‘ਪਾਕਿਸਤਾਨ ‘ਚ ਕੋਈ ਤੇਲ ਭੰਡਾਰ ਨਹੀਂ, ਆਸਿਮ ਮੁਨੀਰ ਨੇ ਕੀਤਾ ਗੁਮਰਾਹ’
ਨਵੀਂ ਦਿੱਲੀ –ਅਮਰੀਕੀ ਰਾਸ਼ਟਰਪਤੀ ਨੇ ਬੁੱਧਵਾਰ ਨੂੰ ਪਾਕਿਸਤਾਨ ਨਾਲ ਐਨਰਜੀ ਡੀਲ ਦਾ ਐਲਾਨ ਕੀਤਾ ਸੀ। ਇਸ ਡੀਲ ਤਹਿਤ ਪਾਕਿਸਤਾਨ ‘ਚ ਤੇਲ ਭੰਡਾਰਾਂ (Pakistan Oil Reserves News) ਦੇ ਵਿਕਾਸ ‘ਤੇ ਕੰਮ ਕੀਤਾ ਜਾਣਾ ਹੈ। ਇਸ ਸਬੰਧ ‘ਚ ਪਾਕਿਸਤਾਨ ਦੇ ਬਲੋਚ ਸੂਬੇ ਦੇ ਆਗੂ ਮੀਰ ਯਾਰ ਬਲੂਚ ਨੇ ਟਰੰਪ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਪਾਕਿਸਤਾਨ ‘ਚ ਕੋਈ ਤੇਲ ਭੰਡਾਰ ਨਹੀਂ ਹੈ। ਬਲਕਿ ਜਨਰਲ ਆਸਿਮ ਮੁਨੀਰ ਨੇ ਗੁਮਰਾਹ ਕੀਤਾ ਹੈ।
ਬਲੋਚ ਆਗੂ ਮੀਰ ਯਾਰ ਬਲੋਚ ਨੇ ਇਸਲਾਮਾਬਾਦ ਦੇ ਦਾਅਵਿਆਂ ਨੂੰ ਪੂਰੀ ਤਰ੍ਹਾਂ ਖਾਰਜ ਕਰ ਦਿੱਤਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਸ ਖੇਤਰ ਦੇ ਤੇਲ, ਗੈਸ, ਤਾਂਬਾ, ਲਿਥੀਅਮ, ਯੂਰੇਨੀਅਮ ਤੇ ਦੁਰਲਭ ਮਿਟੀ ਖਣਿਜਾਂ ਦੇ ਭੰਡਾਰ ਬਲੋਚਿਸਤਾਨ ਦੇ ਖੇਤਰ ‘ਚ ਹਨ, ਨਾ ਕਿ ਪੰਜਾਬ ਜਾਂ ਵਿਆਪਕ ਪਾਕਿਸਤਾਨ ‘ਚ ਅਤੇ ਇਹ ਪੂਰੀ ਤਰ੍ਹਾਂ ਬਲੋਚਾਂ ਦੇ ਹਨ।
ਜੂਨ 2025 ‘ਚ ਵ੍ਹਾਈਟ ਹਾਊਸ ‘ਚ ਪਾਕਿਸਤਾਨੀ ਫੌਜ ਦੇ ਮੁਖੀ ਆਸਿਮ ਮੁਨੀਰ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਕਾਰ ਹੋਈ ਇਕ ਹਾਈ-ਪ੍ਰੋਫਾਈਲ ਲੰਚ ਮੀਟਿੰਗ ‘ਚ ਬਲੋਚਿਸਤਾਨ ਦੇ ਮਹੱਤਵਪੂਰਨ ਖਣਿਜਾਂ ਦੇ ਵਿਸ਼ਾਲ ਭੰਡਾਰ ‘ਤੇ ਗੱਲਬਾਤ ਕੀਤੀ ਗਈ ਸੀ।
ਪਾਕਿਸਤਾਨ ਦਾ ਬਲੋਚਿਸਤਾਨ ਕੁਦਰਤੀ ਸਰੋਤਾਂ ਨਾਲ ਭਰਪੂਰ ਹੈ। ਹੁਣ ਇਸ ਖੇਤਰ ‘ਤੇ ਅਮਰੀਕਾ ਦੀ ਨਜ਼ਰ ਹੈ। ਅਮਰੀਕਾ-ਪਾਕਿਸਤਾਨ ਮਹੱਤਵਪੂਰਨ ਖਣਿਜਾਂ ਦੇ ਸੌਦੇ ‘ਤੇ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ‘ਚ ਗੱਲਬਾਤ ਹੋਈ ਸੀ। ਇਸ ਦੌਰਾਨ ਇਕ ਸੰਸਦ ਮੈਂਬਰ ਨੂੰ ਇਹ ਕਹਿੰਦੇ ਸੁਣਿਆ ਗਿਆ ਕਿ ਆਸੀਮ ਮੁਨੀਰ ਬਲੋਚਿਸਤਾਨ ਦੇ ਦੁਰਲਭ ਖਣਿਜਾਂ ‘ਤੇ ਟਰੰਪ ਨਾਲ ਸਮਝੌਤਾ ਕਰਨ ਵਾਸਤੇ ਵਾਸ਼ਿੰਗਟਨ ਗਏ ਸਨ।
ਮੀਰ ਯਾਰ ਬਲੋਚ ਨੇ ਜਨਰਲ ਆਸਿਮ ਮੁਨੀਰ ਅਤੇ ਇਸਲਾਮਾਬਾਦ ਦੇ ਸਿਆਸੀ ਮਾਧਿਅਮਾਂ ‘ਤੇ ਅਮਰੀਕੀ ਅਧਿਕਾਰੀਆਂ ਸਾਹਮਣੇ ਜਾਣਬੁੱਝ ਕੇ ਗਲਤ ਜਾਣਕਾਰੀ ਪੇਸ਼ ਕਰਨ ਦਾ ਦੋਸ਼ ਮੜ੍ਹਿਆ। ਉਨ੍ਹਾਂ ਟਰੰਪ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਪਾਕਿਸਤਾਨ ਕੋਲ ਕੋਈ ਤੇਲ ਭੰਡਾਰ ਨਹੀਂ ਹੈ। ਜਨਰਲ ਮੁਨੀਰ ਨੇ ਟਰੰਪ ਨੂੰ ਝੂਠੀ ਜਾਣਕਾਰੀ ਦੇ ਕੇ ਗੁਮਰਾਹ ਕੀਤਾ ਹੈ। ਬਲੋਚਿਸਤਾਨ ‘ਚ ਮਹੱਤਵਪੂਰਨ ਵਸੀਲਿਆਂ ‘ਤੇ ਸਿਰਫ ਬਲੋਚਾਂ ਦਾ ਹੱਕ ਹੈ।
ਮੀਰ ਯਾਰ ਬਲੋਚ ਨੇ ਕਿਹਾ ਕਿ ਬਲੋਚਿਸਤਾਨ ਬਿਕਵਾਲੀ ਲਈ ਨਹੀਂ ਹੈ। ਉਨ੍ਹਾਂ ਅਮਰੀਕਾ ਤੇ ਪਾਕਿਸਤਾਨ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਬਲੋਚ ਲੋਕਾਂ ਦੀ ਸਾਫ ਸਹਿਮਤੀ ਦੇ ਬਿਨਾਂ ਇਸ ਦੀ ਜ਼ਮੀਨ ਜਾਂ ਖਣਿਜਾਂ ਦਾ ਇਸਤੇਮਾਲ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਬਲੋਚ ਆਗੂ ਮੀਰ ਯਾਰ ਬਲੋਚ ਨੇ ਆਪਣੀ ਇਕ ਪੋਸਟ ‘ਚ ਲਿਖਿਆ, “ਪਾਕਿਸਤਾਨ ਦੀ ਕੱਟੜਪੰਥੀ ਫੌਜ ਨੂੰ ਬਲੋਚਿਸਤਾਨ ਦੇ ਖਰਬਾਂ ਡਾਲਰ ਦੇ ਦੁਰਲੱਭ ਖਣਿਜ ਭੰਡਾਰ ਦਾ ਇਸਤੇਮਾਲ ਕਰਨ ਦੀ ਇਜਾਜ਼ਤ ਦੇਣਾ ਇਕ ਗੰਭੀਰ ਸਿਆਸੀ ਭੁੱਲ ਹੋਵੇਗੀ। ਅਜਿਹੀ ਪਹੁੰਚ ਆਈਐਸਆਈ ਦੇ ਸੰਚਾਲਨ ਤੇ ਵਿੱਤੀ ਸਮਰੱਥਾਵਾਂ ‘ਚ ਵਾਧਾ ਕਰੇਗੀ, ਜਿਸ ਨਾਲ ਉਹ ਆਪਣੇ ਵਿਸ਼ਵ ਪੱਧਰੀ ਆਤੰਕੀ ਨੈੱਟਵਰਕ ਦਾ ਵਿਸਥਾਰ ਕਰ ਸਕੇਗਾ। ਇਸ ਨਾਲ ਉਹ ਅੱਤਵਾਦੀਆਂ ਦੀ ਭਰਤੀ ਕਰ ਸਕੇਗਾ, ਅਤੇ ਸੰਭਵ ਤੌਰ ‘ਤੇ 9/11 ਵਰਗੇ ਵੱਡੇ ਹਮਲੇ ਕਰ ਸਕੇਗਾ।”
ਉਨ੍ਹਾਂ ਅੱਗੇ ਲਿਖਿਆ ਕਿ ਅਸੀਂ ਸੰਯੁਕਤ ਰਾਜ ਅਮਰੀਕਾ ਸਮੇਤ ਅੰਤਰਰਾਸ਼ਟਰੀ ਸਮੂਹ ਤੋਂ ਅਪੀਲ ਕਰਦੇ ਹਾਂ ਕਿ ਉਹ ਇਨ੍ਹਾਂ ਸੱਚਾਈਆਂ ਨੂੰ ਪਛਾਣਨ ਅਤੇ ਬਲੋਚ ਲੋਕਾਂ ਦੀ ਆਜ਼ਾਦੀ ਅਤੇ ਆਪਣੀ ਮਾਤਭੂਮੀ ਅਤੇ ਕੁਦਰਤੀ ਜਾਇਦਾਦ ‘ਤੇ ਕੰਟਰੋਲ ਦੀਆਂ ਵੈਲਿਡ ਖਾਹਸ਼ਾਂ ਦਾ ਸਮਰਥਨ ਕਰਨ।
