ਸਿਹਤ ਵਿਭਾਗ ਨੇ ਦਰਿਆ ਪਾਰ 9 ਗਰਭਵਤੀ ਮਹਿਲਾਵਾਂ ‘ਚੋਂ 2 ਦਾ ਕਰਵਾਇਆ ਜਣੇਪਾ
ਗੁਰਦਾਸਪੁਰ –ਮਕੌੜਾ ਪੱਤਣ ’ਤੇ ਰਾਵੀ ਦਰਿਆ ਪਾਰ ਵੱਸੇ ਪਿੰਡਾਂ ਵਿਚ ਗਰਭਵਤੀ ਔਰਤਾਂ ਤੇ ਹੋਰਨਾਂ ਮਰੀਜ਼ਾਂ ਨੂੰ ਦਰਪੇਸ਼ ਸਿਹਤ ਸੇਵਾਵਾਂ ਦੇ ਮਸਲੇ ਨੂੰ ਪੰਜਾਬੀ ਜਾਗਰਣ ਵੱਲੋਂ ਅਹਿਮੀਅਤ ਨਾਲ ਉਠਾਏ ਜਾਣ ਤੋਂ ਬਾਅਦ ਸਿਹਤ ਵਿਭਾਗ ਲਗਾਤਾਰ ਸਰਗਰਮੀ ਦਿਖਾ ਰਿਹਾ ਹੈ। ਦਰਿਆ ਪਾਰ 9 ਗਰਭਵਤੀ ਔਰਤਾਂ ਵਿੱਚੋਂ 2 ਔਰਤਾਂ ਨੂੰ ਸਿਹਤ ਵਿਭਾਗ ਨੇ ਦਰਿਆ ਦੇ ਇਸ ਪਾਰ ਲਿਆ ਕੇ ਉਨ੍ਹਾਂ ਦੇ ਮਰਜ਼ੀ ਵਾਲੇ ਸ਼ਹਿਰਾਂ ਵਿਚ ਸਰਕਾਰੀ ਹਸਪਤਾਲਾਂ ਵਿਚ ਦਾਖਲ ਕਰਵਾ ਕੇ ਜਣੇਪਾ ਕਰਵਾ ਦਿੱਤਾ ਹੈ। ਇਸ ਤੋਂ ਇਲਾਵਾ ਕੁਝ ਹੋਰ ਔਰਤਾਂ ਜਿਨ੍ਹਾਂ ਦਾ ਜਣੇਪਾ ਸਤੰਬਰ-ਅਕਤੂਬਰ ਮਹੀਨੇ ਸੰਭਾਵਤ ਹੈ, ਉਨ੍ਹਾਂ ਨੂੰ ਦਰਿਆ ਦੇ ਆਰ ਪਿੰਡਾਂ ਵਿਚ ਰਿਸ਼ਤੇਦਾਰਾਂ ਜਾਂ ਜਾਣਕਾਰਾਂ ਕੋਲ ਪਹੁੰਚਾ ਦਿੱਤਾ ਗਿਆ ਹੈ। ਇਹ ਪ੍ਰਗਟਾਵਾ ਸਿਵਲ ਸਰਜਨ ਗੁਰਦਾਸਪੁਰ ਡਾ. ਜਸਵਿੰਦਰ ਸਿੰਘ ਨੇ ਗੱਲਬਾਤ ਦੌਰਾਨ ਕੀਤਾ।
ਸਿਵਲ ਸਰਜਨ ਗੁਰਦਾਸਪੁਰ ਡਾ. ਜਸਵਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਮਕੌੜਾ ਪੱਤਣ ਤੋਂ ਦਰਿਆ ਦੇ ਪਾਰ ਵਾਲੇ ਪਿੰਡਾਂ ਨੂੰ ਬੁਨਿਆਦੀ ਸਿਹਤ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਦਰਿਆ ਪਾਰ ਦੇ 7 ਪਿੰਡਾਂ ਵਿਚ ਰਹਿ ਰਹੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਿਹਤ ਸਹੂਲਤ ਦੀ ਘਾਟ ਮਹਿਸੂਸ ਨਾ ਹੋਵੇ। ਵਰਨਣਯੋਗ ਹੈ ਕਿ ਹਰ ਸਾਲ ਮੌਨਸੂਨ ਸੀਜ਼ਨ ਵਿਚ ਦਰਿਆ ਰਾਵੀ ਵਿਚ ਪਾਣੀ ਜ਼ਿਆਦਾ ਆਉਣ ਕਾਰਨ ਖੇਤਰ ਦੇ ਕੁਝ ਪਿੰਡ ਬਾਕੀ ਹਿੱਸੇ ਤੋਂ ਕੱਟੇ ਜਾਂਦੇ ਹਨ। ਬੁੱਧਵਾਰ-ਵੀਰਵਾਰ ਕਰੀਬ 24 ਘੰਟੇ ਤੱਕ ਰਾਵੀ ਵਿਚ ਪਾਣੀ ਦਾ ਪੱਧਰ ਵੱਧਣ ਕਰ ਕੇ ਕਿਸ਼ਤੀ ਵੀ ਨਹੀਂ ਚੱਲ ਸਕੀ ਸੀ ਅਤੇ ਇਹ ਪਿੰਡ ਅਜਿਹੀ ਸਥਿਤੀ ਵਿਚ ਟਾਪੂ ਬਣ ਜਾਂਦੇ ਹਨ।
ਸਿਵਲ ਸਰਜਨ ਡਾ. ਜਸਵਿੰਦਰ ਸਿੰਘ ਨੇ ਦੱਸਿਆ ਕਿ ਦਰਿਆ ਪਾਰ ਵਾਲੇ ਕਰੀਬ 7 ਪਿੰਡਾਂ ਵਿਚ 9 ਗਰਭਵਤੀ ਔਰਤਾਂ ਰਜਿਸਟਰ ਹਨ। 2 ਔਰਤਾਂ ਦਾ ਜਣੇਪਾ ਹੋਣ ’ਤੇ 7 ਔਰਤਾਂ ਦਾ ਜਣੇਪਾ ਹੋਣਾ ਬਾਕੀ ਹੈ। ਇਨ੍ਹਾਂ ਮਾਵਾਂ ਵਿੱਚੋਂ ਜਿਨ੍ਹਾਂ ਦਾ ਜਣੇਪਾ ਅਕਤੂਬਰ ਮਹੀਨੇ ਹੋਣਾ ਹੈ, ਉਨ੍ਹਾਂ ਨੂੰ ਦਰਿਆ ਆਰ ਦੇ ਪਿੰਡਾਂ ਵਿਚ ਲੈ ਆਂਉਦਾ ਹੈ। ਸਿਹਤ ਅਮਲੇ ਵੱਲੋਂ ਇਨ੍ਹਾਂ ਦਾ ਮੁਆਇਨਾ ਕੀਤਾ ਜਾ ਰਿਹਾ ਹੈ, ਇਹ ਠੀਕ-ਠਾਕ ਹਨ। ਗਰਭਵਤੀ ਮਾਵਾਂ ਨੂੰ ਸੰਸਥਾਗਤ ਜਣੇਪੇ ਲਈ ਪ੍ਰੇਰਿਤ ਕੀਤਾ ਗਿਆ ਹੈ। ਇਨ੍ਹਾਂ ਨੂੰ ਸਮੇਂ ਸਿਰ ਸਿਹਤ ਸੰਸਥਾ ਵਿਚ ਭੇਜਿਆ ਜਾਵੇਗਾ। ਬਾਕੀ ਗਰਭਵਤੀ ਮਾਵਾਂ ਵੀ ਠੀਕ ਹਨ ਤੇ ਲਗਾਤਾਰ ਸਿਹਤ ਅਮਲੇ ਦੇ ਸੰਪਰਕ ਵਿਚ ਹਨ। ਦਰਿਆ ਪਾਰ ਵਾਲੇ ਪਿੰਡਾਂ ਵਿਚ ਮਰੀਜ਼ਾਂ ਦਾ ਮੁਆਇਨਾ ਆਯੂਸ਼ਮਾਨ ਅਰੋਗਿਆ ਕੇਂਦਰ ਤੂਰ ਚਿੱਬ ਦੇ ਕਮਿਊਨਿਟੀ ਹੈਲਥ ਅਫ਼ਸਰ ਵੱਲੋਂ ਕੀਤਾ ਜਾ ਰਿਹਾ ਹੈ ਤੇ ਸਰਕਾਰ ਵੱਲੋਂ ਦਵਾਈਆਂ ਮੁਫ਼ਤ ਦਿੱਤੀਆਂ ਜਾ ਰਹੀਆਂ ਹਨ। ਸਿਹਤ ਵਿਭਾਗ ਦੇ ਆਯੂਸ਼ਮਾਨ ਅਰੋਗਿਆ ਕੇਂਦਰ ਤੂਰ ਚਿੱਬ (ਦਰਿਆ ਪਾਰ ਮੌਜੂਦ ਸਿਹਤ ਕੇਂਦਰ) ਦੇ ਮੁਲਾਜ਼ਮ ਸਮੇਂ-ਸਮੇਂ ਪਿੰਡਾਂ ਦਾ ਸਰਵੇ ਕਰਦੇ ਹਨ। ਸਹੂਲਤ ਦੇ ਤੌਰ ’ਤੇ ਸੀਨੀਅਰ ਮੈਡੀਕਲ ਅਫ਼ਸਰ, ਸੀਐੱਚਓ, ਆਸ਼ਾ ਵਰਕਰਾਂ ਦਾ ਫੋਨ ਨੰਬਰ ਸੈਂਟਰ ਤੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਚ ਲਿਖੇ ਗਏ ਹਨ। ਉਨ੍ਹਾਂ ਦੱਸਿਆ ਕਿ ਦਰਿਆ ਪਾਰ ਪਿੰਡਾਂ ਦਾ 5 ਟੀਮਾਂ ਨੇ ਘਰ-ਘਰ ਜਾ ਕੇ ਸਰਵੇ ਕਰ ਲਿਆ ਹੈ।
