਾਸ ਕਰ ਕੇ ਪੁਰਾਣੀਆਂ ਬਿਮਾਰੀਆਂ ਨਾਲ ਜੂਝ ਰਹੇ ਮਰੀਜ਼ਾਂ ਨੂੰ ਵੱਡੀ ਰਾਹਤ ਮਿਲਣ ਦੀ ਉਮੀਦ ਹੈ। ਘੱਟ ਕੀਮਤ ਵਾਲੀਆਂ ਦਵਾਈਆਂ ’ਚ ਸੋਜ-ਰੋਕੂ, ਦਿਲ ਦੇ ਰੋਗ ਸੰਬੰਧੀ, ਐਂਟੀਬਾਇਓਟਿਕ, ਡਾਇਬਟੀਜ਼-ਰੋਕੂ ਤੇ ਮਾਨਸਿਕ ਰੋਗਾਂ ਨਾਲ ਸੰਬੰਧਿਤ ਦਵਾਈਆਂ ਸਣੇ ਕਈ ਤਰ੍ਹਾਂ ਦੀਆਂ ਹੋਰ ਦਵਾਈਆਂ ਵੀ ਸ਼ਾਮਲ ਹਨ।
ਰਸਾਇਣ ਤੇ ਖਾਦ ਮੰਤਰਾਲੇ ਨੇ ਐੱਨਪੀਪੀਏ ਵੱਲੋਂ ਕੀਮਤ ਰੈਗੂਲੇਟ ਕਰਨ ਦੇ ਆਧਾਰ ’ਤੇ ਇਸ ਹੁਕਮ ਨੂੰ ਨੋਟੀਫਾਈ ਕੀਤਾ ਹੈ। ਇਸ ਕੀਮਤ ਕੰਟਰੋਲ ਹੁਕਮ ਅਧੀਨ ਆਉਣ ਵਾਲੀਆਂ ਪ੍ਰਮੁੱਖ ਦਵਾਈਆਂ ਵਿਚ ਐਸੀਕਲੋਫੇਨਾਕ, ਪੈਰਾਸਿਟਾਮੋਲ, ਟ੍ਰਿਪਸਿਨ ਕਾਈਮੋਟ੍ਰਿਪਸਿਨ, ਐਮੋਕਸਿਸਿਲਿਨ, ਪੋਟਾਸ਼ੀਅਮ ਕਲੈਵੁਲਨੇਟ, ਐਟੋਰਵਾਸਟੇਟਿਨ ਦੇ ਨਾਲ-ਨਾਲ ਐਂਪਾਗਲੀਫਲੋਜ਼ਿਨ, ਸਿਟਾਗਲਿਪਟਿਨ ਤੇ ਮੈਟਫਾਰਮਿਨ ਵਰਗੀਆਂ ਨਵੀਆਂ ਡਾਇਬਟੀਜ਼-ਰੋਕੂ ਦਵਾਈਆਂ ਵੀ ਸ਼ਾਮਲ ਹਨ।
ਜ਼ਿਕਰਯੋਗ ਹੈ ਕਿ ਐੱਨਪੀਪੀਏ ਰਸਾਇਣ ਤੇ ਖਾਦ ਮੰਤਰਾਲੇ ਅਧੀਨ ਕੰਮ ਕਰਦਾ ਹੈ। ਇਹ ਭਾਰਤ ਵਿਚ ਦਵਾਈਆਂ ਦੀਆਂ ਕੀਮਤਾਂ ਤੈਅ ਕਰਨ, ਸੋਧਣ ਅਤੇ ਦਵਾਈਆਂ ਦੀਆਂ ਕੀਮਤਾਂ ਦੀ ਨਿਗਰਾਨੀ ਲਈ ਜ਼ਿੰਮੇਵਾਰ ਹੈ। ਦਰਅਸਲ, ਏਕਮਸ ਡਰੱਗਸ ਐਂਡ ਫਾਰਮਾਸਿਊਟੀਕਲਜ਼ ਵੱਲੋਂ ਬਣਾਈ ਗਈ ਅਤੇ ਡਾ. ਰੈਡੀਜ਼ ਲੈਬੋਰੇਟਰੀਜ਼ ਵੱਲੋਂ ਵੇਚੀ ਜਾਣ ਵਾਲੀ ਇਕ ਐਸੀਕਲੋਫੇਨਾਕ-ਪੈਰਾਸੀਟਾਮੋਲ-ਟ੍ਰਿਪਸਿਨ ਕਾਈਮੋਟ੍ਰਿਪਸਿਨ ਟੈਬਲਟ ਦੀ ਕੀਮਤ ਹੁਣ 13 ਰੁਪਏ ਤੈਅ ਕੀਤੀ ਗਈ ਹੈ ਜਦਕਿ ਕੈਡਿਲਾ ਫਾਰਮਾਸਿਊਟੀਕਲਜ਼ ਵੱਲੋਂ ਵੇਚੀ ਜਾਣ ਵਾਲੀ ਇਸੇ ਫਾਰਮੂਲੇਸ਼ਨ ਦੀ ਕੀਮਤ ਹੁਣ 15.01 ਰੁਪਏ ਹੈ। ਇਸੇ ਤਰ੍ਹਾਂ ਐਟੋਰਵਾਸਟੇਟਿਨ 40 ਮਿਲੀਗ੍ਰਾਮ ਤੇ ਕਲੋਪੀਡੋਗ੍ਰੇਲ 75 ਮਿਲੀਗ੍ਰਾਮ ਵਾਲੀ ਇਕ ਟੈਬਲਟ ਦੀ ਕੀਮਤ 25.61 ਰੁਪਏ ਹੈ ਜਿਸ ਦੀ ਵੱਡੇ ਪੱਧਰ ’ਤੇ ਦਿਲ ਸੰਬੰਧੀ ਸਮੱਸਿਆਵਾਂ ’ਚ ਵਰਤੋਂ ਕੀਤੀ ਜਾਂਦੀ ਹੈ।
ਘੱਟ ਕੀਮਤ ਵਾਲੀਆਂ ਦਵਾਈਆਂ ਵਿਚ ਬੱਚਿਆਂ ਦੀ ਮੈਡੀਕਲ ਵਰਤੋਂ ਲਈ ਸੈਫਿਕਸਿਮ ਤੇ ਪੈਰਾਸੀਟਾਮੋਲ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਸ ਦੇ ਨਾਲ-ਨਾਲ ਵਿਟਾਮਿਨ ਡੀ ਸਪਲੀਮੈਂਟ ਲਈ ਕੋਲੇਕੈਲਸੀਫੇਰੋਲ ਡ੍ਰਾਪਸ ਤੇ ਡਿਕਲੋਫੇਨਾਕ ਇੰਜੈਕਸ਼ਨ ਵਰਗੀਆਂ ਮਹੱਤਵਪੂਰਨ ਦਵਾਈਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਜਿਨ੍ਹਾਂ ਦੀ ਕੀਮਤ 31.77 ਰੁਪਏ ਪ੍ਰਤੀ ਮਿਲੀਲੀਟਰ ਹੈ।
ਅਧਿਕਾਰਤ ਹੁਕਮ ਵਿਚ ਕਿਹਾ ਗਿਆ ਹੈ ਕਿ ਪਰਚੂਨ ਵਿਕਰੇਤਾਵਾਂ ਤੇ ਡੀਲਰਾਂ ਨੂੰ ਇਨ੍ਹਾਂ ਅਪਡੇਟ ਕੀਮਤਾਂ ਦੀ ਸੂਚੀ ਨੂੰ ਆਪਣੇ ਕੰਪਲੈਕਸ ’ਚ ਪ੍ਰਮੁੱਖਤਾ ਨਾਲ ਦਰਸਾਉਣਾ ਪਵੇਗਾ। ਜੇਕਰ ਨੋਟੀਫਾਈ ਕੀਤੀਆਂ ਕੀਮਤਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ ਤਾਂ ਡੀਪੀਸੀਓ, 2013 ਤੇ ਜ਼ਰੂਰੀ ਵਸਤੂ ਐਕਟ, 1955 ਤਹਿਤ ਸਜ਼ਾਯੋਗ ਧਾਰਾਵਾਂ ਲਾਗੂ ਹੋ ਸਕਦੀਆਂ ਹਨ। ਇਸ ਵਿਚ ਦਵਾਈ ਦੀ ਵੱਧ ਕੀਮਤ ਦੀ ਵਸੂਲੀ ਤੇ ਵਿਆਜ ਵੀ ਸ਼ਾਮਲ ਹੈ।
ਐੱਨਪੀਪੀਏ ਨੇ ਸਪੱਸ਼ਟ ਕੀਤਾ ਹੈ ਕਿ ਤੈਅ ਕੀਮਤਾਂ ਵਿਚ ਵਸਤੂ ਤੇ ਸੇਵਾ ਕਰ (ਜੀਐੱਸਟੀ) ਸ਼ਾਮਲ ਨਹੀਂ ਹੈ ਪਰ ਜੇ ਲੋੜ ਪਈ ਤਾਂ ਇਸ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ। ਨਿਰਮਾਤਾਵਾਂ ਨੂੰ ਸਾਰੀਆਂ ਕਾਨੂੰਨੀ ਜ਼ਰੂਰਤਾਂ ਦੀ ਪਾਲਣਾ ਕਰਨੀ ਪਵੇਗੀ, ਏਕੀਕ੍ਰਿਤ ਦਵਾਈ ਡਾਟਾਬੇਸ ਮੈਨੇਜਮੈਂਟ ਪ੍ਰਣਾਲੀ ਜ਼ਰੀਏ ਫਾਰਮ V ਵਿਚ ਅਪਡੇਟ ਕੀਮਤ ਸੂਚੀ ਜਾਰੀ ਕਰਨੀ ਪਵੇਗੀ ਅਤੇ ਐੱਨਪੀਪੀਏ ਤੇ ਸਟੇਟ ਡਰੱਗ ਕੰਟਰੋਲਰਾਂ ਨੂੰ ਵੀ ਇਸ ਬਾਰੇ ਜਾਣਕਾਰੀ ਪੇਸ਼ ਕਰਨੀ ਪਵੇਗੀ।
